ਸਰਕਾਰ ਦੇ ਦਾਅਵਿਆਂ ਦਾ ਨਿਕਲੀ ਫੂਕ, ਮਹਾਨਗਰ ਜਲੰਧਰ ’ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਜ਼ੋਰਾਂ ''ਤੇ

08/20/2022 6:35:53 PM

ਜਲੰਧਰ (ਪੁਨੀਤ)–ਨਵੀਂ ਐਕਸਾਈਜ਼ ਪਾਲਿਸੀ ਲਿਆਉਣ ਤੋਂ ਬਾਅਦ ਸਰਕਾਰ ਅਤੇ ਮਹਿਕਮੇ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜਨਤਾ ਨੂੰ ਸਸਤੀ ਸ਼ਰਾਬ ਮੁਹੱਈਆ ਕਰਵਾਈ ਜਾਵੇਗੀ ਪਰ ਇਨ੍ਹਾਂ ਦਾਅਵਿਆਂ ਦੀ ਹਵਾ ਨਿਕਲ ਚੁੱਕੀ ਹੈ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪੈ ਰਿਹਾ ਹੈ। ਠੇਕਿਆਂ ’ਤੇ ਮਹਿੰਗੀ ਸ਼ਰਾਬ ਮਿਲਣ ਕਾਰਨ ਲੋਕਾਂ ਨੂੰ ਨਾਜਾਇਜ਼ ਵਿਕਣ ਵਾਲੀ ਸ਼ਰਾਬ ਖ਼ਰੀਦਣ ’ਤੇ ਮਜਬੂਰ ਹੋਣਾ ਪੈ ਰਿਹਾ ਹੈ। ਆਲਮ ਇਹ ਹੈ ਕਿ ਮਹਾਨਗਰ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਜ਼ੋਰਾਂ ’ਤੇ ਹੋ ਰਹੀ ਹੈ ਪਰ ਮਹਿਕਮਾ ਇਸ ਪ੍ਰਤੀ ਉਚਿਤ ਧਿਆਨ ਨਹੀਂ ਦੇ ਰਿਹਾ। ਸ਼ਰਾਬ ਦੀ ਜਿਹੜੀ ਬੋਤਲ ਠੇਕੇ ’ਤੇ 600 ਜਾਂ 620 ਰੁਪਏ ਵਿਚ ਵੇਚੀ ਜਾ ਰਹੀ ਹੈ, ਉਹੀ ਬ੍ਰਾਂਡ ਗਲੀ-ਮੁਹੱਲਿਆਂ ਵਿਚ 400 ਰੁਪਏ ਬੋਤਲ ਦੇ ਹਿਸਾਬ ਨਾਲ ਮੁਹੱਈਆ ਹੋ ਰਿਹਾ ਹੈ। ਨਾਂ ਨਾ ਛਾਪਣ ਦੀ ਸੂਰਤ ’ਚ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾਜਾਇਜ਼ ਸ਼ਰਾਬ ਦੀ ਵਿਕਰੀ ਬਾਰੇ ਜਾਣਕਾਰੀਆਂ ਮਿਲ ਰਹੀਆਂ ਹਨ, ਜਿਸ ਕਰਕੇ ਮਹਿਕਮਾ ਜਲਦ ਸਖ਼ਤ ਕਾਰਵਾਈ ਕਰਨ ਜਾ ਰਿਹਾ ਹੈ। ਇਸ ਦਾ ਨਤੀਜਾ ਜਲਦ ਸਾਹਮਣੇ ਆਵੇਗਾ।

ਇਹ ਵੀ ਪੜ੍ਹੋ: ਮੰਤਰੀ ਕਟਾਰੂਚੱਕ ਤੋਂ ਜਾਣੋ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਕਦੋਂ ਹੋਣਗੇ ਪੱਕੇ, ਨਵੀਆਂ ਭਰਤੀਆਂ ਬਾਰੇ ਕਹੀ ਇਹ ਗੱਲ

