ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-6)
Wednesday, Apr 29, 2020 - 05:54 PM (IST)
ਗੁਰਤੇਜ ਸਿੰਘ ਕੱਟੂ
98155 94197
ਜਦੋਂ ਕਮਿਊਨਿਜ਼ਮ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ...
1948 ’ਚ ਆਮ ਚੋਣਾਂ ਹੋਈਆਂ ਸਨ। ਇਸ ਸਮੇਂ ਜਨਰਲ ਸਮੈਟਸ ਦੀ ਯੂਨਾਈਟਿਡ ਪਾਰਟੀ ਅਤੇ ਪੁਨਰ ਸੰਗਠਿਤ ਨੈਸ਼ਨਲਿਸਟ ਪਾਰਟੀ ਵਿਚ ਸਿੱਧਾ ਮੁਕਾਬਲਾ ਸੀ। ਜਨਰਲ ਸਮੈਟਸ ਦੂਸਰੇ ਵਿਸ਼ਵ ਯੁੱਧ ’ਚ ਮਿੱਤਰ ਦੇਸ਼ਾਂ ਦੇ ਹੱਕ ’ਚ ਸੀ, ਪਰ ਨੈਸ਼ਨਲਿਸਟ ਪਾਰਟੀ ਨਾਜ਼ੀ ਜਰਮਨੀ ਦੀ ਸਮਰਥਕ ਸੀ। ਭਾਵੇਂ ਉਸ ਸਮੇਂ ਅਫ਼ਰੀਕੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਪਰ ਫੇਰ ਵੀ ਅਫ਼ਰੀਕੀ ਇਸ ਬਾਰੇ ਚੇਤੰਨ ਰਹਿੰਦੇ ਸਨ ਕਿ ਕਿਹੜੀ ਪਾਰਟੀ ਜਿੱਤ ਰਹੀ ਹੈ। ਇਨ੍ਹਾਂ ਚੋਣਾਂ ’ਚ ਆਖ਼ਰ ਨੈਸ਼ਨਲਿਸਟ ਪਾਰਟੀ ਦੀ ਜਿੱਤ ਹੋਈ।
ਨੈਸ਼ਨਲਿਸਟ ਪਾਰਟੀ ਦੇ ਦੋ ਨਾਅਰੇ ਸਨ, “ਅਫ਼ਰੀਕੀ ਲੋਕਾਂ ਨੂੰ ਔਕਾਤ ’ਚ ਰੱਖੋ” ਅਤੇ “ਭਾਰਤੀਆਂ ਨੂੰ ਦੱਖਣੀ ਅਫ਼ਰੀਕਾ ’ਚੋਂ ਬਾਹਰ ਕੱਢੋ”।
ਮੂਲ ਅਫ਼ਰੀਕੀਆਂ ਨੂੰ ਨੈਸ਼ਨਲਿਸਟ ਪਾਰਟੀ ਦੀ ਜਿੱਤ ਕਾਰਨ ਵੱਡਾ ਧੱਕਾ ਲੱਗਾ ਸੀ, ਕਿਉਂਕਿ ਇਹ ਇਕ ਕੱਟੜਵਾਦੀ ਪਾਰਟੀ ਸੀ, ਜਿਸਦਾ ਅਫ਼ਰੀਕੀਆਂ ’ਤੇ ਨਸਲ ਭੇਦ ਪ੍ਰਤੀ ਰਵੱਈਆ ਬਿਲਕੁਲ ਵੀ ਚੰਗਾ ਨਹੀਂ ਸੀ। ਇਸ ਪਾਰਟੀ ਦੇ ਸੱਤਾ ’ਚ ਆਉਣ ਕਾਰਨ ਅਫ਼ਰੀਕਾ ’ਚ ਤਨਾਅ ਤੇ ਖ਼ਤਰਾ ਹੋਰ ਵੱਧ ਗਿਆ ਸੀ।
ਮਾਲਾਨ ਨੇ ਆਪਣੀ ਜਿੱਤ ਦੇ ਭਾਸ਼ਣ ’ਚ ਕਿਹਾ, “ਦੱਖਣੀ ਅਫ਼ਰੀਕਾ ਇਕ ਵਾਰ ਫ਼ੇਰ ਸਾਡਾ ਹੋ ਗਿਆ।” ਮਾਲਾਨ ਸਰਕਾਰ ਨੇ ਸੱਤਾ ਸੰਭਾਲਣ ਦੇ ਕੁਝ ਹੀ ਹਫ਼ਤਿਆਂ ਬਾਅਦ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। 1949 ’ਚ ਇਸ ਸਰਕਾਰ ਨੇ ਬਹੁਤ ਸਾਰੇ ਨਵੇਂ ਕਾਨੂੰਨ ਲਾਗੂ ਕਰਵਾਏ, ਜੋ ਅਫ਼ਰੀਕੀਆਂ ਦੇ ਵਿਰੁੱਧ ਸਨ। ਸਰਕਾਰ ਨੇ ‘ਸਮੂਹਿਕ ਇਲਾਕਾ ਕਾਨੂੰਨ’ ਲਾਗੂ ਕਰ ਦਿੱਤਾ ਸੀ, ਜਿਸ ਅਨੁਸਾਰ ਸਰਕਾਰ ਹੁਣ ਅਫ਼ਰੀਕੀਆਂ ਤੋਂ ਜ਼ੋਰ ਜ਼ਬਰਦਸਤੀ ਨਾਲ ਅਫ਼ਰੀਕੀਆਂ ਦੀਆਂ ਜ਼ਮੀਨਾਂ ਹਥਿਆਉਣ ਲੱਗ ਪਈ ਸੀ।
1949 ’ਚ ਅਫ਼ਰੀਕਨ ਨੈਸ਼ਨਲ ਕਾਂਗਰਸ ਨੇ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਖ਼ਤਰੇ ਦਾ ਸਾਹਮਣਾ ਕਰਨ ਲਈ ਇਕ ਵਿਸ਼ਾਲ ਜਨਤਕ ਅੰਦੋਲਨ ਦਾ ਰੂਪ ਦੇਣ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਸਨ।
