ਨਵੀਂ ਐਕਸਾਈਜ਼ ਪਾਲਿਸੀ: ਪਿਆਕੜਾਂ ਲਈ ਅਹਿਮ ਖ਼ਬਰ, ਮਿਲ ਸਕਦੀ ਹੈ ਸਸਤੀ ਸ਼ਰਾਬ

03/27/2023 12:18:44 PM

ਜਲੰਧਰ (ਪੁਨੀਤ)-ਨਵੀਂ ਐਕਸਾਈਜ਼ ਪਾਲਿਸੀ ਤਹਿਤ ਪੰਜਾਬ ਦੇ ਬਾਕੀ ਬਚੇ 12 ਗਰੁੱਪਾਂ ਦੀ ਨਿਲਾਮੀ ਦਾ ਸੋਮਵਾਰ ਆਖਰੀ ਦਿਨ ਹੈ। ਸ਼ਾਮ 5 ਵਜੇ ਤਕ ਜਿਹੜੇ ਗਰੁੱਪ ਬਚ ਜਾਣਗੇ, ਉਨ੍ਹਾਂ ਦਾ ਸੰਚਾਲਨ ਮਾਰਕਫੈੱਡ ਤੋਂ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਕਾਰਨ ਸ਼ਰਾਬ ਦੇ ਸ਼ੌਕੀਨਾਂ ਨੂੰ ਸਸਤੀ ਸ਼ਰਾਬ ਮਿਲਣ ਦੀਆਂ ਸੰਭਾਵਨਾਵਾਂ ਹੋਰ ਵੀ ਵਧ ਗਈਆਂ ਹਨ, ਕਿਉਂਕਿ ਸਰਕਾਰੀ ਵਿਭਾਗ ਘੱਟ ਕੀਮਤਾਂ ’ਤੇ ਸ਼ਰਾਬ ਦੀ ਵਿਕਰੀ ਕਰੇਗਾ। ਪੰਜਾਬ ਦੇ 171 ਵਿਚੋਂ 159 ਗਰੁੱਪ ਠੇਕੇਦਾਰਾਂ ਵੱਲੋਂ ਖ਼ਰੀਦੇ ਜਾ ਚੁੱਕੇ ਹਨ ਅਤੇ ਬਾਕੀ ਬਚੇ 12 ਗਰੁੱਪਾਂ ਲਈ ਵਿਭਾਗ ਵੱਲੋਂ ਰਾਖਵੀਂ ਕੀਮਤ 6.50 ਫ਼ੀਸਦੀ ਘਟਾ ਕੇ ਨਿਲਾਮੀ ਰੱਖੀ ਗਈ ਹੈ। ਇਸ ਨਿਲਾਮੀ ਦੇ ਕ੍ਰਮ ਵਿਚ ਜਲੰਧਰ ਜ਼ੋਨ ਦੇ 4, ਪਟਿਆਲਾ ਜ਼ੋਨ ਦੇ 6 ਅਤੇ ਫਿਰੋਜ਼ਪੁਰ ਜ਼ੋਨ ਦੇ 2 ਗਰੁੱਪ ਸ਼ਾਮਲ ਹਨ।

