ਨੈਲਸਨ ਮੰਡੇਲਾ ਦਾ ਬਚਪਨ

Tuesday, Apr 07, 2020 - 11:57 AM (IST)

ਨੈਲਸਨ ਮੰਡੇਲਾ ਦਾ ਬਚਪਨ

ਲੇਖਕ – ਗੁਰਤੇਜ ਸਿੰਘ ਕੱਟੂ
98155 94197

ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-1)

ਬਾਲ ਵਰੇਸ
1.

ਟਰਾਂਸਕੇਈ ਇਲਾਕਾ ਜੋਹਾਨਸਬਰਗ ਤੋਂ ਕਰੀਬ 500 ਮੀਲ ਦੱਖਣ ਵੱਲ ਸਥਿਤ ਹੈ। ਇਥੇ ਬਹੁ-ਗਿਣਤੀ ਖ਼ੋ੍ਹਸਾ ਲੋਕਾਂ ਦੀ ਹੈ। ਇਨ੍ਹਾਂ ਤੋਂ ਇਲਾਵਾ ਇਥੇ ਹੋਰ ਕਈ ਕਬੀਲੇ ਰਹਿੰਦੇ ਹਨ ਪਰ ਪ੍ਰਮੁੱਖ ਤੌਰ ’ਤੇ ਇਹ ਥੈਂਬੂ ਕਬੀਲੇ ਦੇ ਲੋਕਾਂ ਦਾ ਇਲਾਕਾ ਹੈ, ਜੋ ਖ਼੍ਹੋਸਾ ਕੌਮ ਦਾ ਇਕ ਹਿੱਸਾ ਹਨ। ਨੈਲਸਨ ਇਨਾਂ ’ਚੋਂ ਹੀ ਸੀ। ਇਥੇ ਹੀ ਜ਼ਿਲਾ ਉਮਟਾਟਾ ’ਚ ਮਬਾਸ਼ੇ ਦਰਿਆ ਦੇ ਕਿਨਾਰੇ ਵਸੇ ਛੋਟੇ ਜਿਹੇ ਪਿੰਡ ‘ਮਵੇਜ਼ੋ’ (Mvezo) ’ਚ ਨੈਲਸਨ ਦਾ ਜਨਮ 18 ਜੁਲਾਈ 1918 ਨੂੰ ਹੋਇਆ। 
ਨੈਲਸਨ ਦੇ ਪਿਤਾ ਨੇ ਨੈਲਸਨ ਦਾ ਨਾਂ ‘ਰੋ੍ਹਲਿਲ੍ਹਾਲਾ’ ਰੱਖਿਆ, ਖ਼੍ਰੋਸਾ ਜ਼ੁਬਾਨ ਵਿਚ ਇਸ ਦਾ ਮਤਲਬ ਹੈ ‘ਦਰਖ਼ਤ ਦੀਆਂ ਟਾਹਣੀਆਂ ਨੂੰ ਜ਼ੋਰ-ਜ਼ੋਰ ਦੀ ਹਿਲਾਉਣ ਵਾਲਾ’ ਪਰ ਆਮ ਬੋਲਚਾਲ ਦੀ ਭਾਸ਼ਾ ’ਚ ਇਸ ਦਾ ਮਤਲਬ ‘ਪੁਆੜੇ ਦੀ ਜੜ੍ਹ’ ਹੈ। ਸੱਚਮੁੱਚ ਨੈਲਸਨ ਨੇ ਵੱਡੇ ਹੋ ਕੇ ਸਾਮਰਾਜਵਾਦ ਦੀਆਂ ਟਾਹਣੀਆਂ ਨੂੰ ਹਿਲਾ ਹਿਲਾ ਜੜ੍ਹੋਂ ਹੀ ਪੁੱਟ ਸੁੱਟਿਆ ਸੀ। ‘ਨੈਲਸਨ’ ਨਾਂ ਮੰਡੇਲਾ ਨੂੰ ਉਸਦੀ ਇਕ ਸਕੂਲ ਦੀ ਅਧਿਆਪਕਾ ਨੇ ਦਿੱਤਾ ਸੀ, ਜਦੋਂ ਉਹ ਪਹਿਲੇ ਦਿਨ ਸਕੂਲ ਗਿਆ ਸੀ।