ਯੂਥ ਲੀਗ ਨੇ ਇਕ ਯੋਜਨਾ ਉਲੀਕੀ ਜਿਸ ’ਚ ਜਨ-ਸਾਧਾਰਨ ਨੂੰ ਇਕੱਠੇ ਹੋਣ ਲਈ ਕਿਹਾ ਗਿਆ। ਇਸ ਯੋਜਨਾ ਵਿਚ ਬਾਈਕਾਟ, ਹੜਤਾਲਾਂ, ਘਰ ਬੈਠੇ ਅੰਦੋਲਨ, ਅਹਿੰਸਾਤਮਕ ਵਿਰੋਧ, ਧਰਨੇ ਸ਼ਾਮਲ ਕਰਨ ਦਾ ਸੁਝਾਅ ਪੇਸ਼ ਕੀਤਾ।
ਪਰ ਡਾਟਕਰ ਜ਼ੂਮਾਂ ਜੋ ਉਸ ਸਮੇਂ ਏ.ਐੱਨ.ਸੀ. ਦਾ ਪ੍ਰਧਾਨ ਸੀ, ਨੇ ਇਸ ਦਾ ਵਿਰੋਧ ਕੀਤਾ। ਜ਼ੂਮਾਂ ਦਾ ਮੰਨਣਾ ਸੀ ਕਿ ਹਾਲੇ ਹੜਤਾਲਾਂ ਲਈ ਉਚਿਤ ਸਮਾਂ ਨਹੀਂ ਆਇਆ। ਜੇਕਰ ਹੁਣ ਹੜਤਾਲਾਂ, ਧਰਨੇ ਸ਼ੁਰੂ ਕੀਤੇ ਗਏ ਤਾਂ ਇਹ ਲੋਕ-ਇਕਜੁਟਤਾ ਦੀ ਘਾਟ ਕਾਰਨ ਸੰਘਰਸ਼ ’ਚ ਅਸੰਤੁਲਨ ਪੈਦਾ ਹੋ ਜਾਵੇਗਾ। ਕੁਝ ਸਮੇਂ ਬਾਅਦ ਏ.ਐੱਨ.ਸੀ. ਦੇ ਪ੍ਰਧਾਨ ਦੀ ਦੁਬਾਰਾ ਤੋਂ ਚੋਣ ਹੋਈ, ਜਿਸ ’ਚ ਡਾਕਟਰ ਜ਼ੂਮਾ ਦੀ ਥਾਂ ਹੁਣ ਨਵਾਂ ਪ੍ਰਧਾਨ ਡਾਕਟਰ ਮੋਰੋਕਾ ਬਣਾਇਆ ਗਿਆ।
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-5)
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-4)
ਪੜ੍ਹੋ ਇਹ ਵੀ ਖਬਰ - ਕੀ ਮੋਬਾਈਲ ਫੋਨ ਨਾਲ ਵੀ ਫੈਲਦਾ ਹੈ ਕੋਰੋਨਾ ਵਾਇਰਸ, ਸੁਣੋ ਇਹ ਵੀਡੀਓ
ਏ.ਐੱਨ.ਸੀ. ਦਾ ਨਵਾਂ ਪ੍ਰਧਾਨ ਚੁਣਨ ਦੇ ਬਾਅਦ ਏ.ਐੱਨ.ਸੀ. ਨੇ ਇਕ ਦਿਨ ਦੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ। ਇਸ ਹੜਤਾਲ ’ਚ ਏ.ਐੱਨ.ਸੀ. ਦੇ ਨਾਲ ਕਮਿਊਨਿਸਟ ਪਾਰਟੀ ਅਤੇ ਭਾਰਤੀ ਮੂਲ ਕਾਂਗਰਸ ਨੇ ਵੀ ਸਾਥ ਦਿੱਤਾ ਸੀ। ਇਹ ਹੜਤਾਲ 1 ਮਈ ਦੇ ਦਿਨ ਨੂੰ ਕੀਤੀ ਜਾਣੀ ਸੀ ਅਤੇ ਇਸ ਨੂੰ ਆਜ਼ਾਦੀ ਦਿਵਸ ਦਾ ਨਾਮ ਦੇ ਦਿੱਤਾ ਗਿਆ ਸੀ। ਇਹ ਸਾਰੇ ਭੇਦ-ਭਾਵ ਕਰਨ ਵਾਲੇ ਕਾਨੂੰਨਾਂ ਅਤੇ ਅਫ਼ਰੀਕੀਆਂ ਦੇ ਮੂਲ ਨਿਵਾਸੀ ‘ਪਾਸ’ ਰੱਖਣ ਦੇ ਵਿਰੋਧ ’ਚ ਕੀਤੀ ਜਾਣੀ ਸੀ, ਜੋ ਉਥੋਂ ਦੀ ਸਰਕਾਰ ਨੇ ਅਫ਼ਰੀਕੀ ਲੋਕਾਂ ਲਈ ਇਹ ਪਾਸ ਆਪਣੇ ਗਲ ’ਚ ਪਾ ਕੇ ਹਰ ਸਮੇਂ ਰੱਖਣਾ ਲਾਗੂ ਕੀਤਾ ਹੋਇਆ ਸੀ। ਇਸ ਪਾਸ ਤੋਂ ਬਗੈਰ ਕੋਈ ਵੀ ਅਫ਼ਰੀਕੀ ਆਪਣੇ ਘਰ ਤੋਂ ਬਾਹਰ ਕਦਮ ਨਹੀਂ ਰੱਖ ਸਕਦਾ ਸੀ। ਜੇਕਰ ਉਹ ਇਹ ਪਾਸ ਘਰ ਭੁੱਲ ਜਾਂਦਾ ਤਾਂ ਉਸਨੂੰ ਸੜਕ ਤੋਂ ਚੁੱਕ ਕੇ ਜੇਲ੍ਹ ’ਚ ਸੁੱਟ ਦਿੱਤਾ ਜਾਂਦਾ।
ਨੈਲਸਨ ਇਸ ਹੜਤਾਲ ਨਾਲ ਤਾਂ ਸਹਿਮਤ ਸੀ ਪਰ ਉਸਨੂੰ ਇਕ ਮਈ ਵਾਲਾ ਖ਼ਾਸ ਦਿਨ ਚੁਣਨ ’ਤੇ ਇਤਰਾਜ਼ ਸੀ, ਕਿਉਂਕਿ ਉਹ ਸੋਚਦਾ ਸੀ ਕਿ ਇਕ ਮਈ ਵਾਲਾ ਦਿਨ ਚੁਣ ਕੇ ਕਮਿਊਨਿਸਟ ਪਾਰਟੀ, ਏ.ਐਨ.ਸੀ. ਦੇ ਰੋਸ ਪ੍ਰਗਟਾਵੇ ਦੇ ਕੌਮੀ ਦਿਨ ਦਾ ਸਾਰਾ ਸਿਹਰਾ ਆਪਣੇ ਸਿਰ ਲੈਣਾ ਚਾਹੁੰਦੀ ਸੀ। ਇਸ ਲਈ ਨੈਲਸਨ ਨੇ ਮਈ ਦਿਵਸ ਦੀ ਇਸ ਪ੍ਰਸਤਾਵਿਤ ਹੜਤਾਲ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਇਹ ਫ਼ੈਸਲਾ ਏ.ਐਨ.ਸੀ. ਦਾ ਨਹੀਂ ਅਤੇ ਸਾਨੂੰ ਸਿਰਫ਼ ਅੰਦੋਲਨ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ।