ਬਾਕੀ ਬਚੇ ਗਰੁੱਪਾਂ ਦੀ ਕੀਮਤ 550 ਕਰੋੜ ਦੇ ਕਰੀਬ ਦੱਸੀ ਗਈ ਹੈ। ਵਿਭਾਗ ਵੱਲੋਂ ਹੁਣ ਤੱਕ ਦੋ ਵਾਰ ਕੀਮਤਾਂ ਘਟਾਈਆਂ ਜਾ ਚੁੱਕੀਆਂ ਹਨ ਅਤੇ ਇਸ ਵਾਰ ਕੁੱਲ 2 ਫ਼ੀਸਦੀ ਦੀ ਕਟੌਤੀ ਕਰ ਕੇ ਕੁੱਲ 6.50 ਫ਼ੀਸਦੀ ਦੀ ਗਿਰਾਵਟ ਕੀਤੀ ਗਈ ਹੈ। ਇਸ ਤਹਿਤ ਗਰੁੱਪ ਖ਼ਰੀਦਣ ਵਾਲੇ ਠੇਕੇਦਾਰਾਂ ਨੂੰ ਪ੍ਰਤੀ ਗਰੁੱਪ 3-4 ਕਰੋੜ ਰੁਪਏ ਦੀ ਬੱਚਤ ਹੋਵੇਗੀ। ਵਿਭਾਗ ਨੇ ਅੰਦਾਜ਼ਾ ਲਾਇਆ ਹੈ ਕਿ ਜੇਕਰ ਠੇਕੇ ਆਪਣੇ ਪੱਧਰ ’ਤੇ ਚਲਾਏ ਜਾਣ ਤਾਂ ਸਾਲ ’ਚ 3-4 ਕਰੋੜ ਰੁਪਏ ਖ਼ਰਚ ਨਹੀਂ ਹੋਣਗੇ, ਇਸ ਲਈ ਮਹਿਕਮਾ ਖ਼ੁਦ ਹੀ ਠੇਕੇ ਚਲਾਉਣ ਵੱਲ ਧਿਆਨ ਦੇਣ ਲੱਗਾ ਹੈ। ਇਸ ਕੜੀ ਤਹਿਤ ਜਲੰਧਰ ਜ਼ੋਨ ਦੇ ਬਾਕੀ ਬਚੇ 4 ਗਰੁੱਪਾਂ ਵਿਚੋਂ ਜੋਤੀ ਚੌਂਕ ਗਰੁੱਪ ਬਾਕੀ ਬਚਿਆ ਹੈ। ਕੀਮਤਾਂ ਘਟਾਉਣ ਤੋਂ ਬਾਅਦ ਇਸ ਗਰੁੱਪ ਦੀ ਕੀਮਤ 40.15 ਕਰੋੜ ਨਿਰਧਾਰਿਤ ਕੀਤੀ ਗਈ ਹੈ ਅਤੇ ਇਸ ਦੇ ਲਈ ਬੋਲੀਕਾਰ ਨੂੰ ਸੋਮਵਾਰ ਸ਼ਾਮ 5 ਵਜੇ ਤੱਕ ਈ-ਟੈਂਡਰ ਰਾਹੀਂ ਆਪਣੀ ਅਰਜ਼ੀ ਜਮ੍ਹਾ ਕਰਵਾਉਣੀ ਪਵੇਗੀ। ਮਾਰਕਫੈੱਡ ਵੱਲੋਂ ਇਸ ਗਰੁੱਪ ਨੂੰ ਚਲਾਉਣ ਨਾਲ ਸ਼ਹਿਰ ਦੇ ਮੱਧ ਵਿਚ ਆਉਂਦੇ ਠੇਕਿਆਂ ਦੀ ਕਮਾਨ ਵਿਭਾਗ ਕੋਲ ਆ ਜਾਵੇਗੀ, ਜੋ ਕਿ ਠੇਕੇਦਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ।

PunjabKesari

ਇਹ ਵੀ ਪੜ੍ਹੋ : ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀ ਫ਼ਸਲ ਕੀਤੀ ਤਬਾਹ, ਜਾਣੋ ਅਗਲੇ ਦਿਨਾਂ ਤੱਕ ਕਿਹੋ-ਜਿਹਾ ਰਹੇਗਾ ਮੌਸਮ