ਮਾਰਕੀਟ ਤੋਂ ਜਿਹੜੀ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਸਿਰਫ਼ ਮਹਾਨਗਰ ਜਲੰਧਰ ਹੀ ਨਹੀਂ, ਸਗੋਂ ਆਸ-ਪਾਸ ਦੇ ਛੋਟੇ ਸ਼ਹਿਰਾਂ ਅਤੇ ਦਿਹਾਤੀ ਇਲਾਕਿਆਂ ਵਿਚ ਵੀ ਨਾਜਾਇਜ਼ ਸ਼ਰਾਬ ਦੀ ਵਿਕਰੀ ਨੇ ਪੈਰ ਪਸਾਰ ਲਏ ਹਨ, ਜਿਸ ਕਾਰਨ ਲੋਕ ਠੇਕਿਆਂ ’ਤੇ ਜਾਣ ਦੀ ਥਾਂ ਬਾਹਰੋਂ ਸ਼ਰਾਬ ਖਰੀਦ ਰਹੇ ਹਨ। ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸਸਤੀ ਸ਼ਰਾਬ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਸੀ। ਪਿਛਲੇ ਮਹੀਨੇ ਸ਼ਰਾਬ ਦੇ ਠੇਕਿਆਂ ਦੀ ਵੰਡ ਹੋਣ ਤੋਂ ਬਾਅਦ ਠੇਕਿਆਂ ’ਤੇ ਸਸਤੀ ਸ਼ਰਾਬ ਮੁਹੱਈਆ ਹੋਣ ਲੱਗੀ ਸੀ ਪਰ ਕੁਝ ਹੀ ਸਮੇਂ ਵਿਚ ਹਾਲਾਤ ਬਦਲ ਗਏ ਹਨ ਅਤੇ ਸ਼ਰਾਬ ਫਿਰ ਤੋਂ ਮਹਿੰਗੀ ਹੋ ਚੁੱਕੀ। ਠੇਕਿਆਂ ’ਤੇ ਸ਼ਰਾਬ ਦੀ ਜਿਹੜੀ ਬੋਤਲ 500 ਰੁਪਏ ਦੇ ਲਗਭਗ ਮਿਲ ਰਹੀ ਸੀ, ਉਸ ਦੀ ਕੀਮਤ ਹੁਣ 600-620 ਨੂੰ ਪਾਰ ਕਰ ਚੁੱਕੀ ਹੈ, ਜਿਸ ਕਾਰਨ ਲੋਕ ਨਾਜਾਇਜ਼ ਸ਼ਰਾਬ ਖ਼ਰੀਦਣ ’ਤੇ ਮਜਬੂਰ ਹੋ ਰਹੇ ਹਨ। ਆਮ ਆਦਮੀ ਪਾਰਟੀ ਦੇ ਦਾਅਵੇ ਹਵਾ ਹੋਣ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਠੇਕੇਦਾਰ ਵੱਲੋਂ ਮਨਮਰਜ਼ੀ ਦੇ ਭਾਅ ਵਸੂਲੇ ਜਾ ਰਹੇ ਹਨ।

ਵੇਖਣ ਵਿਚ ਆਇਆ ਹੈ ਕਿ ਵਿਭਾਗੀ ਅਧਿਕਾਰੀਆਂ ਨੇ ਸ਼ੁਰੂਆਤੀ ਦਿਨਾਂ ਵਿਚ ਠੇਕਿਆਂ ’ਤੇ ਨਜ਼ਰ ਰੱਖੀ ਪਰ ਹੁਣ ਵਿਭਾਗ ਦੀ ਸਰਗਰਮੀ ਢਿੱਲੀ ਪੈਂਦੀ ਵਿਖਾਈ ਦੇ ਰਹੀ ਹੈ, ਜਿਸ ਕਾਰਨ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਸਰਕਾਰ ਦੇ ਦਾਅਵਿਆਂ ਦੇ ਉਲਟ ਮਹਿੰਗੀ ਹੋਈ ਸ਼ਰਾਬ ਕਾਰਨ ਲੋਕਾਂ ਵਿਚ ਮਾਯੂਸੀ ਵੀ ਦੇਖਣ ਨੂੰ ਮਿਲ ਰਹੀ ਹੈ।

