ਸਾਈਬਰ ਕ੍ਰਾਈਮ ਦਾ ਅਨੋਖਾ ਮਾਮਲਾ, ਵਿਧਾਨ ਸਭਾ ਸਪੀਕਰ ਸੰਧਵਾ ਦਾ ਨਾਂ ਲੈ ਕੇ ਕੀਤੀ ਠੱਗੀ ਮਾਰਨ ਦੀ ਕੋਸ਼ਿਸ਼
Friday, Jun 28, 2024 - 11:47 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ)- ਸਾਈਬਰ ਕ੍ਰਾਈਮ ਦਾ ਆਪਣੇ ਆਪ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਅਣਪਛਾਤੇ ਵਿਅਕਤੀ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਨਾਂ ’ਤੇ ਵੱਟਸਐਪ ਕਾਲ ਕਰ ਕੇ ਸ਼ਹਿਰ ਦੇ ਇਕ ਸਮਾਜ ਸੇਵੀ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਸਮਾਜ ਸੇਵੀ ਅਤੇ ਆਲ ਇੰਡੀਆ ਕ੍ਰਾਈਮ ਰਿਫੋਰਮਜ਼ ਆਰਗੇਨਾਈਜ਼ੇਸ਼ਨ ਦੇ ਵਾਇਸ ਪ੍ਰੈਜ਼ੀਡੈਂਟ ਰਾਜਨ ਕੁਮਾਰ ਜੈਨ ਨੂੰ ਕਿਸੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਆਵਾਜ਼ ਕੱਢ ਕੇ ਉਨ੍ਹਾਂ ਬੱਚੇ ਦੀ ਪੜ੍ਹਾਈ ਦੇ ਸਬੰਧ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਅਕਾਊਂਟ ਵਿਚ 27,543 ਰੁਪਏ ਜਮ੍ਹਾ ਕਰਵਾਉਣ ਲਈ ਆਖਿਆ ਅਤੇ ਬਾਅਦ ਵਿਚ ਪਿੰਡ ਸੰਧਵਾਂ ਕੋਠੀ ਆ ਕੇ ਉਨ੍ਹਾਂ ਤੋਂ ਇਹ ਰਾਸ਼ੀ ਲੈ ਕੇ ਜਾਣ ਦੀ ਵੀ ਗੱਲ ਕੀਤੀ।
ਇਸ ਸਬੰਧ ਵਿਚ ਰਾਜਨ ਕੁਮਾਰ ਜੈਨ ਨੇ ਦੱਸਿਆ ਕਿ ਉਸ ਨੂੰ 82840-18024 ਨੰਬਰ ਤੋਂ ਇਕ ਫੇਕ ਕਾਲ ਆਈ, ਜਿਸ ਦੀ ਆਈ.ਡੀ. ਦੇ ਉਪਰ ਅਜੇ ਐੱਮ.ਐੱਲ.ਏ. ਆਫਿਸ ਲਿਖਿਆ ਹੋਇਆ ਸੀ। ਜੈਨ ਨੇ ਦੱਸਿਆ ਕਿ ਉਸ ਵਿਅਕਤੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਆਵਾਜ਼ ਕੱਢ ਕੇ ਉਸਨੂੰ ਦੱਸਿਆ ਕਿ ਉਸਦੇ ਬੱਚੇ ਦੀ ਫੀਸ 27543 ਰੁਪਏ ਚੰਡੀਗੜ੍ਹ ਯੂਨੀਵਰਸਿਟੀ ਦੇ ਪੀ.ਐੱਨ.ਬੀ. ਦੇ ਅਕਾਊਂਟ ਵਿਚ ਭਰਨੀ ਹੈ।
ਇਹ ਵੀ ਪੜ੍ਹੋ- CM ਮਾਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਕੱਸਿਆ ਤੰਜ, ਕਿਹਾ- ''ਇਨ੍ਹਾਂ ਨੇ ਲੋਕਾਂ ਨੂੰ ਭੇਡ-ਬੱਕਰੀਆਂ ਸਮਝ ਰੱਖਿਆ...''
ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧ ਵਿੱਚ ਵਾਰ-ਵਾਰ ਫੋਨ ਕਰਦਾ ਰਿਹਾ, ਜਿਸ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਸਪੀਕਰ ਸੰਧਵਾਂ ਨੂੰ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲਾ ਇਹ ਵਿਅਕਤੀ ਕਾਫੀ ਸ਼ਾਤਿਰ ਕਿਸਮ ਦਾ ਲਗਦਾ ਹੈ, ਕਿਉਂਕਿ ਉਹ ਸਪੀਕਰ ਸਾਹਿਬ ਦੇ ਘਰ ਆਉਣ-ਜਾਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪੀ.ਏ. ਆਦਿ ਦਾ ਵੀ ਨਾਂ ਲੈ ਕੇ ਗੱਲ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਆਨਲਾਈਨ ਪੈਮੇਂਟ ਜਮ੍ਹਾ ਕਰਵਾਉਣ ਤੋਂ ਬਾਅਦ ਕੋਠੀ ਆ ਕੇ ਇਹ ਰਾਸ਼ੀ ਲੈਣ ਅਤੇ ਨਾਲ ਬੈਠ ਕੇ ਚਾਹ ਪੀਣ ਦੀ ਵੀ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਸਾਈਬਰ ਕ੍ਰਾਈਮ ਦਾ ਮਾਮਲਾ ਹੈ ਅਤੇ ਮੇਰੇ ਜਾਗਰੂਕ ਹੋਣ ਕਾਰਨ ਇਹ ਠੱਗੀ ਸਫਲ ਨਹੀਂ ਹੋ ਸਕੀ, ਪ੍ਰੰਤੂ ਜਿਸ ਤਰ੍ਹਾਂ ਉਹ ਆਵਾਜ਼ ਕੱਢ ਰਿਹਾ ਸੀ, ਉਸ ਨਾਲ ਕੋਈ ਵੀ ਵਿਅਕਤੀ ਉਸਦੇ ਝਾਂਸੇ ’ਚ ਆ ਕੇ ਠੱਗੀ ਦਾ ਸ਼ਿਕਾਰ ਹੋ ਸਕਦਾ ਹੈ। ਉਨ੍ਹਾਂ ਇਸ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਐੱਸ.ਐੱਸ.ਪੀ. ਫਰੀਦਕੋਟ ਨੂੰ ਵੀ ਜਾਣੂੰ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਅਕਾਊਂਟ ਨੰਬਰ ਨੂੰ ਪਹਿਲ ਦੇ ਆਧਾਰ ’ਤੇ ਫਰੀਜ਼ ਕਰਵਾ ਕੇ ਫੋਨ ਕਰਨ ਵਾਲੇ ਉਕਤ ਵਿਅਕਤੀ ਨੂੰ ਤੁਰੰਤ ਕਾਬੂ ਕੀਤਾ ਜਾਵੇ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫ਼ੋਨ ਕਿਨਾਰੇ 'ਤੇ ਰੱਖ ਨੌਜਵਾਨ ਨੇ Niagara Falls 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਇਸ ਸਬੰਧ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਪੀਕਰ ਸਾਹਿਬ ਦੇ ਧਿਆਨ ਵਿਚ ਵੀ ਆਇਆ ਹੈ ਅਤੇ ਇਸ ਸਬੰਧੀ ਕਾਰਵਾਈ ਕਰਨ ਲਈ ਐੱਸ.ਐੱਸ.ਪੀ. ਫਰੀਦਕੋਟ ਨਾਲ ਵੀ ਗੱਲ ਕੀਤੀ ਗਈ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਜਿਹੇ ਸ਼ਾਤਿਰ ਦਿਮਾਗ ਠੱਗ ਕਿਸਮ ਦੇ ਲੋਕਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ।
ਇਹ ਵੀ ਪੜ੍ਹੋ- 'ਫੋਕੀ ਟੌਹਰ' ਬਣਾਉਣ ਲਈ ਖ਼ਰੀਦ ਲਿਆਇਆ 'ਨਕਲੀ' ਬੰਦੂਕ, ਗੁਆਂਢੀਆਂ ਨੇ ਪੁਲਸ ਬੁਲਾ ਕੇ ਕਰਵਾ'ਤੇ ਹੱਥ ਖੜ੍ਹੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e