ਸ਼ਹਿਰ ਦੇ ਗਰੁੱਪਾਂ ਵਿਚ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਮਾਡਲ ਟਾਊਨ ਗਰੁੱਪਾਂ ਵਿਚ ਨਵੇਂ ਠੇਕੇਦਾਰਾਂ ਵੱਲੋਂ ਐਂਟਰੀ ਕੀਤੀ ਜਾ ਚੁੱਕੀ ਹੈ, ਜਿਸ ਨਾਲ ਮਹਾਨਗਰ ਦੇ ਠੇਕੇਦਾਰਾਂ ਦਾ ਸਿੰਡੀਕੇਟ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਹੁਣ ਮਾਰਕਫੈੱਡ ਦੀ ਐਂਟਰੀ ਹੋਣ ਨਾਲ ਠੇਕੇਦਾਰਾਂ ਦੀ ਆਪਸੀ ਸਾਂਝ ਟੁੱਟਣੀ ਤੈਅ ਮੰਨੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰਕਫੈੱਡ ਤੋਂ ਸੇਵਾ ਲੈਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਵਿਭਾਗ ਨੂੰ ਇਸ ਨਾਲ ਲਾਭ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਇਸ ਵਾਰ ਠੇਕੇਦਾਰਾਂ ਨੇ ਗਰੁੱਪ ਖ਼ਰੀਦਣ ਵਿਚ ਦਿਲਚਸਪੀ ਨਾ ਵਿਖਾਈ ਤਾਂ ਵਿਭਾਗ ਮਾਰਕਫੈੱਡ ਰਾਹੀਂ ਜੋਤੀ ਚੌਕ ਗਰੁੱਪ ਦਾ ਸੰਚਾਲਨ ਸ਼ੁਰੂ ਕਰੇਗਾ। ਇਸ ਨਾਲ ਠੇਕੇਦਾਰਾਂ ਦੀ ਮਨਾਪਲੀ ਟੁੱਟਣਾ ਤੈਅ ਹੈ ਅਤੇ ਸ਼ਰਾਬ ਦੀਆਂ ਕੀਮਤਾਂ ਵਿਚ ਕਮੀ ਆਵੇਗੀ। ਅਧਿਕਾਰੀਆਂ ਨੇ ਕਿਹਾ ਕਿ ਨਵੀਂ ਐਕਸਾਈਜ਼ ਪਾਲਿਸੀ ਵਿਚ 12 ਫ਼ੀਸਦੀ ਵਾਧਾ ਕਰਕੇ ਗਰੁੱਪ ਨੂੰ ਰੀਨਿਊ ਕਰਵਾਉਣ ਦਾ ਮੌਕਾ ਦਿੱਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਦੋ ਵਾਰ ਕੀਮਤਾਂ ਘਟਾਈਆਂ ਜਾ ਚੁੱਕੀਆਂ ਹਨ। ਇਸ ਵਾਰ ਵਿਭਾਗ ਕੀਮਤਾਂ ਹੋਰ ਨਹੀਂ ਘਟਾਵੇਗਾ। ਉਥੇ ਹੀ, ਸ਼ਰਾਬ ਦੇ ਠੇਕਿਆਂ ’ਤੇ ਅਜੇ ਰੌਣਕ ਨਹੀਂ ਪਰਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਠੇਕਿਆਂ ’ਤੇ ਰੌਣਕ ਪਰਤ ਆਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ

ਐਕਸਾਈਜ਼ ਕਮਿਸ਼ਨਰ ਵਰੁਣ ਰੂਜ਼ਮ ਦੇ ਜਲੰਧਰ ਦੌਰੇ ਦੌਰਾਨ ਬਣੀ ਯੋਜਨਾ
ਅਤਿ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਐਕਸਾਈਜ਼ ਕਮਿਸ਼ਨਰ ਵਰੁਣ ਰੂਜ਼ਮ ਨੇ ਫੀਲਡ ਵਿਚ ਆਉਂਦੇ ਹੋਏ ਪੰਜਾਬ ਦੇ ਵੱਖ-ਵੱਖ ਦਫ਼ਤਰਾਂ ਦਾ ਦੌਰਾ ਕਰ ਕੇ ਅਧਿਕਾਰੀਆਂ ਨਾਲ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਮਾਰਕਫੈੱਡ ਤੋਂ ਸ਼ਰਾਬ ਦੇ ਠੇਕੇ ਚਲਵਾਉਣ ’ਤੇ ਲੰਮੀ ਵਿਚਾਰ ਚਰਚਾ ਹੋਈ। ਐਕਸਾਈਜ਼ ਵਿਭਾਗ ਵੱਲੋਂ ਬਾਕੀ ਬਚੇ 12 ਗਰੁੱਪਾਂ ਨੂੰ ਚਲਾਉਣ ਲਈ ਸਹਿਮਤੀ ਪ੍ਰਗਟਾਈ ਜਾ ਚੁੱਕੀ ਹੈ, ਜਿਸ ਕਾਰਨ ਵਿਭਾਗ ਸੋਮਵਾਰ ਸ਼ਾਮ ਨੂੰ ਠੇਕੇ ਖੁਦ ਚਲਾਉਣ ਦਾ ਐਲਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਅਕਾਲੀ ਦਲ ਦੇ ਸਾਬਕਾ MLA ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News