ਠੇਕਿਆਂ ਤੋਂ ਕੀਤੀ ਜਾਂਦੀ ਹੈ ਸ਼ਰਾਬ ਦੀ ਡਿਲਿਵਰੀ

ਨਾਜਾਇਜ਼ ਸ਼ਰਾਬ ਦੀ ਵਿਕਰੀ ਹੋਣ ਲੱਗੀ ਹੈ ਪਰ ਜਿਹੜੀ ਸ਼ਰਾਬ ਬਾਜ਼ਾਰ ਵਿਚ ਵਿਕ ਰਹੀ ਹੈ, ਉਹ ਚੰਡੀਗੜ੍ਹ ਵਾਲੀ ਸ਼ਰਾਬ ਨਹੀਂ ਹੈ। ਪੰਜਾਬ ਵਿਚ ਵਿਕਣ ਵਾਲੀ ਸ਼ਰਾਬ ਦੀ ਨਾਜਾਇਜ਼ ਵਿਕਰੀ ਹੋਣ ਤੋਂ ਸਾਬਿਤ ਹੁੰਦਾ ਹੈ ਕਿ ਕੁਝ ਠੇਕੇਦਾਰਾਂ ਵੱਲੋਂ ਗਲਤ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਵਿਭਾਗ ਨੂੰ ਇਸਦੀ ਡੂੰਘਾਈ ਵਿਚ ਜਾਣਾ ਪਵੇਗਾ ਕਿ ਜਲੰਧਰ ਵਿਚ ਵਿਕਣ ਵਾਲੀ ਸ਼ਰਾਬ ਕਿਹੜੇ ਠੇਕਿਆਂ ਤੋਂ ਆ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਮੁਨਾਫਾ ਕਮਾਉਣ ਲਈ ਕੁਝ ਠੇਕੇਦਾਰਾਂ ਵੱਲੋਂ ਸ਼ਰਾਬ ਦੀ ਡਿਲਿਵਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਫਰੈਸ਼ ਬਾਈਟ ਵਾਲੇ ਪਿੱਜ਼ਾ ਕੱਪਲ ਦਾ ਪੈ ਗਿਆ ਰੌਲਾ, ਲੋਕਾਂ ਨੇ ਘੇਰੀ ਦੁਕਾਨ

ਜਲੰਧਰ ਜ਼ੋਨ ਨੇ ਸਾਂਝੇ ਆਪ੍ਰੇਸ਼ਨ ’ਚ ਠੇਕੇਦਾਰ ’ਤੇ ਸ਼ੁਰੂ ਕੀਤੀ ਕਾਰਵਾਈ

ਐਕਸਾਈਜ਼ ਪਾਲਿਸੀ ਮੁਤਾਬਕ ਪੰਜਾਬ ਨੂੰ 3 ਜ਼ੋਨਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਜਲੰਧਰ, ਪਟਿਆਲਾ ਅਤੇ ਫਿਰੋਜ਼ਪੁਰ ਜ਼ੋਨ ਆਉਂਦੇ ਹਨ। ਇਸ ਲੜੀ ਵਿਚ ਜਲੰਧਰ ਦੇ ਐਕਸਾਈਜ਼ ਕਮਿਸ਼ਨਰ ਰਾਜਪਾਲ ਸਿੰਘ ਖਹਿਰਾ ਦੀ ਟੀਮ ਨੇ ਜਲੰਧਰ ਜ਼ੋਨ ਅਧੀਨ ਨਿਊ ਅੰਮ੍ਰਿਤਸਰ ਦੇ ਇਲਾਕੇ ਵਿਚ ਠੇਕੇਦਾਰ ’ਤੇ ਕਾਰਵਾਈ ਸ਼ੁਰੂ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਠੇਕੇਦਾਰ ਵੱਲੋਂ 30 ਦੇ ਲਗਭਗ ਸ਼ਰਾਬ ਦੀਆਂ ਪੇਟੀਆਂ ਦੂਜੀ ਥਾਂ ’ਤੇ ਭਿਜਵਾਈਆਂ ਜਾ ਰਹੀਆਂ ਸਨ, ਜੋ ਕਿ ਨਿਯਮਾਂ ਦੇ ਉਲਟ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲੰਧਰ ਵਿਚ ਵੀ ਜਲਦ ਵੱਡਾ ਐਕਸ਼ਨ ਵੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ: ਬ੍ਰਹਮਸ਼ੰਕਰ ਜ਼ਿੰਪਾ ਦੇ ਨਾਂ 'ਤੇ ਠੱਗੀ ਦੀ ਕੋਸ਼ਿਸ਼, ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਹੈਰਾਨੀਜਨਕ ਸੱਚ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News