ਹੜਤਾਲ ਵਾਲੇ ਦਿਨ ਲਗਭਗ ਦੋ ਤਿਹਾਈ ਮਜ਼ਦੂਰਾਂ ਨੇ ਆਪਣੇ-ਆਪਣੇ ਕੰਮਾਂ ਦਾ ਬਾਈਕਾਟ ਕਰ ਦਿੱਤਾ। ਇਸ ਰੋਸ ਮਾਰਚ ’ਚ ਸ਼ਾਂਤ ਬੈਠੇ ਲੋਕਾਂ ’ਤੇ ਪੁਲਸ ਨੇ ਬਿਨਾ ਕਿਸੇ ਚਿਤਾਵਨੀ ਦਿੰਦਿਆਂ ਗੋਲੀ ਚਲਾ ਦਿੱਤੀ। ਸਭ ਲੋਕ ਜ਼ਮੀਨ ’ਤੇ ਮੂਧੇ ਲੇਟ ਗਏ ਅਤੇ ਪੁਲਸ ਨੇ ਇਨ੍ਹਾਂ ’ਤੇ ਡਾਂਗਾਂ ਵਰ੍ਹਾ ਦਿੱਤੀਆਂ। ਇਸ ਬੇਵਜ੍ਹਾ ਅਤੇ ਅੰਧਾਧੁੰਦ ਹਮਲੇ ’ਚ 18 ਅਫ਼ਰੀਕੀਆਂ ਦੀ ਜਾਨ ਚਲੀ ਗਈ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ ਸਨ।
ਬਾਅਦ ’ਚ ਭਾਵੇਂ ਇਸ ਘਟਨਾ ਦੀ ਬਹੁਤ ਨਿੰਦਾ ਹੋਈ ਸੀ ਪਰ ਨੈਸ਼ਨਲਿਸਟ ਪਾਰਟੀ ਦੀ ਸਰਕਾਰ ਨੇ ਆਪਣਾ ਦਮਨ ਚੱਕਰ ਹੋਰ ਤੇਜ਼ ਕਰ ਦਿੱਤਾ ਸੀ। ਸਰਕਾਰ ਨੇ ਕਮਿਊਨਿਸਟ ਪਾਰਟੀ ਨੂੰ ਗ਼ੈਰ-ਕਨੂੰਨੀ ਘੋਸ਼ਿਤ ਕਰ ਦਿੱਤਾ ਅਤੇ ਇਸ ਪਾਰਟੀ ਮੈਂਬਰ ਦਾ ਬਣਨ ਵਾਲੇ ਅਤੇ ਕਮਿਊਨਿਸਟ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲਈ ਸਰਕਾਰ ਨੇ ਦਸ ਸਾਲ ਦੀ ਕੈਦ ਵੀ ਮੁਕੱਰਰ ਕਰ ਦਿੱਤੀ। ਗੱਲ ਕੀ, ਸਰਕਾਰ ਨੇ ਕਾਨੂੰਨ ਇਸ ਤਰ੍ਹਾਂ ਦੇ ਬਣਾ ਦਿੱਤੇ ਕਿ ਜੋ ਵੀ ਸਰਕਾਰ ਦਾ ਵਿਰੋਧ ਕਰੇਗਾ, ਉਸਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰਕੇ ਜੇਲ੍ਹ ’ਚ ਸੁੱਟ ਦਿੱਤਾ ਜਾਵੇਗਾ।
18 ਅਫ਼ਰੀਕੀਆਂ ਦੇ ਕਤਲ ਤੇ ਕਮਿਊਨਿਸਟਾਂ ਉੱਪਰ ਸਰਕਾਰ ਵਲੋਂ ਰੋਕ ਲਾਉਣ ਵਾਲੇ ਕਾਨੂੰਨ ਦੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਸਾਊਥ ਅਫ਼ਰੀਕਨ ਇੰਡੀਅਨ ਕਾਂਗਰਸ, ਅਫ਼ਰੀਕਨ ਪੀਪਲਜ਼ ਔਰਗੇਨਾਈਜੇਸ਼ਨ ਅਤੇ ਏ.ਐੱਨ.ਸੀ. ਨੇ 26 ਜੂਨ 1960 ਨੂੰ ਸਾਂਝੇ ਤੌਰ ’ਤੇ ਇਕ ਰਾਸ਼ਟਰੀ ਰੋਸ ਦਿਵਸ ਮਨਾਉਣ ਦਾ ਫ਼ੈਸਲਾ ਲਿਆ। ਹੁਣ ਸਾਰੀਆਂ ਜਥੇਬੰਦੀਆਂ ਆਪਸੀ ਮਤਭੇਦ ਮਿਟਾ ਕੇ ਇਕੱਠੇ ਇਸ ਦੀਆਂ ਤਿਆਰੀਆਂ ’ਚ ਜੁੱਟ ਗਈਆਂ।
ਨੈਲਸਨ ਨੂੰ ਏ.ਐੱਨ.ਸੀ. ਦੀ ਕਾਰਜਕਾਰਨੀ ’ਚ ਸਾਂਝੇ ਤੌਰ ’ਤੇ ਨਾਮਜ਼ਦ ਕੀਤਾ ਗਿਆ। ਹੁਣ ਨੈਲਸਨ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਹੋਣ ਦੇ ਨਾਤੇ ਉਹ ਏ.ਐੱਨ.ਸੀ. ਦੇ ਚੋਟੀ ਦੇ ਮੈਂਬਰਾਂ ਨਾਲ ਇਸਦੀ ਸਭ ਤੋਂ ਉਪਰਲੀ ਸੰਸਥਾ ’ਚ ਬੈਠਾ ਸੀ। ਇਹ ਨੈਲਸਨ ਲਈ ਮਾਣ ਵਾਲੀ ਗੱਲ ਸੀ ਪਰ ਹੁਣ ਉਸਦੇ ਕੰਮ ਹੋਰ ਵੀ ਵੱਧ ਗਏ ਸਨ।