ਨੈਲਸਨ ਦਾ ਪਿਤਾ ਗਾਦਲਾ ਹੈਨਰੀ ਮਫ਼ਾਕਲਿਸਵਾ ਇਲਾਕੇ ਦਾ ਮੁਖੀਆ ਸੀ। ਇਨ੍ਹਾਂ ਦੇ ਖ਼ਾਨਦਾਨ ਦਾ ਮੁੱਢ ਮਾਦਿਬਾ ਕਬੀਲੇ ਨਾਲ ਜਾ ਜੁੜਦਾ, ਜੋ 18ਵੀਂ ਸਦੀ ਦੇ ਥੇਂਬੂ ਰਾਜੇ ਤੋਂ ਪਿਆ, ਜੋ ਟਰਾਂਸਕੇਈ ਦੇ ਇਲਾਕੇ ’ਤੇ ਰਾਜ ਕਰਦਾ ਸੀ। ਇਸ ਲਈ ਨੈਲਸਨ ਨੂੰ ਲੋਕ ਅਕਸਰ ਮਾਦਿਬਾ ਕਹਿ ਕੇ ਬੁਲਾਉਂਦੇ। ਮੰਡੇਲਾ ਦੇ ਪਰਿਵਾਰਿਕ ਪਿਛੋਕੜ ਬਾਰੇ ਜਾਣਨ ਲਈ ਮੰਡੇਲਾ ਦੀ ਸੁਣਾਈ ਵਾਰਤਾ ਪੜ੍ਹਨ ਨਾਲੋਂ ਹੋਰ ਭਲਾ ਕਿਹੜਾ ਢੁਕਵਾਂ ਤਰੀਕਾ ਹੋਵੇਗਾ। ਉਹ ਲਿਖਦਾ ਹੈ:

“1832 ’ਚ ਰਾਜਾ ਨਗੁਬੈਂਗਕੁਕਾ ਦੀ ਮੌਤ ਹੋ ਗਈ ਸੀ। ਉਹ ਉਨ੍ਹਾਂ ਮਹਾਨ ਸ਼ਾਸਕਾਂ ਵਿਚੋਂ ਸੀ, ਜਿਨਾਂ ਨੇ ਥੇਂਬੂ ਕਬੀਲੇ ਨੂੰ ਇਕਜੁੱਟ ਕੀਤਾ। ਰਵਾਇਤ ਮੁਤਾਬਕ ਉਸ ਦੀ ਹਰੇਕ ਪਤਨੀ ਉਸ ਵੇਲੇ ਦੇ ਕਿਸੇ ਨਾ ਕਿਸੇ ਸ਼ਾਹੀ ਘਰਾਣੇ ਵਿਚੋਂ ਹੁੰਦੀ ਸੀ। ਕੋਈ ਇਕ ਪਤਨੀ ‘ਮਹਾਨ ਘਰਾਣੇ’ ਦੀ ਸ਼ਹਿਜ਼ਾਦੀ ਹੁੰਦੀ। ਉਸਦੀ ਔਲਾਦ ਵਿਚੋਂ ਹੀ ਰਾਜਗੱਦੀ ਦਾ ਵਾਰਿਸ ਚੁਣਿਆ ਜਾਂਦਾ। ਇਕ ਹੋਰ ਪਤਨੀ ‘ਸੱਜੇ ਘਰਾਣੇ’ ਵਿਚੋਂ ਹੁੰਦੀ। ਇਸ ਦੀ ਔਲਾਦ ਦਾ ਰੋਲ ਸ਼ਾਹੀ ਝਗੜਿਆਂ ਦਾ ਨਿਪਟਾਰਾ ਕਰਨ ਅਤੇ ਸਲਾਹਕਾਰੀ ਦਾ ਹੁੰਦਾ। ਰਾਜਾ ਨਗੁਬੈਗਕੁਕਾ ਦੀ ‘ਮਹਾਨ ਘਰਾਣੇ’ ਵਾਲੀ ਰਾਣੀ ਦਾ ਜੇਠਾ ਸ਼ਹਿਜ਼ਾਦਾ ਮਥੀਕਰਾਕਰਾ, ਰਾਜਾ ਨਗੁਬੈਗਕੁਕਾ ਦੀ ਮੌਤ ਤੋਂ ਬਾਅਦ ਗੱਦੀ ਨਸ਼ੀਨ ਹੋਇਆ ਸੀ। ਇਸਦੇ ਦੋ ਪੁੱਤਰ ਨਗਾਂਗਲਿਜ਼ਵੇ ਅਤੇ ਮਤਾਨਜ਼ਿਮਾਂ ਸਨ। ਰਾਜਾ ਸਬਾਟਾ, ਜੋ 1954 ਵਿਚ ਥੇਂਬੂ ਸ਼ਾਸਕ ਬਣਿਆ, ਨਗਾਂਗਲਿਜ਼ਵੇ ਦਾ ਪੋਤਰਾ ਸੀ ਅਤੇ ਕਾਲਜ਼ਰ ਕਾਲੀਵੋਗਾ ਤੋਂ ਵੱਡਾ ਸੀ। ਕਾਲਜ਼ਰ ਕਾਲੀਵੋਗਾ, ਜਿਸ ਨੂੰ ਆਮ ਤੌਰ ’ਤੇ ਕੇ.ਡੀ. ਮਤਾਂਕਜ਼ਿਮਾਂ ਕਿਹਾ ਜਾਂਦਾ ਹੈ, ਟਰਾਂਸਕੇਈ ਦਾ ਸਾਬਕਾ ਮੁੱਖ ਮੰਤਰੀ ਸੀ। ਇਹ ਰਵਾਇਤੀ ਰਿਸ਼ਤੇ ਵਿਚ ਮੇਰਾ ਭਤੀਜਾ ਸੀ ਅਤੇ ਮਤਾਂਨਜ਼ਿਮਾਂ ਦੇ ਖ਼ਾਨਦਾਨ ਵਿਚੋਂ ਸੀ। ਇਕਸ੍ਹੀਬਾ ਘਰਾਣੇ ਵਾਲੀ ਰਾਣੀ ਦਾ ਜੇਠਾ ਪੁੱਤਰ ਸਿਮਾਕਵੇ ਸੀ, ਜਿਸਦਾ ਛੋਟਾ ਭਰਾ ਮੇਰਾ ਦਾਦਾ, ਮੰਡੇਲਾ ਸੀ।

