ਨਵਾਂ ਫਰਜ਼ੀਵਾੜਾ : ਲੱਖਾਂ ਕਮਾਉਣ ਦੇ ਚੱਕਰ ਵਿਚ ਟ੍ਰੈਵਲ ਏਜੰਟਾਂ ਨੇ ਕਈਆਂ ’ਤੇ ਲਗਵਾ ਦਿੱਤਾ 10 ਸਾਲ ਦਾ ਬੈਨ

Tuesday, Feb 27, 2024 - 10:32 AM (IST)

ਨਵਾਂ ਫਰਜ਼ੀਵਾੜਾ : ਲੱਖਾਂ ਕਮਾਉਣ ਦੇ ਚੱਕਰ ਵਿਚ ਟ੍ਰੈਵਲ ਏਜੰਟਾਂ ਨੇ ਕਈਆਂ ’ਤੇ ਲਗਵਾ ਦਿੱਤਾ 10 ਸਾਲ ਦਾ ਬੈਨ

ਜਲੰਧਰ (ਸੁਧੀਰ) - ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਡਾਲਰਾਂ-ਪੌਂਡਾਂ ਦੇ ਸੁਨਹਿਰੀ ਸੁਪਨੇ ਦਿਖਾ ਕੇ, ਯੂ. ਕੇ. ’ਚ ਵਰਕ ਪਰਮਿਟ ਦਵਉਣ ਦਾ ਝਾਂਸਾ ਦੇ ਕੇ ਤੇ ਉਥੇ ਲੱਖਾਂ ਰੁਪਏ ਮਹੀਨਾ ਕਮਾਉਣ ਦੇ ਨਾਲ-ਨਾਲ ਕੁਝ ਸਮੇਂ ਬਾਅਦ ਉਥੇ ਹੀ ਪੀ. ਆਰ. ਹੋਣ ਦੀ ਗੱਲ ਕਹਿ ਕੇ ਲੋਕਾਂ ਨਾਲ ਹੈਲਥਕੇਅਰ, ਕੰਸਟਰੱਕਸ਼ਨ ਤੇ ਆਈ. ਟੀ. ਸੈਕਟਰ ’ਚ ਹੋਏ ਫਰਜ਼ੀਵਾੜੇ ਤੋਂ ਬਾਅਦ ਹੁਣ ਕਥਿਤ ਤੌਰ ’ਤੇ ਟ੍ਰੈਵਲ ਏਜੰਟਾਂ ਵੱਲੋਂ ਮੈਕਸੀਕੋ ਰਾਹੀਂ ਅਮਰੀਕਾ ਵਿਚ ‘ਡੌਂਕੀ’ ਲੁਆ ਕੇ ਭੇਜਣ ਦਾ ਫਰਜ਼ੀਵਾੜਾ ਸਾਹਮਣੇ ਆ ਰਿਹਾ ਹੈ।

ਸੂਤਰਾਂ ਮੁਤਾਬਕ ਪੰਜਾਬ ਦੇ ਕਈ ਕਥਿਤ ਟ੍ਰੈਵਲ ਏਜੰਟਾਂ ਨੇ ਯੂ. ਕੇ. ਵਰਕ ਪਰਮਿਟ ਦੇ ਨਾਂ ’ਤੇ ਲੱਖਾਂ-ਕਰੋੜਾਂ ਰੁਪਏ ਕਮਾ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ, ਜਿਸ ਕਾਰਨ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਵੀ ਹੁਣ ਉਨ੍ਹਾਂ ਨੂੰ ਉਥੇ ਕੰਮ ਨਹੀਂ ਮਿਲ ਰਿਹਾ ਤੇ ਕੰਪਨੀਆਂ ਬੰਦ ਹੋਣ ’ਤੇ ਉਨ੍ਹਾਂ ਦੇ ਸਿਰ ’ਤੇ ਇਲ-ਲੀਗਲ ਹੋਣ ਦੀ ਤਲਵਾਰ ਵੀ ਲਟਕਣ ਲੱਗੀ ਹੈ।

ਇਹ ਵੀ ਪੜ੍ਹੋ :    WTO ਦੀਆਂ ਨੀਤੀਆਂ ਪੰਜਾਬ ਤੇ ਦੇਸ਼ ਨੂੰ ਕਰ ਦੇਣਗੀਆਂ ਬਰਬਾਦ, ਦੇਸ਼ ਦੇ ਕਿਸਾਨਾਂ ’ਤੇ ਤਸ਼ੱਦਦ ਕਰ ਰਹੇ ਪ੍ਰਧਾਨ ਮੰਤਰੀ