26 ਜੂਨ ਨੂੰ ਏ.ਐੱਨ.ਸੀ. ਤੇ ਹੋਰ ਜਥੇਬੰਦੀਆਂ ਨੇ ਰਾਸ਼ਟਰੀ ਰੋਸ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਰੋਸ ਕਾਰਵਾਈ ਦੇ ਪਹਿਲੇ ਦਿਨ ਠੀਕ-ਠਾਕ ਜਿਹੀ ਸਫ਼ਲਤਾ ਹੀ ਮਿਲੀ ਪਰ ਇਹ ਰਾਸ਼ਟਰੀ ਰੋਸ ਕਾਰਵਾਈ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਆ ਗਈ ਸੀ। ਇਸ ਰੋਸ ਦਿਵਸ ਦੇ ਕਈ ਫਾਇਦੇ ਹੋਏ, ਇਕ ਤਾਂ ਰੋਸ ਕਰ ਰਹੀਆਂ ਜਥੇਬੰਦੀਆਂ ਦਾ ਹੌਸਲਾ ਵਧਿਆ, ਦੂਸਰਾ ਇਹਨਾਂ ਜਥੇਬੰਦੀਆਂ ਨੂੰ ਆਪਣੀ ਸ਼ਕਤੀ ਦਾ ਸਹੀ ਅੰਦਾਜ਼ਾ ਵੀ ਹੋ ਗਿਆ ਅਤੇ ਸਰਕਾਰ ਪ੍ਰਤੀ ਵੀ ਚਿਤਾਵਨੀ ਸੀ ਕਿ ਰੰਗਭੇਦ ਦੀ ਨੀਤੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 26 ਜੂਨ ਨੂੰ ਏ.ਐੱਨ.ਸੀ. ਤੇ ਬਾਕੀ ਜਥੇਬੰਦੀਆਂ ਨੇ ਇਕ ਖਾਸ ਤੇ ਮਹੱਤਵਪੂਰਨ ਦਿਨ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਸੀ।
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-3)
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-2)
ਪੜ੍ਹੋ ਇਹ ਵੀ ਖਬਰ - ਜਾਣੋ ਕੀ ਵਿਟਾਮਿਨ-ਡੀ ਅਤੇ ਧੁੱਪ ਸੇਕਣ ਨਾਲ ਕੋਰੋਨਾ ਵਾਇਰਸ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ (ਵੀਡੀਓ)
ਰੋਸ ਦਿਵਸ ਦੀਆਂ ਤਿਆਰੀਆਂ ਸਮੇਂ ਹੀ ਨੈਲਸਨ ਦੇ ਘਰ ਦੂਸਰੇ ਪੁੱਤਰ ਮੈਕਗਾਥੋ ਲੇਵਾਨੀ ਦਾ ਜਨਮ ਹੋਇਆ ਸੀ। ਜਦੋਂ ਬੱਚੇ ਦਾ ਜਨਮ ਹੋਇਆ ਤਾਂ ਨੈਲਸਨ ਉਸ ਸਮੇਂ ਰੋਸ ਦਿਵਸ ਦੀਆਂ ਕਾਰਵਾਈਆਂ ’ਚ ਬਹੁਤ ਜ਼ਿਆਦਾ ਰੁੱਝਿਆ ਰਹਿੰਦਾ ਸੀ। ਇਸ ਕਰਕੇ ਨੈਲਸਨ ਬੱਚੇ ਦੇ ਜਨਮ ਸਮੇਂ ਕੁਝ ਮਿੰਟ ਹੀ ਉਥੇ ਰੁੱਕ ਸਕਿਆ ਸੀ। ਅਸਲ ’ਚ ਆਜ਼ਾਦੀ ਘੁਲਾਟੀਆਂ ਨੂੰ ਆਪਣੀ ਪਰਿਵਾਰਿਕ ਜ਼ਿੰਦਗੀ ਕੁਰਬਾਨ ਕਰਨੀ ਪੈਂਦੀ ਹੈ। ਨੈਲਸਨ ਨੂੰ ਘਰ ਜਾਣ ਦਾ ਸਮਾਂ, ਆਪਣੇ ਪਰਿਵਾਰ ਨਾਲ ਹੱਸਣ, ਖੇਡਣ ਦਾ ਸਮਾਂ ਘੱਟ ਹੀ ਮਿਲਦਾ। ਉਸਦਾ ਜ਼ਿਆਦਾ ਸਮਾਂ ਹੁਣ ਏ.ਐੱਨ.ਸੀ. ਦੇ ਕਾਰਜਕਾਰੀ ਮੈਂਬਰ ਦੀਆਂ ਸਰਗਰਮਆਂ ਵਜੋਂ ਹੀ ਲੰਘਦਾ।
ਹੁਣ ਨੈਲਸਨ ਦਾ ਕਮਿਊਨਿਸਟ ਵਿਚਾਰਾਂ ਪ੍ਰਤੀ ਦ੍ਰਿਸ਼ਟੀਕੋਣ ਪਹਿਲਾਂ ਨਾਲੋਂ ਬਦਲ ਗਿਆ ਸੀ। ਪਹਿਲਾਂ ਤਾਂ ਉਹ ਕਮਿਊਨਿਸਟਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਸੀ ਪਰ ਹੁਣ ਕਮਿਊਨਿਸਟ ਵਿਚਾਰਧਾਰਾ ਵਾਲੇ ਕਾਫ਼ੀ ਲੋਕ ਉਸਦੇ ਦੋਸਤ ਬਣ ਗਏ ਸਨ। ਨੈਲਸਨ ਜਦੋਂ ਉਨ੍ਹਾਂ ਨਾਲ ਰਾਜਨੀਤਿਕ ਬਹਿਸਾਂ ਕਰਦਾ ਤਾਂ ਉਸ ਨੂੰ ਆਪਣੀ ਅਗਿਆਨਤਾ ਮਹਿਸੂਸ ਹੋਣ ਲੱਗਦੀ ਕਿਉਂਕਿ ਉਸਨੇ ਕਦੀ ਮਾਰਕਸਵਾਦੀ ਵਿਚਾਰਧਾਰਾ ਨਹੀਂ ਪੜ੍ਹੀ ਸੀ। ਇਸ ਅਗਿਆਨਤਾ ਨੂੰ ਦੂਰ ਕਰਨ ਲਈ ਨੈਲਸਨ ਨੇ ਮਾਰਕਸਵਾਦੀ ਵਿਚਾਰਧਾਰਾ ਦੇ ਫ਼ਲਸਫ਼ੇ ਅਤੇ ਸਿਧਾਂਤਾਂ ਬਾਰੇ ਕਿਤਾਬਾਂ ਇਕੱਠੀਆਂ ਕੀਤੀਆਂ। ਉਸਨੇ ਮਾਰਕਸ, ਏਂਗਲਜ਼, ਲੈਨਿਨ, ਸਟਾਲਿਨ, ਮਾਓ ਅਤੇ ਹੋਰਨਾਂ ਮਾਰਕਸੀ ਵਿਚਾਰਕਾਂ ਦੀਆਂ ਪੁਸਤਕਾਂ ਲੈ ਆਂਦੀਆਂ। ਭਾਵੇਂ ਉਸ ਕੋਲ ਪੜ੍ਹਨ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ ਸੀ ਪਰ ਫਿਰ ਵੀ ਨੈਲਸਨ ਪੜ੍ਹਨ ਲਈ ਸਮਾਂ ਕੱਢ ਹੀ ਲੈਂਦਾ। ਉਸਨੇ ਜਦੋਂ ਕਮਿਊਨਿਸਟ ਮੈਨੀਫੈਸਟੋ ਪੜ੍ਹਿਆ ਤਾਂ ਉਸ ਨੂੰ ਬਹੁਤ ਉਤਸ਼ਾਹ ਮਿਲਿਆ ਪਰ ‘ਦਾਸ ਕੈਪੀਟਲ’ ਨੇ ਤਾਂ ਉਸਨੂੰ ਥਕਾ ਕੇ ਰੱਖ ਦਿੱਤਾ ਸੀ। ਨੈਲਸਨ ਨੂੰ ਮਾਰਕਸ ਦਾ ਵਰਗ ਰਹਿਤ ਸਮਾਜ ਵਾਲਾ ਵਿਚਾਰ ਬਹੁਤ ਵਧੀਆ ਲੱਗਾ ਸੀ। ਉਹ ਮਾਰਕਸ ਦੇ ਮੂਲ ਨਿਯਮ, “ਹਰ ਕੋਈ ਆਪਣੀ ਸਮਰੱਥਾ ਮੁਤਾਬਕ ਮਿਹਨਤ ਕਰੇ, ਅਤੇ ਹਰੇਕ ਨੂੰ ਉਸਦੀ ਲੋੜ ਮੁਤਾਬਿਕ ਮਿਲੇ” ਤੋਂ ਬਹੁਤ ਪ੍ਰਭਾਵਿਤ ਹੋਇਆ। ਮਾਰਕਸ ਨੂੰ ਪੜ੍ਹ ਕੇ ਨੈਲਸਨ ਨੇ ਮਾਰਕਸਵਾਦੀਆਂ ਜਾਂ ਕਮਿਊਨਿਸਟਾਂ ਪ੍ਰਤੀ ਆਪਣੇ ਵਿਚਾਰ ਬਦਲ ਦਿੱਤੇ।
1950 ’ਚ ਕਮਿਊਨਿਜ਼ਮ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦੇਣ ਤੋਂ ਇਲਾਵਾ ਦੋ ਹੋਰ ਅਜਿਹੇ ਕਾਨੂੰਨ ‘ਜਨਸੰਖਿਆ ਰਜਿਸਟ੍ਰੇਸ਼ਨ ਕਾਨੂੰਨ’ ਅਤੇ ‘ਗਰੁੱਪ ਏਰੀਆ ਕਾਨੂੰਨ’ ਪਾਸ ਕੀਤੇ ਗਏ, ਜੋ ਅੱਗੇ ਚੱਲ ਕੇ ਸਰਕਾਰ ਦੀ ਨਸਲੀ ਵਿਤਕਰੇ ਦੀ ਨੀਤੀ ਦਾ ਆਧਾਰ ਬਣ ਗਏ ਸਨ।
ਡਾਕਟਰ ਮੋਰੋਕਾ, ਵਾਲਟਰ ਸਿਸੁਲੂ, ਜੇ.ਬੀ. ਮਾਰਕਸ, ਯੂਸਫ਼ ਦਾਦੂ ਤੇ ਯੁਸੂਫ਼ ਕਰਾਜੀਆ ਹੋਰਾਂ ਦੇ ਸੁਝਾਅ ਮੁਤਾਬਕ ਅਫ਼ਰੀਕਨ ਨੈਸ਼ਨਲ ਕਾਂਗਰਸ ਨੇ ਇਕ ਪ੍ਰਸਤਾਵ ਪਾਸ ਕੀਤਾ। ਸਰਕਾਰ ਨੂੰ ਕਮਿਊਨਿਸਟਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਵਾਲੇ ਕਾਨੂੰਨ, ਗਰੁੱਪ ਏਰੀਆ ਕਾਨੂੰਨ, ਨਸਲੀ ਆਧਾਰ ’ਤੇ ਵੱਖ-ਵੱਖ ਵੋਟਰਾਂ ਦੀ ਨੁਮਾਇੰਦਗੀ ਬਾਰੇ ਕਾਨੂੰਨ, ਮੂਲ ਨਿਵਾਸੀਆਂ ਦੇ ਪਾਸ ਰੱਖਣ ਬਾਰੇ ਕਾਨੂੰਨ ਆਦਿ ਨੂੰ 29 ਫਰਵਰੀ 1952 ਤੱਕ ਰੱਦ ਕਰ ਦੇਣ ਦਾ ਅਲਟੀਮੇਟਮ ਦੇ ਦਿੱਤਾ।
ਅਫ਼ਰੀਕਨ ਨੈਸ਼ਨਲ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਇਕ ਚਿੱਠੀ ਲਿਖੀ, ਜਿਸ ਵਿਚ ਏ.ਐੱਨ.ਸੀ. ਨੇ ਸਰਕਾਰ ਨੂੰ ਇਹ ਗ਼ੈਰਵਾਜ਼ਿਬ ਅਤੇ ਘਿਨਾਉਣੇ ਕਾਨੂੰਨ 29 ਫਰਵਰੀ ਤੱਕ ਵਾਪਿਸ ਲੈ ਲਏ ਜਾਣ ਲਈ ਚਿਤਾਵਨੀ ਦਿੱਤੀ। 29 ਫਰਵਰੀ 1952 ਦਾ ਦਿਨ ਅਫ਼ਰੀਕੀਆਂ ਲਈ ਦੁੱਖਦਾਇਕ ਦਿਨ ਸੀ, ਕਿਉਂਕਿ 300 ਸਾਲ ਪਹਿਲਾਂ 1652 ਨੂੰ ਇਸੇ ਹੀ ਦਿਨ ਡੱਚ ਜਹਾਜ਼ੀ ਜਾਨ ਵਾਨ ਰਾਈਬੀਕ ਨੇ ਕੇਪ ਦੇ ਤੱਟ ’ਤੇ ਕਦਮ ਰੱਖਿਆ ਸੀ। ਇਹ ਅਫ਼ਰੀਕੀਆਂ ਦੀ ਗ਼ੁਲਾਮੀ ਦਾ ਪਹਿਲਾ ਦਿਨ ਸੀ।