PunjabKesari

ਭਾਵੇਂ ਕਾਫ਼ੀ ਸਮੇਂ ਤੋਂ ਲੋਕਾਂ ਵਿਚ ਮੇਰੇ ਬਾਰੇ ਇਹ ਭੁਲੇਖਾ ਸੀ ਕਿ ਮੈਂ ਥੇਂਬੂ ਸ਼ਾਸਕਾਂ ਦੇ ਉਤਰਾ-ਅਧਿਕਾਰ ਦੀ ਕਤਾਰ ਵਿਚ ਸੀ ਪਰ ਉਪਰ ਦਿੱਤੀ ਸੰਖੇਪ ਬੰਸਾਵਲੀ ਅਜਿਹੀ ਚਰਚਾ ਨੂੰ ਨਿਰਮੂਲ ਸਿੱਧ ਕਰਦੀ ਹੈ। ਮੈਂ ਸ਼ਾਹੀ ਘਰਾਣੇ ਦਾ ਅੰਗ ਜ਼ਰੂਰ ਸਾਂ ਪਰ ਇਕਸ੍ਹਬਾ ਘਰਾਣੇ ’ਚੋਂ ਹੋਣ ਕਰਕੇ, ਆਪਣੇ ਪਿਤਾ ਵਾਂਗ ਕਬੀਲੇ ਦੇ ਸ਼ਾਸਕਾਂ ਦੇ ਸਲਾਹਕਾਰ ਦੇ ਰੋਲ ਵਜੋਂ ਮੇਰੀ ਦੇਖਭਾਲ ਹੋਈ।”

