ਚਿੱਟੇ ਦੇ ਕਾਲੇ ਧੰਦੇ ’ਚ ਸਮੱਗਲਰਾਂ ਦੀ ਤੀਜੀ ਪੀੜ੍ਹੀ ਵੀ ਸ਼ਾਮਲ, ਮੁੰਦਰਾ ਬੰਦਰਗਾਹ ਤੱਕ ਫੈਲਿਆ ਨੈੱਟਵਰਕ

Friday, Feb 10, 2023 - 03:18 AM (IST)

ਚਿੱਟੇ ਦੇ ਕਾਲੇ ਧੰਦੇ ’ਚ ਸਮੱਗਲਰਾਂ ਦੀ ਤੀਜੀ ਪੀੜ੍ਹੀ ਵੀ ਸ਼ਾਮਲ, ਮੁੰਦਰਾ ਬੰਦਰਗਾਹ ਤੱਕ ਫੈਲਿਆ ਨੈੱਟਵਰਕ

ਅੰਮ੍ਰਿਤਸਰ (ਨੀਰਜ) : ਇਕ ਪਾਸੇ ਜਿੱਥੇ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨਸ਼ਿਆਂ ਦੀ ਵਿਕਰੀ ’ਤੇ ਕਾਬੂ ਪਾਉਣ ਦੇ ਦਾਅਵੇ ਕਰ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਕੇਂਦਰੀ ਏਜੰਸੀਆਂ ਦੀਆਂ ਰਿਪੋਰਟਾਂ ਕੁਝ ਹੋਰ ਹੀ ਖੁਲਾਸਾ ਕਰ ਰਹੀਆਂ ਹਨ। ਸੀ. ਆਈ. ਅੰਮ੍ਰਿਤਸਰ ਵਿੰਗ ’ਚ ਚਲਾਏ ਗਏ ਸਫ਼ਲ ਆਪ੍ਰੇਸ਼ਨ ਦੌਰਾਨ ਇਕ 17 ਸਾਲਾ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਮੱਗਲਰਾਂ ਦੀ ਤੀਜੀ ਪੀੜ੍ਹੀ ਵੀ ਚਿੱਟੇ ਦੇ ਕਾਲੇ ਧੰਦੇ ’ਚ ਸ਼ਾਮਲ ਹੋ ਚੁੱਕੀ ਹੈ ਅਤੇ ਸਮੱਗਲਿੰਗ ਦੇ ਕਾਲੇ ਧੰਦੇ ਨੂੰ ਛੱਡਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲੀ ਕਾਮਯਾਬੀ, ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ’ਚ ਹੋਇਆ ਇੰਨੇ ਫ਼ੀਸਦੀ ਵਾਧਾ

ਜੇਲ੍ਹਾਂ 'ਚ ਕੈਦ ਪੁਰਾਣੇ ਅਤੇ ਨਵੇਂ ਸਮੱਗਲਰ ਜੇਲ੍ਹਾਂ ਦੇ ਅੰਦਰੋਂ ਆਪਣਾ ਨੈੱਟਵਰਕ ਚਲਾ ਰਹੇ ਹਨ ਅਤੇ ਮੋਬਾਇਲਾਂ ਦੇ ਨਾਲ-ਨਾਲ ਵਟਸਐਪ ਕਾਲਾਂ ਅਤੇ ਹੋਰ ਐਪਸ ਰਾਹੀਂ ਆਪਣੇ ਕਾਰਕੁਨਾਂ ਨੂੰ ਹਦਾਇਤਾਂ ਜਾਰੀ ਕਰ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨੌਜਵਾਨਾਂ ਤੇ ਔਰਤਾਂ ਨੂੰ ਚਿੱਟੇ ਦੀ ਸਪਲਾਈ ਅਤੇ ਪ੍ਰਾਪਤ ਕਰਨ ਲਈ ਵਰਤਿਆ ਜਾ ਰਿਹਾ ਹੈ ਤਾਂ ਜੋ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ ’ਚ ਧੂੜ ਪਾਈ ਜਾ ਸਕੇ। ਦੂਜੇ ਪਾਸੇ ਸਰਹੱਦ ’ਤੇ ਕੰਡਿਆਲੀ ਤਾਰ ’ਤੇ ਬੀ. ਐੱਸ. ਐੱਫ. ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਬੀ. ਐੱਸ. ਐੱਫ. ਅਜੇ ਵੀ ਪ੍ਰੰਪਰਾਗਤ ਤਰੀਕੇ ਨਾਲ ਕੰਮ ਕਰ ਰਹੀ ਹੈ, ਜੋ ਸੁਰੱਖਿਆ ਦੇ ਲਿਹਾਜ਼ ਨਾਲ ਠੀਕ ਨਹੀਂ ਹੈ।