ਸੂਤਰਾਂ ਨੇ ਦੱਸਿਆ ਕਿ ਸੂਬੇ ਭਰ ਵਿਚ ਕਈ ਕਥਿਤ ਟ੍ਰੈਵਲ ਏਜੰਟਾਂ ਨੇ ਵਰਕ ਪਰਮਿਟ ਦੇ ਨਾਂ ’ਤੇ ਅਜਿਹੀ ਖੇਡ ਖੇਡੀ ਤੇ ਲੋਕਾਂ ਨੂੰ ਯੂ. ਕੇ. ਤੋਂ ਮੈਕਸੀਕੋ ਅਤੇ ਉਥੋਂ ‘ਡੌਂਕੀ’ ਲੁਆ ਕੇ ਅਮਰੀਕਾ ਭੇਜਣ ਦੇ ਨਾਂ ’ਤੇ ਇਕ ਹੀ ਵਰਕ ਪਰਮਿਟ ’ਤੇ ਲੱਖਾਂ ਰੁਪਏ ਵੱਖਰੇ ਤੌਰ ’ਤੇ ਕਮਾ ਲਏ ਹਨ। ਜੇਕਰ ਯੂ. ਕੇ. ਹੈਲਥਕੇਅਰ, ਆਈ. ਟੀ. ਸੈਕਟਰ ਤੇ ਕੰਸਟਰੱਕਸ਼ਨ ਕੈਟਾਗਰੀ ਵਿਚ ਕੋਈ ਇਨ੍ਹਾਂ ਦੇ ਹੱਥੇ ਚੜ੍ਹ ਕੇ ਆਪਣਾ ਬਿਨੈ-ਪੱਤਰ ਅਪਲਾਈ ਕਰਦਾ ਸੀ ਤਾਂ ਕਈ ਟ੍ਰੈਵਲ ਕਾਰੋਬਾਰੀ ਵਰਕ ਪਰਮਿਟ ਦੇ ਨਾਂ ’ਤੇ ਇਕ ਬਿਨੈਕਾਰ ਤੋਂ 30 ਤੋਂ 40 ਲੱਖ ਰੁਪਏ ਤਾਂ ਲੈਂਦੇ ਹੀ ਸਨ ਜਦਕਿ ਉਸਦੇ ਨਾਲ ਹੀ ਫਰਜ਼ੀ ਸਪਾਊਸ ਬਣਾ ਕੇ ਉਸ ਦਾ ਵਰਕ ਪਰਮਿਟ ਲੁਆਉਣ ਤੇ ਬਾਅਦ ’ਚ ਉਸ ਨੂੰ ਉਥੋਂ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਸਪਾਊਸ ਤੋਂ 50 ਤੋਂ 60 ਲੱਖ ਰੁਪਏ ਵੱਖ ਤੋਂ ਲੈਂਦੇ ਸਨ।

ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਬਿਨੈਕਾਰ ਕੋਲ ਯੂ. ਕੇ. ਦਾ ਵੈਲਿਡ ਵੀਜ਼ਾ ਹੁੰਦਾ ਹੈ ਤਾਂ ਉਸ ਨੂੰ ਮੈਕਸੀਕੋ ਵਿਚ ਆਨ-ਅਰਾਈਵਲ ਵੀਜ਼ਾ ਮਿਲਦਾ ਸੀ। ਬਸ ਇਸੇ ਗੱਲ ਦਾ ਕੁਝ ਟ੍ਰੈਵਲ ਕਾਰੋਬਾਰੀਆਂ ਨੇ ਖੂਬ ਫਾਇਦਾ ਉਠਾਇਆ। ਇਕ ਵਰਕ ਪਰਮਿਟ ’ਤੇ ਸਪਾਊਸ ਨੂੰ ਨਾਲ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਕਮਾ ਕੇ ਆਪਣੀਆਂ ਜੇਬਾਂ ਵਿਚ ਪਾ ਲਏ। ਇਸ ਫਰਜ਼ੀਵਾੜੇ ਦਾ ਪਤਾ ਲੱਗਣ ’ਤੇ ਹੁਣ ਯੂ. ਕੇ. ਸਰਕਾਰ ਮਾਰਚ/ਅਪ੍ਰੈਲ ਤੋਂ ਸਪਾਊਸ ਵੀਜ਼ੇ ’ਤੇ ਪਾਬੰਦੀ ਲਾ ਸਕਦੀ ਹੈ। ਯੂ. ਕੇ. ਸਰਕਾਰ ਨੇ ਇਸ ਫਰਜ਼ੀਵਾੜੇ ਨੂੰ ਦੇਖਦੇ ਹੋਏ ਲਗਭਗ ਇਕ ਹਜ਼ਾਰ ਕੰਪਨੀਆਂ ਦੇ ਲਾਇਸੈਂਸ ਤਕ ਰੱਦ ਕਰ ਦਿੱਤੇ ਹਨ, ਜਿਸ ਕਾਰਨ ਪੰਜਾਬ ਵਿਚ ਵੱਡੇ ਪੱਧਰ ’ਤੇ ‘ਕਾਸ’ ਵਰਕ ਪਰਮਿਟ ਦਾ ਗੋਰਖਧੰਦਾ ਕਰਨ ਵਾਲੇ ਟ੍ਰੈਵਲ ਏਜੰਟਾਂ ਦਾ ਧੰਦਾ ਹੀ ਠੱਪ ਹੋ ਗਿਆ ਕਿਉਂਕਿ ਕੰਪਨੀਆਂ ਬੰਦ ਹੋਣ ’ਤੇ ਉਥੇ ਪਹੁੰਚੇ ਲੋਕਾਂ ਦੇ ਵਰਕ ਪਰਮਿਟ ਵੀ ਰੱਦ ਹੋ ਗਏ ਹਨ। ਇਸ ਕਾਰਨ ਹੁਣ ਲੋਕਾਂ ਨੂੰ ਵੱਖਰੀ ਕੰਪਨੀ ਵਿਚ ਵੱਖਰਾ ਪਰਮਿਟ ਲੈਣ ਲਈ ਫਿਰ ਤੋਂ ਲੱਖਾਂ ਰੁਪਏ ਖਰਚਣੇ ਹੋਣਗੇ। ਖਦਸ਼ਾ ਪ੍ਰਗਟ ਕੀਤਾ ਜਾ ਿਰਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ‘ਕਾਸ’ ਦੇ ਨਾਂ ’ਤੇ ਠੱਗੀ ਕਰਨ ਵਾਲੇ ਕਈ ਟ੍ਰੈਵਲ ਏਜੰਟਾਂ ਅਤੇ ਕਈ ਗੁਜਰਾਤੀਆਂ ਖ਼ਿਲਾਫ਼ ਪੁਲਸ ਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੇ ਨਾਂ ’ਤੇ ਸ਼ਿਕਾਇਤਾਂ ਆ ਸਕਦੀਆਂ ਹਨ।

ਗੁਜਰਾਤੀ ਅਤੇ ਟ੍ਰੈਵਲ ਕਾਰੋਬਾਰੀ ਸ਼ਰੇਆਮ ਕਰ ਰਹੇ ਸਨ ਬੀ.2ਬੀ. ਦਾ ਕਾਰੋਬਾਰ

ਦੱਸਿਆ ਜਾ ਰਿਹਾ ਹੈ ਕਿ ਇਸ ਧੰਦੇ ਵਿਚ ਮੋਟੀ ਕਮਾਈ ਹੁੰਦੀ ਦੇਖ ਅਤੇ ਇਕ ਬਿਨੈਕਾਰ ਨੂੰ ਯੂ. ਕੇ. ਵਰਕ ਪਰਮਿਟ ’ਤੇ ਭੇਜਣ ਦੇ ਨਾਂ ’ਤੇ ਇਸ ਧੰਦੇ ਵਿਚ ਟ੍ਰੈਵਲ ਏਜੰਟ ਅਤੇ ਗੁਜਰਾਤੀ ਮਿਲੀਭੁਗਤ ਕਰ ਕੇ 10 ਤੋਂ 15 ਲੱਖ ਰੁਪਏ ਕਮਾ ਰਹੇ ਸਨ, ਜਿਸ ਦੇ ਨਾਲ ਹੀ ਬੀ.2ਬੀ. ਦਾ ਕਾਰੋਬਾਰ ਵੀ ਉਹ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੈਨਪਾਵਰ ਦੇ ਲਾਇਸੈਂਸ ਦੇ ਬਿਨਾਂ ਹੀ ਕਰ ਰਹੇ ਸਨ। ਹੁਣ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਨਾ ਤਾਂ ਪੁਲਸ ਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਡਰ ਸੀ। ਬੀ.2ਬੀ. (ਬਿਜ਼ਨੈੱਸ ਟੂ ਬਿਜ਼ਨੈੱਸ) ਯਾਨੀ ਯੂ . ਕੇ. ਵਰਕ ਪਰਮਿਟ ਦਾ ‘ਕਾਸ’ ਆਉਣ ’ਤੇ ਉਹ ਟ੍ਰੈਵਲ ਕਾਰੋਬਾਰੀਆਂ ਨੂੰ ਵੀ ਆਪਣਾ ਲੱਖਾਂ ਰੁਪਏ ਦਾ ਮਾਰਜਨ ਰੱਖ ਕੇ ਵੇਚਦੇ ਸਨ।