ਮਾਲਾਨ ਨੇ ਚਿੱਠੀ ਦੇ ਜਵਾਬ ’ਚ ਲਿਖਿਆ ਕਿ ਗੋਰਿਆਂ ਦਾ ਇਹ ਜਨਮ ਸਿੱਧ ਅਧਿਕਾਰ ਹੈ ਕਿ ਉਹ ਇਕ ਵੱਖਰੀ ਕੌਮ ਹੋਣ ਦੇ ਨਾਤੇ ਆਪਣੀ ਹੋਂਦ ਬਣਾ ਕੇ ਰੱਖਣ। ਪੱਤਰ ਦੇ ਅਖ਼ੀਰ ’ਚ ਮਾਲਾਨ ਨੇ ਧਮਕੀ ਵੀ ਲਿਖੀ ਕਿ ਜੇਕਰ ਏ.ਐਨ.ਸੀ. ਜਾਂ ਕਿਸੇ ਹੋਰ ਜਥੇਬੰਦੀ ਨੇ ਧਰਨੇ ਮੁਜ਼ਾਹਰਿਆਂ ਵਾਲੀ ਯੋਜਨਾ ਅੱਗੇ ਵਧਾਈ ਤਾਂ ਅਜਿਹੀਆਂ ਕਾਰਵਾਈਆਂ ਨੂੰ ਕੁਚਲ ਕੇ ਰੱਖ ਦਿੱਤਾ ਜਾਵੇਗਾ। ਮਾਲਾਨ ਵੱਲੋਂ ਇਸ ਤਰ੍ਹਾਂ ਏ.ਐੱਨ.ਸੀ. ਦੇ ਮੰਗ ਪੱਤਰ ਨੂੰ ਠੁਕਰਾਉਣ ਤੇ ਤਨਾਅ ਹੋਰ ਵੀ ਵੱਧ ਗਿਆ ਸੀ। ਪੱਤਰ ਦੇ ਅਖ਼ੀਰ ’ਚ ਮਾਲਾਨ ਦੀ ਧਮਕੀ ਯੁੱਧ ਦੇ ਬਿਗੁਲ (ਐਲਾਨ) ਵਾਂਗ ਸੀ।
ਸੋ ਏ.ਐੱਨ.ਸੀ. ਨੇ ਰੋਸ-ਮੁਜ਼ਹਾਰੇ ਸਮੇਂ ਅਹਿੰਸਕ ਰਹਿਣ ਦੀ ਘੋਸ਼ਣਾ ਕੀਤੀ। ਪਰ ਨੈਲਸਨ ਨੇ ਮੁਹਿੰਮ ਦੇ ਸ਼ੁਰੂ ’ਚ ਹੀ ਹਦਾਇਤ ਦਿੱਤੀ ਕਿ ਅਹਿੰਸਾ ਦਾ ਰਾਹ ਓਨੀ ਦੇਰ ਤੱਕ ਹੀ ਅਪਣਾਉਣਾ ਜਿੰਨੀ ਦੇਰ ਤੱਕ ਇਸਦੇ ਚੰਗੇ ਸਿੱਟੇ ਨਿਕਲਣ। ਇਸ ਰੈਲੀ ਦੌਰਾਨ ਲਗਭਗ 10 ਹਜ਼ਾਰ ਲੋਕਾਂ ਨੇ ਭਾਗ ਲਿਆ। ਨੈਲਸਨ ਨੇ ਪਹਿਲੀ ਵਾਰੀ ਏਡੀ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਸੀ। ਇਸ ਲਈ ਉਸਦਾ ਹੌਸਲਾ ਹੁਣ ਹੋਰ ਵੀ ਵੱਧ ਗਿਆ ਸੀ।
20 ਜੂਨ ਨੂੰ ਨਾ-ਫ਼ਰਮਾਨੀ ਅੰਦੋਲਨ ਸ਼ੁਰੂ ਹੋਇਆ ਇਸ ’ਚ ਜਨਤਾ ਨੇ ਵੱਧ ਤੋਂ ਵੱਧ ਹਿੱਸਾ ਲਿਆ। ਇਸ ਅੰਦੋਲਨ ’ਚ ਹਿੱਸਾ ਲੈਣ ਵਾਲਾ ਹਰ ਵਿਅਕਤੀ ਪੂਰੇ ਜਜ਼ਬੇ, ਹੌਂਸਲੇ ਅਤੇ ਇਤਿਹਾਸਕ ਭਾਵਨਾ ਨਾਲ ਭਰਪੂਰ ਸੀ। ਇਸ ਅੰਦੋਲਨ ਦਾ ਇਕ ਮਕਸਦ ਇਹ ਸੀ ਕਿ ਵੱਧ ਤੋਂ ਵੱਧ ਗ੍ਰਿਫ਼ਤਾਰੀਆਂ ਦਿੱਤੀਆਂ ਜਾਣ। ਅਖ਼ੀਰ ਏਹੀ ਹੋਇਆ। ਅੰਦੋਲਨ ਸ਼ੁਰੂ ਹੁੰਦਿਆਂ ਹੀ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਵਲੰਟੀਅਰ ਉੱਚੀ-ਉੱਚੀ “ਮਾਹਿਬੁਏ ਅਫ਼ਰੀਕਾ” (ਅਫ਼ਰੀਕਾ ਪੁਨਰ-ਸੁਰਜੀਤ) ਦੇ ਨਾਅਰੇ ਲਗਾਉਂਦੇ। ਗ੍ਰਿਫ਼ਤਾਰੀਆਂ ਸਮੇਂ ਲੋਕ ਗਾਉਂਦੇ ਕਿ ਮਾਲਾਨ, ਆਪਣੀਆਂ ਜ਼ੇਲ੍ਹਾਂ ਦੇ ਦਰਵਾਜ਼ੇ ਖੋਲ੍ਹ ਅਸੀਂ ਅੰਦਰ ਆਉਣਾ ਚਾਹੁੰਦੇ ਹਾਂ।
ਇਸ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ। ਏ.ਐੱਨ.ਸੀ. ਦੀ ਮੈਂਬਰਸ਼ਿਪ 20 ਹਜ਼ਾਰ ਤੋਂ ਵੱਧ ਕੇ ਹੁਣ 1 ਲੱਖ ’ਤੇ ਪਹੁੰਚ ਗਈ ਸੀ। ਛੇ ਮਹੀਨੇ ਤੱਕ ਚੱਲਣ ਵਾਲੇ ਇਸ ਅੰਦੋਲਨ ਦੌਰਾਨ ਨੈਲਸਨ ਦੇਸ਼ ਭਰ ’ਚ ਘੁੰਮਿਆ।