ਇਹ ਵੀ ਪੜ੍ਹੋ : ਲੜਕਾ ਪੈਦਾ ਕਰਨ ਲਈ ਬਣਾ ਰਹੇ ਸਨ ਦਬਾਅ, ਸਹਿਮਤੀ ਨਾ ਦੇਣ ’ਤੇ ਗਲ਼ਾ ਘੁੱਟ ਕੇ ਮਾਰਨ ਦੀ ਕੀਤੀ ਕੋਸ਼ਿਸ਼

ਚਿੱਟੇ ਦੇ ਸਮੱਗਲਰਾਂ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਹੈਰੋਇਨ ਸਮੱਗਲਰਾਂ ਦਾ ਨੈੱਟਵਰਕ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਲੈ ਕੇ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੱਕ ਫੈਲਿਆ ਹੋਇਆ ਹੈ। ਸਮੱਗਲਰ ਚਿੱਟੇ ਦੀ ਸਮੱਗਲਿੰਗ ਕਰਨ ਲਈ ਹਵਾ, ਪਾਣੀ ਅਤੇ ਸੜਕੀ ਰੋਡ ਤਿੰਨਾਂ ਦੀ ਵਰਤੋਂ ਕਰ ਰਹੇ ਹਨ ਅਤੇ ਜਿੱਥੇ ਕਿਤੇ ਵੀ ਕੋਈ ਕਮਜ਼ੋਰ ਕੜੀ ਨਜ਼ਰ ਆਉਂਦੀ ਹੈ, ਉਸ ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ : ਆਨਲਾਈਨ ਸਾਈਟ 'ਤੇ ਲੱਭੀ ਸੀ ਲਾੜੀ, ਬੱਚਾ ਜੰਮਣ ਤੋਂ ਬਾਅਦ ਪੈ ਗਿਆ ਭੜਥੂ, ਜਾਣੋ ਹੈਰਾਨ ਕਰ ਦੇਣ ਵਾਲਾ ਮਾਮਲਾ

ਅਟਾਰੀ ਬਾਰਡਰ ਦੀ ਗੱਲ ਕਰੀਏ ਤਾਂ 532 ਕਿਲੋ ਅਤੇ 52 ਕਿਲੋ ਹੈਰੋਇਨ ਦੀ ਖੇਪ ਤੋਂ ਬਾਅਦ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਵੀ 105 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ, ਜਦਕਿ ਮੁੰਦਰਾ ਪੋਰਟ ਅਤੇ ਗੁਜਰਾਤ ਦੀਆਂ ਹੋਰ ਬੰਦਰਗਾਹਾਂ ’ਤੇ 3300 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ। ਅਜਿਹਾ ਹੀ ਮਾਮਲਾ ਮੁੰਬਈ ਬੰਦਰਗਾਹਾਂ ਦਾ ਹੈ, ਜਿੱਥੇ ਡੀ. ਆਰ. ਆਈ. ਵੱਲੋਂ ਵੱਖ-ਵੱਖ ਮਾਮਲਿਆਂ 'ਚ ਕਦੇ 210 ਕਿਲੋ ਤੇ ਕਦੇ 500 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਤਸਕਰ ਸਮੁੰਦਰੀ ਰਸਤੇ ਦੀ ਵਰਤੋਂ ਕਰ ਰਹੇ ਹਨ ਅਤੇ ਹਵਾ ਰਾਹੀਂ ਡਰੋਨਾਂ ਦੀ ਸਪਲਾਈ ਕਰਨਾ ਆਮ ਗੱਲ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਭੈਣ ਨਾਲ ਨੌਜਵਾਨ ਦੀ ਦੋਸਤੀ ਨਹੀਂ ਸੀ ਪਸੰਦ, ਕਤਲ ਕਰਨ ਤੋਂ ਬਾਅਦ ਗਿਆ ਗੰਗਾ ਨਹਾਉਣ

ਐਂਟੀ-ਡਰੋਨ ਤਕਨੀਕ ਦੀ ਘਾਟ ਵੱਡੀ ਲਾਪ੍ਰਵਾਹੀ

ਡਰੋਨ ਵਰਗੇ ਖਤਰਨਾਕ ਉਪਕਰਨਾਂ ਨੂੰ ਕੰਟਰੋਲ ਕਰਨ ਲਈ ਆਧੁਨਿਕ ਦੇਸ਼ਾਂ 'ਚ ਐਂਟੀ-ਡਰੋਨ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਪੰਜਾਬ ਸਰਹੱਦ ’ਤੇ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਐਂਟੀ-ਡਰੋਨ ਤਕਨੀਕ ਅਜੇ ਤੱਕ ਨਹੀਂ ਲਗਾਈ ਗਈ ਹੈ। ਕੇਂਦਰ ਅਤੇ ਸੂਬਾ ਸਰਕਾਰ ਵਿਚਾਲੇ ਆਮ ਮੁੱਦਿਆਂ ’ਤੇ ਹਮੇਸ਼ਾ ਹੀ ਟਕਰਾਅ ਹੁੰਦਾ ਰਹਿੰਦਾ ਹੈ, ਜਦਕਿ ਸੁਰੱਖਿਆ ਦੇ ਮਾਮਲੇ ’ਚ ਵੀ ਇਹ ਟਕਰਾਅ ਸਾਫ਼ ਦਿਖਾਈ ਦਿੰਦਾ ਹੈ।

ਕੇਂਦਰੀ ਏਜੰਸੀਆਂ ਦੇ ਦਫ਼ਤਰ ਖੋਲ੍ਹਣ ’ਤੇ ਚਿੱਟੇ ਦੀ ਸਮੱਗਲਿੰਗ ’ਤੇ ਲੱਗੇਗੀ ਲਗਾਮ

ਕੇਂਦਰ ਸਰਕਾਰ ਨੇ ਅੰਮ੍ਰਿਤਸਰ ’ਚ ਕੁਝ ਵੱਡੀਆਂ ਸੁਰੱਖਿਆ ਏਜੰਸੀਆਂ ਦੇ ਦਫ਼ਤਰ ਖੋਲ੍ਹਣ ਦਾ ਐਲਾਨ ਕੀਤਾ ਹੈ। ਇਨ੍ਹਾਂ ਏਜੰਸੀਆਂ ਦੇ ਦਫ਼ਤਰ ਖੁੱਲ੍ਹਣ ਨਾਲ ਚਿੱਟੇ ਦੀ ਸਮੱਗਲਿੰਗ ਨੂੰ ਕਾਫੀ ਹੱਦ ਤੱਕ ਠੱਲ੍ਹ ਪਾਉਣ ਦੀ ਸੰਭਾਵਨਾ ਬਣ ਸਕਦੀ ਹੈ ਕਿਉਂਕਿ ਆਮ ਤੌਰ 'ਤੇ ਸਰਹੱਦੀ ਇਲਾਕਿਆਂ ’ਚ ਅਜਿਹੇ ਲੋਕ ਹੀ ਤਸਕਰੀ ਕਰਦੇ ਹਨ, ਜੋ ਕਿਸੇ ਨਾ ਕਿਸੇ ਵੱਡੇ ਲੀਡਰ ਦੀ ਛਤਰ-ਛਾਇਆ ਹੇਠ ਹੁੰਦੇ ਹਨ। ਕੁਝ ਮਾਮਲਿਆਂ ’ਚ ਵੱਡੇ ਨੇਤਾਵਾਂ ਦੇ ਨਾਂ ਵੀ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਜਾਸੂਸੀ ਕਾਂਡ 'ਚ LG ਨੇ ਸਿਸੋਦੀਆ ਖ਼ਿਲਾਫ਼ ਕੇਸ ਚਲਾਉਣ ਦੀ ਸਿਫਾਰਸ਼ ਕਰ ਫਾਈਲ ਰਾਸ਼ਟਰਪਤੀ ਨੂੰ ਭੇਜੀ

ਡੀ. ਆਰ. ਆਈ. ਤੇ ਕਸਟਮ ਵਿਭਾਗ ਦੀ ਭੂਮਿਕਾ ਵੀ ਸ਼ੱਕੀ

ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਚਿੱਟੇ ਦੀ ਸਮੱਗਲਿੰਗ ਰੋਕਣ ਲਈ ਡੀ. ਆਰ. ਆਈ. ਤੇ ਕਸਟਮ ਵਿਭਾਗ ਕਾਫੀ ਮਸ਼ਹੂਰ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਦੋਵਾਂ ਵਿਭਾਗਾਂ ਦੀ ਭੂਮਿਕਾ ਕਾਫੀ ਸ਼ੱਕੀ ਰਹੀ ਹੈ। ਵੱਡੇ-ਵੱਡੇ ਕੇਸ ਬਣਾਉਣ ਵਾਲੀ ਡੀ. ਆਰ. ਆਈ. ਤੇ ਕਸਟਮ ਵਿਭਾਗ ਤਸਕਰਾਂ ਅਤੇ ਤਸਕਰੀ ਰੋਕਣ ਦੇ ਮਾਮਲੇ 'ਚ ਪਿੱਛੇ ਹਟਦਾ ਨਜ਼ਰ ਆ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News