ਇਸ ਤੋਂ ਪਹਿਲਾਂ ਬੀ.2ਬੀ. ਲਈ ਪਹਿਲਾਂ ਸੂਬੇ ਦੇ ਕਈ ਹੋਟਲਾਂ ਵਿਚ ਉਕਤ ਲੋਕ ਮੀਟਿੰਗ ਲਈ ਬੈਠਦੇ ਸਨ, ਫਿਰ ਇਸ ਗੋਰਖਧੰਦੇ ਨੂੰ ਅੰਜਾਮ ਦਿੰਦੇ ਸਨ। ਇਸ ਤੋਂ ਬਾਅਦ ਹੌਲੀ-ਹੌਲੀ ‘ਕਾਸ’ ਦੀ ਡਿਮਾਂਡ ਇੰਨੀ ਵਧੀ ਕਿ ਗੁਜਰਾਤੀ ਵੀ ਕਈ-ਕਈ ਵਾਰ ਪੰਜਾਬ ਆਉਣ ਲੱਗੇ ਪਰ ਹੁਣ ਇਸ ਫਰਜ਼ੀਵਾੜੇ ਦੇ ਫੜੇ ਜਾਣ ਤੋਂ ਬਾਅਦ ਤੇ ਪੁਲਸ ਦੀ ਕਾਰਵਾਈ ਤੋਂ ਬਚਣ ਲਈ ਗੁਜਰਾਤੀ ਪੰਜਾਬ ਛੱਡ ਕੇ ਗੁਜਰਾਤ ਨੂੰ ਭੱਜ ਖੜ੍ਹੇ ਹੋਏ।

ਇਹ ਵੀ ਪੜ੍ਹੋ :   Big Breaking : ਮੂਸੇਵਾਲਾ ਵਾਂਗ ਘੇਰ ਕੇ ਭੁੰਨਿਆ ਹਰਿਆਣਾ ਦਾ ਸਾਬਕਾ MLA, ਲਾਰੈਂਸ ਦਾ ਆ ਰਿਹੈ ਨਾਂ(Video)

ਲੱਖਾਂ ਕਮਾਉਣ ਦੇ ਚੱਕਰ ਵਿਚ ਕਈਆਂ ’ਤੇ ਲਗਵਾ ਦਿੱਤਾ 10 ਸਾਲ ਦਾ ਬੈਨ

ਵਰਕ ਪਰਮਿਟ ਦੇ ਨਾਂ ’ਤੇ ਲੱਖਾਂ ਰੁਪਏ ਕਮਾਉਣ ਦੇ ਚੱਕਰ ਵਿਚ ਕਈ ਕਥਿਤ ਟ੍ਰੈਵਲ ਏਜੰਟਾਂ ਨੇ ਤਾਂ ‘ਕਾਸ’ ਵਿਚ ਹੀ ਫਰਜ਼ੀਵਾੜਾ ਕਰ ਕੇ ਕਈ ਬਿਨੈਕਾਰਾਂ ਦੇ ਬਿਨੈ-ਪੱਤਰ ਅਪਲਾਈ ਕਰਵਾ ਦਿੱਤੇ। ਫਰਜ਼ੀਵਾੜਾ ਫੜੇ ਜਾਣ ਤੋਂ ਬਾਅਦ ਯੂ. ਕੇ. ਸਰਕਾਰ ਨੇ ਬਿਨੈ-ਪੱਤਰ ਅਪਲਾਈ ਕਰਨ ਵਾਲੇ ਲੋਕਾਂ ’ਤੇ 10 ਸਾਲ ਤਕ ਦਾ ਬੈਨ ਲਾ ਦਿੱਤਾ, ਜਿਸ ਨੂੰ ਲੈ ਕੇ ਕਈ ਟ੍ਰੈਵਲ ਏਜੰਟਾਂ ਦੇ ਦਫਤਰਾਂ ਵਿਚ ਰੋਜ਼ਾਨਾ ਵਿਵਾਦ ਵਧ ਰਹੇ ਹਨ।

