ਇਨਸਾਨੀਅਤ ਸ਼ਰਮਸਾਰ, ਸਿਵਲ ਹਸਪਤਾਲ ਦੇ ਕੂੜੇਦਾਨ 'ਚੋਂ ਮਿਲਿਆ ਨਵਜੰਮਿਆ ਬੱਚਾ (ਵੀਡੀਓ)
Tuesday, Sep 10, 2019 - 11:22 AM (IST)
ਜਲੰਧਰ (ਸ਼ੋਰੀ)— ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਗਰਾਊਂਡ ਫਲੋਰ 'ਤੇ ਗਾਇਨੀ ਵਾਰਡ ਦੇ ਬਾਥਰੂਮ 'ਚ ਕਿਸੇ ਅਣਜਾਣ ਨੇ ਨਵਜੰਮੇ ਬੱਚੇ ਨੂੰ ਬਾਲਟੀ 'ਚ ਸੁੱਟ ਦਿੱਤਾ। ਘਟਨਾ ਦਾ ਖੁਲਾਸਾ ਬੀਤੇ ਦਿਨ ਸਵੇਰੇ ਉਸ ਸਮੇਂ ਹੋਇਆ ਜਦੋਂ ਸਫਾਈ ਕਰਮਚਾਰੀ ਪਰਮਜੀਤ ਕੂੜਾ ਚੁੱਕਣ ਲੱਗੀ ਤਾਂ ਉਸ ਨੇ ਨਵਜੰਮੇ ਬੱਚੇ ਨੂੰ ਦੇਖ ਕੇ ਡਾਕਟਰਾਂ ਨੂੰ ਸੂਚਿਤ ਕੀਤਾ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਕਿ ਬੱਚੇ ਨੂੰ ਕਿਸ ਨੇ ਸੁੱਟਿਆ ਹੈ। ਸਿਰ 'ਤੇ ਵਾਲ ਵੀ ਦਿਖਾਈ ਦੇ ਰਹੇ ਸਨ, ਜਿਸ ਤੋਂ ਲੱਗ ਰਿਹਾ ਸੀ ਕਿ ਕਿਸੇ ਔਰਤ ਨੇ ਡਿਲਿਵਰੀ ਤੋਂ ਬਾਅਦ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ ਹੈ।
ਹਾਲਾਂਕਿ ਇਸ ਮਾਮਲੇ 'ਚ ਸੀਨੀਅਰ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਬੱਚਾ 9 ਮਹੀਨਿਆਂ ਤੋਂ ਜ਼ਿਆਦਾ ਦਾ ਲੱਗ ਰਿਹਾ ਹੈ ਅਤੇ ਉਨ੍ਹਾਂ ਨੇ ਜਾਂਚ ਕਮੇਟੀ ਦੀ ਮੰਗ ਮੈਡੀਕਲ ਸੁਪਰਡੈਂਟ ਨੂੰ ਦੇ ਦਿੱਤੀ ਹੈ। ਕਿਸੇ ਬਾਹਰੀ ਵਿਅਕਤੀ ਜਾਂ ਔਰਤ ਨੇ ਬੱਚੇ ਨੂੰ ਸੁੱਟਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਈ ਔਰਤਾਂ ਦੀ ਡਿਲਿਵਰੀ ਹੋਈ ਪਰ ਬੱਚੇ ਠੀਕ ਸਨ, ਕਿਸੇ ਬੱਚੇ ਦੀ ਵੀ ਡਿਲਿਵਰੀ ਦੌਰਾਨ ਮੌਤ ਨਹੀਂ ਹੋਈ ਹੈ। ਦੂਜੇ ਪਾਸੇ ਥਾਣਾ-4 ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਬੱਚੇ ਦੀ ਲਾਸ਼ ਨੂੰ ਕੋਈ ਬਾਹਰੋਂ ਕਿਵੇਂ ਸੁੱਟ ਕੇ ਜਾ ਸਕਦਾ ਹੈ, ਹਾਲਾਂਕਿ ਪੁਲਸ ਨੇ ਫਗਵਾੜਾ ਵਾਸੀ ਇਕ ਔਰਤ ਤੋਂ ਪੁੱਛਗਿੱਛ ਵੀ ਕੀਤੀ ਪਰ ਪਤਾ ਲੱਗਾ ਕਿ ਬੱਚੇ ਦੀ ਮੌਤ ਫਗਵਾੜਾ ਦੇ ਸਰਕਾਰੀ ਹਸਪਤਾਲ 'ਚ ਹੋਈ ਅਤੇ ਦੇਰ ਰਾਤ ਹੀ ਉਹ ਸਿਵਲ ਹਸਪਤਾਲ 'ਚੋਂ ਚਲੇ ਗਈ ਸੀ।
ਹਸਪਤਾਲ ਦੀ ਲਾਪ੍ਰਵਾਹੀ ਦੀ ਹੱਦ ਹੀ ਹੋ ਗਈ
ਸਿਵਲ ਹਸਪਤਾਲ ਦੇ ਅਧਿਕਾਰੀ ਆਪਣੀ ਲਾਪ੍ਰਵਾਹੀ ਕਾਰਨ ਜਲੰਧਰ 'ਚ ਹੀ ਨਹੀਂ ਸਗੋਂ ਪੂਰੇ ਪੰਜਾਬ 'ਚ ਮਸ਼ਹੂਰ ਹੋ ਚੁੱਕੇ ਹਨ। ਕੁਝ ਸਾਲ ਪਹਿਲਾਂ ਵੀ ਗਾਇਨੀ ਵਾਰਡ 'ਚੋਂ ਇਕ ਨਵ-ਜੰਮੇ ਲੜਕੇ ਨੂੰ ਇਕ ਔਰਤ ਚੁੱਕ ਕੇ ਲੈ ਗਈ ਸੀ ਅਤੇ ਬੱਚੇ ਨੂੰ ਉਸ ਨੇ ਲੱਖਾਂ ਰੁਪਿਆਂ 'ਚ ਵੇਚ ਦਿੱਤਾ ਸੀ। ਉਸ ਦੌਰਾਨ ਥਾਣਾ-4 'ਚ ਤਾਇਨਾਤ ਅਡੀਸ਼ਨਲ ਐੱਸ. ਐੱਚ. ਓ. ਭਗਵੰਤ ਭੁੱਲਰ ਨੇ ਮਾਮਲੇ ਨੂੰ ਟਰੇਸ ਕਰ ਲਿਆ ਸੀ ਅਤੇ ਬੱਚਾ ਚੁੱਕਣ ਵਾਲੀ ਬਸਤੀ ਦਾਨਿਸ਼ਮੰਦਾਂ ਦੀ ਔਰਤ ਨੂੰ ਗ੍ਰਿਫਤਾਰ ਕਰਕੇ ਨਵ-ਜੰਮੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰਕੇ ਮਾਂ ਹਵਾਲੇ ਕਰ ਦਿੱਤਾ ਸੀ। ਉਸ ਸਮੇਂ ਵੀ ਗਾਇਨੀ ਵਾਰਡ 'ਚ ਸੀ. ਸੀ. ਟੀ. ਵੀ. ਕੈਮਰੇ ਵੀ ਖਰਾਬ ਸਨ ਅਤੇ ਹੁਣ ਤੱਕ ਉਹ ਚਾਲੂ ਨਹੀਂ ਹੋ ਸਕੇ। ਹਾਂ ਸਿਰਫ ਦਿਖਾਉਣ ਲਈ ਕੈਮਰੇ ਲੱਗੇ ਹਨ ਪਰ ਉਨ੍ਹਾਂ ਦੇ ਡੀ. ਵੀ. ਆਰ. ਹੀ ਨਹੀਂ ਹਨ। ਕੱਲ ਜੇਕਰ ਕੋਈ ਵੱਡੀ ਵਾਰਦਾਤ ਹੋ ਗਈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਗਾਇਨੀ ਵਾਰਡ ਦੇ ਮੇਨ ਗੇਟ 'ਚ ਸੀ. ਸੀ. ਟੀ. ਵੀ. ਕੈਮਰੇ ਤਾਂ ਚਾਲੂ ਹੋਣੇ ਜ਼ਰੂਰੀ ਹੀ ਹਨ।