ਨੇਪਾਲ ਇੰਟਰਨੈਸ਼ਨਲ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਤੋਂ ਹੋਇਆ ਰਵਾਨਾ
Friday, Oct 11, 2019 - 12:41 PM (IST)

ਫਤਿਹਗੜ੍ਹ ਸਾਹਿਬ (ਜਗਦੇਵ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਮਹਾਨ ਇੰਟਰਨੈਸ਼ਨਲ ਨਗਰ ਕੀਰਤਨ ਕਾਠਮੰਡੂ (ਨੇਪਾਲ) ਤੋਂ ਆਰੰਭ ਹੋ ਕੇ ਵੱਖ-ਵੱਖ ਰਾਜਾਂ, ਜ਼ਿਲਿਆਂ ਤੇ ਸ਼ਹਿਰਾਂ ਤੋਂ ਹੁੰਦਾ ਦੇਰ ਰਾਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਿਆ, ਜਿੱਥੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਕਾਂ ਤੇ ਹਲਕੇ ਦੀ ਸੰਗਤ ਵੱਲੋਂ ਨਗਰ ਕੀਰਤਨ ਦਾ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਦੇਰ ਰਾਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਪਹੁੰਚੇ ਇਸ ਪਹਿਲੇ ਮਹਾਨ ਇੰਟਰਨੈਸ਼ਨਲ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਠਹਿਰਾਓ ਹੋਣ ਉਪਰੰਤ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ।
ਕਾਠਮੰਡੂ ਤੋਂ ਨਗਰ ਕੀਰਤਨ ਨਾਲ ਪਹੁੰਚੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਰਸਤੇ 'ਚ ਥਾਂ-ਥਾਂ 'ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਤੇ ਰਹਿਣ ਦੇ ਉਚੇਚੇ ਤੌਰ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਸਮਾਪਤੀ ਅਰਦਾਸ ਭਾਈ ਹਰਜਿੰਦਰ ਸਿੰਘ ਪੰਜੋਲੀ ਵੱਲੋਂ ਕੀਤੀ ਗਈ। ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ 4 ਅਕਤੂਬਰ ਨੂੰ ਕਾਠਮੰਡੂ ਨੇਪਾਲ ਤੋਂ ਆਰੰਭ ਹੋਇਆ ਤੇ ਵੱਖ ਵੱਖ ਰਾਜਾਂ, ਜ਼ਿਲਿਆਂ, ਸ਼ਹਿਰਾਂ ਤੇ ਡੇਰਾ ਬਾਬਾ ਨਾਨਕ ਭਾਰਤ ਪਾਕਿਸਤਾਨ ਦੇ ਬਾਰਡਰ ਤੋਂ ਹੁੰਦਾ ਹੋਇਆ 17 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ ਤੇ ਇਹ ਪਹਿਲਾ ਮਹਾਨ ਇੰਟਰਨੈਸ਼ਨਲ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੋਸਾਇਟੀ ਇੰਟਰਨੈਸ਼ਨਲ ਯੂ. ਐੱਸ. ਏ., ਸਮੂਹ ਸਾਧ ਸੰਗਤ, ਯੂ. ਪੀ. ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸਜਾਇਆ ਗਿਆ।
ਇਸ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਨੱਥਾ ਸਿੰਘ ਨੇ ਕਿਹਾ ਕਿ ਇਸ ਨਗਰ ਕੀਰਤਨ ਦਾ ਰਾਤ ਠਹਿਰਾਓ ਹੋਣ ਉਪਰੰਤ ਸਵੇਰੇ ਆਪਣੇ ਪੜਾਅ ਲਈ ਚਾਲੇ ਪਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਨੱਥਾ ਸਿੰਘ, ਐਡੀਸ਼ਨਲ ਮੈਨੇਜਰ ਕਰਮਜੀਤ ਸਿੰਘ, ਐਡੀਸ਼ਨਲ ਮੈਨੇਜਰ ਦਰਸ਼ਨ ਸਿੰਘ, ਰਿਕਾਰਡਕੀਪਰ ਹਰਜੀਤ ਸਿੰਘ, ਗ੍ਰੰਥੀ ਸਿੰਘ ਨਿਰਮਲ ਸਿੰਘ, ਦਲਵੀਰ ਸਿੰਘ, ਨਰਵੀਰ ਸਿੰਘ ਤੇ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।