ਨਵਜੰਮੀ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ''ਚ ਪੁਲਸ ਵੱਲੋਂ ਸ਼ੱਕੀ ਲੜਕੀ ਗ੍ਰਿਫਤਾਰ

01/16/2020 11:09:13 AM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਚੱਬੇਵਾਲ ਅਧੀਨ ਪਿੰਡ ਕੋਠੀ 'ਚੋਂ 10 ਜਨਵਰੀ ਨੂੰ ਸਵੇਰੇ ਮਿਲੀ ਨਵਜੰਮੀ ਬੱਚੀ ਦੀ ਲਾਸ਼ ਸਬੰਧੀ ਸ਼ੱਕ ਦੇ ਆਧਾਰ 'ਤੇ ਪੁਲਸ ਨੇ ਬੱਚੀ ਦੀ ਮਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਚੱਬੇਵਾਲ ਪੁਲਸ ਨੇ ਗ੍ਰਿਫਤਾਰ 23 ਸਾਲਾ ਮਾਂ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ (ਪਹਿਲੀ ਸ਼੍ਰੇਣੀ) ਹਿਮਾਂਸ਼ੀ ਮਲਹੋਤਰਾ ਦੀ ਅਦਾਲਤ 'ਚ ਪੇਸ਼ ਕੀਤਾ। ਪੁਲਸ ਨੇ ਅਦਾਲਤ ਸਾਹਮਣੇ ਦਲੀਲ ਦਿੱਤੀ ਕਿ ਮ੍ਰਿਤਕ ਨਵਜੰਮੀ ਬੱਚੀ ਦਾ ਡੀ. ਐੱਨ. ਏ. ਟੈਸਟ ਕਰਵਾਉਣ ਲਈ ਦੋਸ਼ੀ ਦਾ ਪੁਲਸ ਰਿਮਾਂਡ ਦਿੱਤਾ ਜਾਵੇ।

ਅਦਾਲਤ ਨੇ ਪੁਲਸ ਦੀ ਦਲੀਲ ਨੂੰ ਸਵੀਕਾਰ ਕਰਦੇ ਹੋਏ ਗ੍ਰਿਫਤਾਰ ਲੜਕੀ ਦਾ 1 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ 'ਚੋਂ ਸ਼ੱਕੀ ਮਾਂ ਦੇ ਡੀ. ਐੱਨ. ਏ. ਨਾਲ ਮ੍ਰਿਤਕ ਨਵਜੰਮੀ ਬੱਚੀ ਦਾ ਡੀ. ਐੱਨ. ਏ. ਸੈਂਪਲ ਨਾਲ ਮਿਲਾਨ ਕਰਵਾਇਆ ਜਾਵੇਗਾ।