ਨੈਲਸਨ ਦੇ ਪਿਤਾ ਦੀਆਂ 4 ਪਤਨੀਆਂ ਸਨ, ਜਿਨ੍ਹਾਂ ਚੋਂ ਤੀਸਰੀ ਪਤਨੀ, ਨੌਜ਼ਕੇਨੀ ਫ਼ੈਨੀ, ਨੈਲਸਨ ਦੀ ਮਾਂ ਸੀ। ਨੈਲਸਨ ਦੇ ਪਿਤਾ ਦੇ ਕੁੱਲ 13 ਬੱਚੇ ਹੋਏ, ਜਿਨਾਂ ’ਚੋਂ 4 ਮੁੰਡੇ ਅਤੇ 9 ਕੁੜੀਆਂ ਸਨ। ਨੈਲਸਨ ਸੱਜੇ ਘਰਾਣੇ ਦਾ ਸਭ ਤੋਂ ਵੱਡਾ ਬੱਚਾ ਅਤੇ ਆਪਣੇ ਪਿਤਾ ਦੇ ਚਾਰ ਪੁੱਤਰਾਂ ’ਚੋਂ ਸਭ ਤੋਂ ਵੱਡਾ ਸੀ। ਨੈਲਸਨ ਦੇ ਪਿਤਾ ਦੇ ਨੈਲਸਨ ਤੋਂ ਇਲਾਵਾ ਬਾਕੀ ਸਾਰੇ ਦੇ ਸਾਰੇ ਮੁੰਡੇ ਮਰ ਗਏ। ਉਸ ਦੀਆਂ 3 ਭੈਣਾਂ ਬਾਲੀਵੇ, ਨੋਤਾਂਕੁ ਅਤੇ ਮਾਖ਼ੁਤਸਵਾਨਾ ਸਨ। 

ਜਦੋਂ ਨੈਲਸਨ ਦਾ ਜਨਮ ਹੋਇਆ ਸੀ ਤਾਂ ਉਸਦੇ ਪਿਤਾ ਦਾ ਸਵੇਜ਼ੋ ਦੇ ਮੁਖੀਏ ਦਾ ਆਹੁਦਾ ਖੁੱਸ ਗਿਆ ਸੀ। ਇਹ ਘਟਨਾ ਅਸਲ ’ਚ ਅੰਗਰੇਜ਼ ਨਾਲ ਹੋਏ ਝਗੜੇ ਕਾਰਨ ਵਾਪਰਿਆ ਸੀ। ਨੈਲਸਨ ਦਾ ਪਿਤਾ ਸਵੈ-ਵਿਸ਼ਵਾਸੀ, ਸੱਚਾ ਤੇ ਇਨਸਾਫ਼ ਪਸੰਦ ਵਿਅਕਤੀ ਸੀ। ਉਹ ਅੰਗਰੇਜ਼ਾਂ ਦੇ ਬੇਤੁਕੇ ਕਾਨੂੰਨਾਂ ਦੀ ਪਰਵਾਹ ਨਹੀਂ ਕਰਦਾ ਸੀ, ਜਿਸ ਕਾਰਨ ਉਸਨੂੰ ਮੁਖੀਏ ਦੇ ਅਹੁਦੇ ਤੋਂ ਹੱਥ ਧੋਣੇ ਪਏ। ਇਹੀ ਗੁਣ ਨੈਲਸਨ ਦੀ ਸ਼ਖ਼ਸੀਅਤ ’ਚ ਵੀ ਆਏ। ਨੈਲਸਨ ਦੇ ਪਿਤਾ ਦੇ ਮੁਖੀਏ ਦੇ ਅਹੁਦਾ ਖੁੱਸ ਜਾਣ ਕਰਕੇ ਨੈਲਸਨ ਅਤੇ ਉਸਦੀ ਮਾਂ ਕੂੰਨੂੰ ਚਲੇ ਗਏ। ਇਥੇ ਉਨ੍ਹਾਂ ਦੇ ਕਾਫ਼ੀ ਰਿਸ਼ਤੇਦਾਰ ਸਨ। ਇਥੇ ਹੀ ਉਸਦਾ ਬਚਪਨ ਗੁਜ਼ਰਿਆ।

ਜਦੋਂ ਨੈਲਸਨ 5 ਕੁ ਸਾਲਾ ਦਾ ਹੋਇਆ ਤਾਂ ਉਹ ਆਜੜੀ ਬਣ ਗਿਆ ਅਤੇ ਖੇਤਾਂ ਵਿਚ ਡੰਗਰ ਚਾਰਣ ਜਾਂਦਾ। ਪਸ਼ੂ ਚਾਰਦੇ-ਚਾਰਦੇ ਉਹ ਕਾਫ਼ੀ ਸਾਰੇ ਨੁਕਤੇ ਸਿੱਖ ਗਿਆ ਸੀ। ਉਹ ਹੁਣ ਗੁਲੇਲ ਨਾਲ ਉੱਡਦੇ ਪੰਛੀ ਨੂੰ ਹੇਠਾਂ ਡੇਗ ਲੈਂਦਾ, ਜੰਗਲੀ ਸ਼ਹਿਦ, ਫਲ ਅਤੇ ਖਾਣ ਵਾਲੀਆਂ ਮਿੱਠੀਆਂ ਜੜ੍ਹਾਂ ਲੱਭ ਲੈਂਦਾ ਤੇ ਚਰਦੀਆਂ ਗਾਵਾਂ ਦੇ ਥਣਾਂ ’ਚੋਂ ਦੁੱਧ ਪੀ ਲੈਂਦਾ।