ਸੱਤਾਧਾਰੀ ਨੈਸ਼ਨਲਿਸ਼ਟ ਪਾਰਟੀ ਦਾ ਆਰੋਪ ਸੀ ਕਿ ਕਮਿਊਨਿਸਟ ਹੀ ਸਾਰੇ ਅੰਦੋਲਨ ਨੂੰ ਹਵਾ ਦੇ ਰਹੇ ਹਨ ਅਤੇ ਇਸਦੀ ਅਗਵਾਈ ਕਰ ਰਹੇ ਹਨ। ਇਸ ਲਈ ਕਾਨੂੰਨ ਮੰਤਰੀ ਨੇ ਇਕ ਨਵਾਂ ਕਾਨੂੰਨ ਪਾਸ ਕੀਤਾ। 1953 ਦੇ ਸੰਸਦ ’ਚ ‘ਜਨ ਸੁਰੱਖਿਆ ਕਾਨੂੰਨ’ ਪਾਸ ਕਰਵਾ ਕੇ ਮਾਲਾਨ ਨੇ ਆਪਣੀ ਚਿੱਠੀ ’ਚ ਦਿੱਤੀ ਧਮਕੀ ਨੂੰ ਮੁੜ ਦ੍ਰਿੜ ਕਰ ਦਿੱਤਾ ਸੀ। ਇਸ ਕਾਨੂੰਨ ਸਦਕਾ ਸਰਕਾਰ ਨੂੰ ਮਾਰਸ਼ਲ ਲਾਅ ਲਾਗੂ ਕਰਨ ਦਾ ਅਧਿਕਾਰ ਮਿਲ ਗਿਆ ਸੀ ਅਤੇ ਹੁਣ ਉਹ ਲੋਕਾਂ ਨੂੰ ਬਿਨਾਂ ਮੁਕੱਦਮੇ ਚਲਾਏ ਹੀ ਜ਼ੇਲ੍ਹਾਂ ’ਚ ਸੁੱਟ ਸਕਦੇ ਸਨ। ਫ਼ੌਜਦਾਰੀ ਕਾਨੂੰਨ ’ਚ ਵੀ ਤਰਮੀਮ ਕਰ ਦਿੱਤੀ ਸੀ।
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦਾ ਬਚਪਨ
ਪੜ੍ਹੋ ਇਹ ਵੀ ਖਬਰ - ‘ਜੇ ਭਾਰਤ ਨੂੰ ਬਚਾਉਣਾ ਹੈ ਤਾਂ ਕੋਰੋਨਾ ਟੈਸਟ ਹੋਵੇ ਮੁਫ਼ਤ’
ਸਰਕਾਰੀ ਪ੍ਰਚਾਰਕਾਂ ਨੇ ਇਹ ਝੂਠ ਪ੍ਰਚਾਰਣਾ ਸ਼ੁਰੂ ਕਰ ਦਿੱਤਾ ਕਿ ਅੰਦੋਲਨ ਦੇ ਨੇਤਾ ਆਪ ਤਾਂ ਆਰਾਮ ਕਰਦੇ ਹਨ ਅਤੇ ਜਨ ਸਾਧਾਰਨ ਜੇਲ੍ਹਾਂ ’ਚ ਸੜ ਰਹੀ ਹੈ। ਇਸ ਦਾ ਲੋਕਾਂ ’ਤੇ ਕਾਫ਼ੀ ਅਸਰ ਪੈਣ ਲੱਗਾ ਸੀ।
ਏ.ਐੱਨ.ਸੀ. ਦਾ ਕੋਈ ਵੀ ਮੈਂਬਰ ਬਣ ਸਕਦਾ ਸੀ ਇਸ ਲਈ ਸਰਕਾਰ ਨੇ ਆਪਣੇ ਕਈ ਜਾਸੂਸ ਇਸ ’ਚ ਭਰਤੀ ਕਰਵਾ ਦਿੱਤੇ ਸਨ ਜੋ ਸਮੇਂ-ਸਮੇਂ ’ਤੇ ਏ.ਐੱਨ.ਸੀ. ਦੀਆਂ ਸਰਗਰਮੀਆਂ ਬਾਰੇ ਸਰਕਾਰ ਨੂੰ ਖੁਫੀਆ ਜਾਣਕਾਰੀ ਦਿੰਦੇ ਰਹਿੰਦੇ ਸਨ। ਇਨ੍ਹਾਂ ਜਾਸੂਸਾਂ ਦਾ ਏ.ਐੱਨ.ਸੀ. ਨੂੰ ਕਾਫੀ ਨੁਕਸਾਨ ਉਠਾਉਣਾ ਪਿਆ।
30 ਜੁਲਾਈ 1952 ਦੇ ਦਿਨ ਜਦੋਂ ਅਵੱਗਿਆ ਅੰਦੋਲਨ ਪੂਰੇ ਜ਼ੋਰਾਂ ’ਤੇ ਸੀ ਤਾਂ ਇਸ ਸਮੇਂ ਨੈਲਸਨ ਨੂੰ ਅਫ਼ਰੀਕਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਇਸ ਸਮੇਂ ਨੈਲਸਨ ਐੱਚ.ਐੱਮ. ਬਸਨਰ ਨਾਮੀ ਲਾਅ ਕੰਪਨੀ ’ਚ ਨਾਲ ਦੀ ਨਾਲ ਕੰਮ ਵੀ ਕਰਦਾ ਹੁੰਦਾ ਸੀ।
ਇਕ ਦਿਨ ਨੈਲਸਨ ਆਪਣੇ ਦਫ਼ਤਰ ’ਚ ਕੰਮ ਕਾਰ ਨਿਪਟਾ ਰਿਹਾ ਸੀ ਤਾਂ ਪੁਲਸ ਨੇ ਉਸਨੂੰ ਦਫ਼ਤਰ ’ਚ ਆ ਗ੍ਰਿਫ਼ਤਾਰੀ ਵਾਰੰਟ ਦਿਖਾ ਕੇ ਗ੍ਰਿਫ਼ਤਾਰ ਕਰ ਲਿਆ। ਨੈਲਸਨ ’ਤੇ ਇਲਜ਼ਾਮ ਲਾਇਆ ਗਿਆ ਸੀ ਕਿ ਉਸਨੇ ‘ਕਮਿਊਨਿਸਟ ਦਬਾਓ ਕਾਨੂੰਨ’ ਦੀ ਉਲੰਘਣਾ ਕੀਤੀ ਸੀ। ਨੈਲਸਨ ਸਮੇਤ ਹੋਰ 21 ਵਿਅਕਤੀਆਂ ਨੂੰ ਵੀ ਏਸੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ’ਚ ਡਾਕਟਰ ਮੋਰੋਕਾ, ਵਾਲਟਰ, ਜੇ.ਬੀ. ਮਾਰਕਸ ਅਤੇ ਭਾਰਤੀ ਮੂਲ ਦੇ ਨੇਤਾ ਸ਼ਾਮਲ ਸਨ। ਇਨ੍ਹਾਂ ਉੱਪਰ ਸਤੰਬਰ ਦੇ ਮਹੀਨੇ ’ਚ ਜੋਹਾਨਸਬਰਗ ’ਚ ਮੁਕੱਦਮਾ ਚਲਾਇਆ ਗਿਆ।