ਕੀ ਹੈ ਮਾਮਲਾ
ਵਰਣਨਯੋਗ ਹੈ ਕਿ ਚੱਬੇਵਾਲ ਥਾਣੇ ਅਧੀਨ ਆਉਂਦੇ ਪਿੰਡ ਕੋਠੀ 'ਚੋਂ 10 ਜਨਵਰੀ ਨੂੰ ਸਵੇਰ ਸਮੇਂ ਝਾੜੀਆਂ 'ਚੋਂ ਨਵਜੰਮੀ ਬੱਚੀ ਦੀ ਲਾਸ਼ ਮਿਲਣ ਨਾਲ ਪਿੰਡ 'ਚ ਸਨਸਨੀ ਫੈਲ ਗਈ ਸੀ। ਪਿੰਡ ਦੇ ਸਰਪੰਚ ਅਤੇ ਹੋਰ ਲੋਕਾਂ ਵੱਲੋਂ ਸੂਚਨਾ ਮਿਲਦੇ ਹੀ ਜੇਜੋਂ ਪੁਲਸ ਚੌਕੀ 'ਚ ਤਾਇਨਾਤ ਏ. ਐੱਸ. ਆਈ. ਇੰਦਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਸ਼ਨਾਖਤ ਨਾ ਹੋਣ 'ਤੇ ਪੁਲਸ ਨੇ ਨਵਜੰਮੀ ਬੱਚੀ ਦੀ ਲਾਸ਼ ਦਾ 11 ਜਨਵਰੀ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਉਸ ਦਾ ਡੀ. ਐੱਨ. ਏ. ਸੈਂਪਲ ਰਖਵਾ ਲਿਆ ਸੀ। ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਕਿਵੇਂ ਮਿਲਿਆ ਪੁਲਸ ਨੂੰ ਸੁਰਾਗ
ਮਿਲੀ ਜਾਣਕਾਰੀ ਅਨੁਸਾਰ ਚੱਬੇਵਾਲ ਪੁਲਸ ਨਵਜੰਮੀ ਬੱਚੀ ਨੂੰ ਸੁੱਟਣ ਦੇ ਮਾਮਲੇ ਦੀ ਜਾਂਚ ਲਈ ਕੋਠੀ ਪਿੰਡ ਸਮੇਤ ਨੇੜਲੇ ਪਿੰਡਾਂ 'ਚ ਗਰਭਵਤੀ ਔਰਤਾਂ ਬਾਰੇ ਸਿਹਤ ਵਿਭਾਗ 'ਚ ਤਾਇਨਾਤ ਏ. ਐੱਨ. ਐੱਮ. ਸਮੇਤ ਹੋਰ ਮਾਧਿਅਮ ਨਾਲ ਤਲਾਸ਼ੀ ਮੁਹਿੰਮ 'ਚ ਜੁਟ ਗਈ ਸੀ। ਇਸ ਦੌਰਾਨ ਪੁਲਸ ਨੂੰ ਇਕ ਪਿੰਡ 'ਚੋਂ ਪਤਾ ਲੱਗਾ ਕਿ ਇਕ ਲੜਕੀ ਦੇ ਪ੍ਰੇਮ-ਸਬੰਧ ਨੇੜਲੇ ਪਿੰਡ ਦੇ ਲੜਕੇ ਨਾਲ ਸਨ। ਲੜਕੀ ਦੀ ਹਾਲਤ ਠੀਕ ਨਾ ਹੋਣ ਦੀ ਸੂਚਨਾ 'ਤੇ ਪੁਲਸ ਉਸ ਨੂੰ ਸ਼ੱਕ ਦੇ ਆਧਾਰ 'ਤੇ ਲੈ ਕੇ ਥਾਣੇ ਪਹੁੰਚੀ ਤਾਂ ਪੁੱਛਗਿੱਛ 'ਚ 23 ਸਾਲਾ ਲੜਕੀ ਨੇ ਆਪਣੀ ਗਲਤੀ ਕਥਿਤ ਤੌਰ 'ਤੇ ਸਵੀਕਾਰ ਕਰ ਲਈ।

ਪੁਲਸ ਡੀ. ਐੱਨ. ਏ. ਰਿਪੋਰਟ ਦਾ ਕਰੇਗੀ ਇੰਤਜ਼ਾਰ : ਐੱਸ. ਐੱਚ. ਓ.
ਜਦੋਂ ਇਸ ਸਬੰਧ 'ਚ ਬੁੱਧਵਾਰ ਦੇਰ ਸ਼ਾਮ ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਪੁਲਸ ਨੇ 23 ਸਾਲਾ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਵੀਰਵਾਰ ਸਵੇਰੇ ਮ੍ਰਿਤਕ ਨਵਜੰਮੀ ਬੱਚੀ ਅਤੇ ਗ੍ਰਿਫਤਾਰ ਲੜਕੀ ਦੇ ਡੀ. ਐੱਨ. ਏ. ਸੈਂਪਲ ਦੀ ਰਿਪੋਰਟ ਦਾ ਇੰਤਜ਼ਾਰ ਕਰੇਗੀ। ਜਾਂਚ 'ਚ ਦੋਸ਼ੀ ਲੜਕੀ ਦੀ ਵੀ ਪਛਾਣ ਕਰ ਲਈ ਗਈ ਹੈ। ਰਿਪੋਰਟ ਪਾਜ਼ੀਟਿਵ ਆਉਂਦੇ ਹੀ ਪੁਲਸ ਦੋਸ਼ੀ ਲੜਕੇ ਅਤੇ ਲੜਕੀ ਖਿਲਾਫ ਸਖਤ ਕਾਰਵਾਈ ਕਰੇਗੀ।


shivani attri

Content Editor

Related News