ਪੁਲਸ ਦੇ ਡਰੋਂ ਕਈ ਟ੍ਰੈਵਲ ਏਜੰਟਾਂ ਨੇ ਤਾਂ ਪਰਿਵਾਰਾਂ ਨੂੰ ਹੀ ਭੇਜ ਦਿੱਤਾ ਵਿਦੇਸ਼

ਸੂਤਰਾਂ ਨੇ ਦੱਸਿਆ ਕਿ ਕਈ ਏਜੰਟਾਂ ਨੇ ਇਸ ਗੋਰਖਧੰਦੇ ਨੂੰ ਅੰਜਾਮ ਦੇ ਕੇ ਕਰੋੜਾਂ ਰੁਪਏ ਕਮਾਏ ਅਤੇ ਇਸ ਧੰਦੇ ਤੋਂ ਮੋਟੀ ਕਮਾਈ ਕਰ ਕੇ ਉਕਤ ਏਜੰਟਾਂ ਨੇ ਪੂਰੇ ਸੂਬੇ ਦੇ ਕਈ ਸ਼ਹਿਰਾਂ ਵਿਚ ਪ੍ਰਾਪਰਟੀ ਵੀ ਖਰੀਦੀ ਪਰ ਯੂ. ਕੇ. ਸਰਕਾਰ ਵੱਲੋਂ ਇਹ ਫਰਜ਼ੀਵਾੜਾ ਫੜੇ ਜਾਣ ਤੋਂ ਬਾਅਦ ਉਕਤ ਏਜੰਟਾਂ ਨੇ ਆਪਣੇ ਪਰਿਵਾਰਾਂ ਨੂੰ ਹੀ ਵਿਦੇਸ਼ ਭੇਜ ਦਿੱਤਾ ਤਾਂ ਕਿ ਪੁਲਸ ਦੀ ਕਾਰਵਾਈ ਤੋਂ ਬਚ ਸਕਣ। ਜਾਣਕਾਰੀ ਮੁਤਾਬਕ ਉਕਤ ਟ੍ਰੈਵਲ ਏਜੰਟਾਂ ਦਾ ਵੀ ਲੋਕਾਂ ਨਾਲ ਵਰਕ ਪਰਮਿਟ ਦੇ ਨਾਂ ’ਤੇ ਲੱਖਾਂ ਰੁਪਏ ਦਾ ਲੈਣ-ਦੇਣ ਪੈਂਡਿੰਗ ਪਿਆ ਹੈ, ਜਿਸ ਨੂੰ ਲੈ ਕੇ ਲੋਕਾਂ ਨਾਲ ਉਨ੍ਹਾਂ ਦੇ ਕਈ ਵਾਰ ਵਿਵਾਦ ਹੋ ਚੁੱਕੇ ਹਨ। ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਟ੍ਰੈਵਲ ਕਾਰੋਬਾਰੀਆਂ ਖਿਲਾਫ ਸ਼ਿਕਾਇਤਾਂ ਵਧ ਸਕਦੀਆਂ ਹਨ।

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਏ. ਡੀ. ਜੀ. ਪੀ. ਸਿਨ੍ਹਾ

ਏ. ਡੀ. ਜੀ. ਪੀ. (ਐੱਨ. ਆਰ. ਆਈ.) ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਨਿਯਮਾਂ ਦਾ ਉਲੰਘਣ ਕਰਨ ਤੇ ਬਿਨਾਂ ਲਾਇਸੈਂਸ ਦੇ ਇਹ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਸੂਬੇ ਭਰ ਵਿਚ ਬਿਨਾਂ ਲਾਇਸੈਂਸ ਦੇ ਨਾਜਾਇਜ਼ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਨੂੰ ਿਕਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਸ ਪ੍ਰਸ਼ਾਸਨ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਆਪਣਾ ਬਿਨੈ-ਪੱਤਰ ਅਪਲਾਈ ਕਰਨ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲੈਣ ਕਿ ਕਿਹੜਾ ਟ੍ਰੈਵਲ ਏਜੰਟ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ।

ਇਹ ਵੀ ਪੜ੍ਹੋ :    ਸ਼ੁੱਭਕਰਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਨਾਲ ਦਿੱਤਾ 1 ਕਰੋੜ ਦਾ ਆਫ਼ਰ, ਕਿਸਾਨਾਂ ਨੇ ਠੁਕਰਾਇਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News