''ਖੁਸ਼ਹਾਲੀ ਦੇ ਰਾਖੇ'' ਸਕੀਮ ਦਾ ਮਕਸਦ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣਾ ਹੈ
Tuesday, Apr 17, 2018 - 08:02 AM (IST)
ਪਟਿਆਲਾ (ਜੋਸਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਅਤੇ ਪੰਜਾਬ ਸਰਕਾਰ ਦੀ ਫਲੈਗਸ਼ਿਪ ਸਕੀਮ 'ਗਾਰਡੀਅਨਜ਼ ਆਫ਼ ਗਵਰਨੈਂਸ' ਦੇ ਸੀਨੀਅਰ ਵਾਈਸ ਚੇਅਰਮੈਨ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਟੀ. ਐੱਸ. ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਪਣੀ ਸਰਕਾਰ ਦੀ ਇਸ ਅਹਿਮ ਸਕੀਮ ਦਾ ਮਕਸਦ ਆਮ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ-ਕਰਮਚਾਰੀਆਂ ਦੇ ਮਨਾਂ ਅੰਦਰ ਈਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ ਤਾਂ ਜੋ ਆਮ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਯਕੀਨੀ ਤੌਰ 'ਤੇ ਮਿਲ ਸਕੇ। ਉਹ ਅੱਜ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸ਼ਾਸਨ ਅਤੇ ਜ਼ਿਲੇ 'ਚ ਹੁਣ ਤੱਕ ਬਣੇ 167 'ਖੁਸ਼ਹਾਲੀ ਦੇ ਰਾਖਿਆਂ' ਨਾਲ ਕੀਤੀ ਇਕ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸ਼੍ਰੀ ਸ਼ੇਰਗਿੱਲ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਪਟਿਆਲਾ ਜ਼ਿਲੇ ਦੇ 151 ਪਿੰਡਾਂ 'ਚ ਇਹ 'ਖੁਸ਼ਹਾਲੀ ਦੇ ਰਾਖੇ' ਤਾਇਨਾਤ ਹੋ ਚੁੱਕੇ ਹਨ।
ਇਨ੍ਹਾਂ ਦੀ ਪਿਛਲੇ ਢਾਈ ਮਹੀਨਿਆਂ ਦੀ ਕਾਰਗੁਜ਼ਾਰੀ ਪ੍ਰਸ਼ਾਸਨ ਤੱਕ ਲੋਕਾਂ ਦੇ ਮਸਲੇ ਪਹੁੰਚਾਉਣ ਤੇ ਇਨ੍ਹਾਂ ਨੂੰ ਹੱਲ ਕਰਵਾਉਣ 'ਚ ਪ੍ਰਸ਼ੰਸਾਯੋਗ ਰਹੀ ਹੈ। ਉਨ੍ਹਾਂ ਕਿਹਾ ਕਿ ਇਹ 'ਖੁਸ਼ਹਾਲੀ ਦੇ ਰਾਖੇ' ਸਰਕਾਰ ਦੀਆਂ 20 ਦੇ ਕਰੀਬ ਲੋਕ ਭਲਾਈ ਸਕੀਮਾਂ 'ਤੇ ਬਾਰੀਕੀ ਨਾਲ ਨਜ਼ਰ ਰਖਦੇ ਹਨ। ਇਸ ਦੀ ਹਾਂ-ਪੱਖੀ ਜਾਂ ਕਮੀਆਂ ਪੇਸ਼ੀਆਂ ਦੀ ਸੁਤੰਤਰ ਰਿਪੋਰਟ ਇਕ ਐਪ ਜ਼ਰੀਏ ਮੁੱਖ ਮੰਤਰੀ ਦਫ਼ਤਰ 'ਚ 24 ਘੰਟੇ ਕਾਰਜਸ਼ੀਲ ਕੰਟਰੋਲ ਰੂਮ ਤੱਕ ਪੁਜਦੀ ਕਰਦੇ ਹਨ। ਇਸ ਦੀ ਮੋਨੀਟਰਿੰਗ ਮੁੱਖ ਮੰਤਰੀ ਖ਼ੁਦ ਅਤੇ ਉਹ ਕਰਦੇ ਹਨ। ਇਸ ਦੀ ਸੂਚਨਾ ਸਬੰਧਤ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਮਿਲਦੀ ਹੈ। ਇਸ ਕਰ ਕੇ ਉਕਤ ਸਕੀਮ ਦਾ ਆਮ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ। ਸਰਕਾਰ ਤੱਕ ਜ਼ਮੀਨੀ ਪੱਧਰ ਦੀ ਫੀਡਬੈਕ ਵੀ ਪੁੱਜ ਰਹੀ ਹੈ।
ਇਸ ਮੌਕੇ ਸਕੀਮ ਦੇ ਵਾਈਸ ਚੇਅਰਮੈਨ ਮੇਜਰ ਜਨਰਲ ਐੈੱਸ. ਪੀ. ਐੱਸ. ਗਰੇਵਾਲ, ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਐੱਸ. ਐੱਸ. ਪੀ. ਡਾ. ਐੱਸ. ਭੂਪਤੀ, ਸਹਾਇਕ ਕਮਿਸ਼ਨਰ ਜਨਰਲ ਸੂਬਾ ਸਿੰਘ, ਐੱਸ. ਡੀ. ਐੈੱਮ. ਪਟਿਆਲਾ ਅਨਮੋਲ ਸਿੰਘ ਧਾਲੀਵਾਲ, ਐੱਸ. ਡੀ. ਐੈੱਮ. ਰਾਜਪੁਰਾ ਸੰਜੀਵ ਕੁਮਾਰ, ਐੱਸ. ਡੀ. ਐੈੱਮ. ਸਮਾਣਾ ਅਰਵਿੰਦ ਕੁਮਾਰ, ਐੱਸ. ਡੀ. ਐੈੱਮ. ਨਾਭਾ ਜਸ਼ਨਪ੍ਰੀਤ ਕੌਰ, ਐੱਸ. ਡੀ. ਐੈੱਮ. ਪਾਤੜਾਂ ਕਾਲਾ ਰਾਮ ਕਾਂਸਲ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜੀਵਨ ਜੋਤ ਕੌਰ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਕਰਨਲ ਐੈੱਨ. ਐੱਸ. ਸਿੱਧੂ, ਡੀ. ਐੱਸ. ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ, ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਕਮਾਂਡਰ ਬੀ. ਐੱਸ. ਵਿਰਕ, ਜ਼ਿਲਾ ਮਾਲ ਅਫ਼ਸਰ ਹਰਸ਼ਰਨਜੀਤ ਸਿੰਘ ਸਮੇਤ ਹੋਰ ਵਿÎਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