ਜਿਸ ਦਿਨ ਅਦਾਲਤ ’ਚ ਇਨ੍ਹਾਂ ਦੀ ਪੇਸ਼ੀ ਹੁੰਦੀ ਹਰ ਉਸ ਦਿਨ ਲੋਕਾਂ ਦੀ ਏਨੀ ਭੀੜ ਇਕੱਠੀ ਹੋ ਜਾਂਦੀ ਕਿ ਇਹ ਇਕ ਰਾਜਨੀਤਿਕ ਰੈਲੀ ਦਾ ਰੂਪ ਹੀ ਲੈ ਲੈਂਦੀ। ਲੋਕੀਂ ਉੱਚੀ ਉੱਚੀ “ਮਾਈਬੂਏ ਅਫ਼ਰੀਕਾ” ਦੇ ਨਾਹਰੇ ਲਾਉਂਦੇ।
ਅਜਿਹੇ ਮੌਕੇ ਸੰਘਰਸ਼ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਵਧੇਰੇ ਦ੍ਰਿੜ ਕਰਦੇ ਹਨ ਪਰ ਏਥੇ ਐੱਨ ਮੌਕੇ ’ਤੇ ਡਾਕਟਰ ਮੋਰੋਕਾ ਦੇ ਵਿਸ਼ਵਾਸਘਾਤ ਨੇ ਸਾਰਾ ਮਜ਼ਾ ਕਿਰਕਿਰਾ ਕਰ ਦਿੱਤਾ। ਮੈਰੇਕਾ ਨੇ ਆਪਣਾ ਅਲੱਗ ਵਕੀਲ ਖੜਾ ਕਰ ਲਿਆ ਸੀ। ਨੈਲਸਨ ਹੁਣਾਂ ਨੂੰ ਉਸ ਸਮੇਂ ਹੋਰ ਵੀ ਝਟਕਾ ਲੱਗਾ ਜਦ ਡਾਕਟਰ ਮੋਰੋਕਾ ਨੇ ਬੜੀ ਹੀ ਬੇਸ਼ਰਮੀ ਨਾਲ ਆਪਣਾ ਮੁਆਫ਼ੀਆ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਅਤੇ ਸਰਕਾਰੀ ਗਵਾਹ ਬਣ ਕੇ ਉਹ ਸਾਰਿਆਂ ਅਸੂਲਾਂ ਤੋਂ ਹੀ ਮੁਨਕਰ ਹੋ ਗਿਆ, ਜੋ ਏ.ਐੱਨ.ਸੀ. ਦੀ ਨੀਤੀ ਦਾ ਆਧਾਰ ਸਨ। ਜਦੋਂ ਉਸ ਦੇ ਵਕੀਲ ਨੇ ਉਸਨੂੰ ਪੁੱਛਿਆ ਕਿ ਦੋਸ਼ੀਆਂ ’ਚ ਕੁਝ ‘ਕਮਿਊਨਿਸਟ’ ਵੀ ਹਨ ਤਾਂ ਡਾਕਟਰ ਮੋਰੋਕਾ ਨੇ ਨੈਲਸਨ ਹੁਣਾਂ ਵੱਲ ਉਂਗਲੀ ਕਰ ਦਿੱਤੀ। ਇਸ ਤਰ੍ਹਾਂ ਮੋਰੋਕਾ ਦੀ ਗ਼ੱਦਾਰੀ ਕਾਰਨ ਨੈਲਸਨ ਹੋਰਾਂ ਨੂੰ ਨੌਂ ਮਹੀਨਿਆਂ ਦੀ ਕੈਦ ਹੋ ਗਈ ਪਰ ਇਹ ਸਜ਼ਾ ਦੋ ਸਾਲਾਂ ਤੱਕ ਮੁਲਤਵੀ ਕਰ ਦਿੱਤੀ ਗਈ ਸੀ।
ਨੈਲਸਨ ਹੁਰਾਂ ਨੇ ਇਹ ਛੇ ਕਾਨੂੰਨ ਅਵੱਗਿਆ ਵਾਸਤੇ ਇਸ ਕਰਕੇ ਚੁਣੇ ਸਨ, ਕਿਉਂਕਿ ਉਹ ਲੋਕਾਂ ਦੀ ਆਮ ਜ਼ਿੰਦਗੀ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦੇ ਸਨ। ਇਸ ਲਈ ਉਹਨਾਂ ਨੂੰ ਲੋਕਾਂ ਦਾ ਸਮਰਥਨ ਵੀ ਬਹੁਤ ਮਿਲ ਰਿਹਾ ਸੀ।
ਇਸ ਅੰਦੋਲਨ ਦੀ ਘਾਟ ਸਿਰਫ਼ ਇਹ ਸੀ ਕਿ ਇਹ ਅੰਦੋਲਨ ਕਾਫ਼ੀ ਜ਼ਿਆਦਾ ਲੰਮਾ ਚਲਾ ਗਿਆ ਸੀ। ਨੈਲਸਨ ਨੂੰ ਡਾਕਟਰ ਜ਼ੂਮਾਂ ਦਾ ਵਿਚਾਰ ਚੇਤੇ ਆਉਣ ਲੱਗਾ ਕਿ ਸੰਘਰਸ਼ ਲੰਮੇ ਪੈਣ ’ਤੇ ਲੋਕਾਂ ਦਾ ਉਤਸ਼ਾਹ ਘੱਟ ਜਾਂਦਾ ਹੈ। ਇਸ ਲਈ ਅੰਦੋਲਨ ਨੂੰ ਹੌਲੀ-ਹੌਲੀ ਠੰਡਾ ਪੈ ਜਾਣ ਤੋਂ ਪਹਿਲਾਂ ਹੀ ਉਸਨੂੰ ਆਪ ਹੀ ਸਮਾਪਤ ਕਰ ਦੇਣਾ ਚਾਹੀਦਾ ਹੈ।
ਸੋ ਸਾਲ ਦੇ ਅੰਤ ਤੱਕ ਇਹ ਮੁਹਿੰਮ ਆਪਣੇ ਆਪ ਹੀ ਠੰਡੀ ਪੈ ਗਈ ਸੀ ਪਰ ਨੈਲਸਨ ’ਚ ਉਸ ਮੁਹਿੰਮ ਸਦਕਾ ਉਤਸ਼ਾਹ ਵੱਧ ਗਿਆ ਸੀ। ਨੈਲਸਨ ਆਪ ਕਹਿੰਦਾ ਕਿ, “ਆਤਮ ਸਨਮਾਨ ਦੀ ਭਾਵਨਾ ਉਦੋਂ ਹੀ ਤੁਹਾਡੇ ਅੰਦਰ ਜਾਗਦੀ ਹੈ ਜਦੋਂ ਤੁਸੀਂ ਡਰ ਅਤੇ ਜ਼ੁਲਮ ਦੀ ਭਾਵਨਾ ਦੇ ਅੱਗੇ ਝੁਕਣ ਤੋਂ ਇਨਕਾਰ ਕਰਨਾ ਸਿੱਖ ਜਾਓ।” ਨੈਲਸਨ ਹੁਣ ਇਕ ਸੰਪੂਰਨ ਸੁਤੰਤਰਤਾ ਸੰਗਰਾਮੀ ਬਣ ਚੁੱਕਾ ਸੀ।