ਦਿਨ ਭਰ ਖੇਡਣ ਤੋਂ ਬਾਅਦ ਉਹ ਆਪਣੀ ਮਾਂ ਕੋਲੋਂ ਅਕਸਰ ਰਾਤ ਨੂੰ ਇਤਿਹਾਸਕ ਯੁੱਧਾਂ ਤੇ ਮਹਾਨ ਖ਼ੋ੍ਹਸਾ ਨਾਇਕਾਂ ਦੀਆਂ ਕਹਾਣੀਆਂ ਸੁਣਦਾ। ਇਹ ਕਹਾਣੀਆਂ ਨੈਲਸਨ ਨੇ ਬਚਪਨ ਦੇ ਸੁਪਨਿਆਂ ਨੂੰ ਹੁੰਗਾਰਾ ਦਿੰਦੀਆਂ ਅਤੇ ਇਨ੍ਹਾਂ ਵਿਚ ਕਈ ਨੈਤਿਕ ਸਬਕ ਹੁੰਦੇ।

2.

ਕੰਨੂ ’ਚ ਭਿੰਨ-ਭਿੰਨ ਕਬੀਲਿਆਂ ਦੇ ਲੋਕ ਰਹਿੰਦੇ ਸਨ। ਨੈਲਸਨ ਦੇ ਪਿਤਾ ਦੀ ਇਨ੍ਹਾਂ ਸਭ ਨਾਲ ਚੰਗੀ ਦੋਸਤੀ ਸੀ। ਇਕ ਦਿਨ ਅਮਾਂਮਫੇਂਗੂ ਕਬੀਲੇ ਦੇ ਦੋ ਲੜਕਿਆਂ ਨੇ ਨੈਲਸਨ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਕਿ “ਤੁਹਾਡਾ ਬੱਚਾ ਕਾਫ਼ੀ ਹੁਸ਼ਿਆਰ ਹੈ, ਤੁਸੀਂ ਇਸਨੂੰ ਪੜ੍ਹਨ ਲਈ ਸਕੂਲੇ ਪਾ ਦਿਓ।” ਇਹ ਗੱਲ ਨੈਲਸਨ ਦੀ ਮਾਂ ਨੂੰ ਜ਼ਿਆਦਾ ਚੰਗੀ ਨਾ ਲੱਗੀ, ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕਦੀ ਸਕੂਲ ਨਹੀਂ ਗਿਆ ਸੀ ਪਰ ਨੈਲਸਨ ਦਾ ਪਿਤਾ ਮੰਨ ਗਿਆ। ਉਹ ਆਪ ਭਾਵੇਂ ਅਨਪੜ੍ਹ ਸੀ ਪਰ ਉਸਨੇ ਆਪਣੇ ਪੁੱਤਰ ਨੂੰ ਸਕੂਲੇ ਪਾ ਦਿੱਤਾ। ਨੈਲਸਨ ਹੁਣ ਤੱਕ ਦੇ ਆਪਣੇ ਪਰਿਵਾਰਿਕ ਪਿਛੋਕੜ ’ਚੋਂ ਪਹਿਲਾ ਲੜਕਾ ਸੀ, ਜੋ ਸਕੂਲੇ ਪਾਇਆ।
ਨੈਲਸਨ ਲਿਖਦਾ ਹੈ:
“ਮੈਂ ਉਦੋਂ ਸੱਤ ਸਾਲਾ ਦਾ ਸੀ, ਜਿਸ ਦਿਨ ਮੈਂ ਸਕੂਲ ਜਾਣਾ ਸ਼ੁਰੂ ਕਰਨਾ ਸੀ। ਪਿਤਾ ਜੀ ਨੇ ਮੈਨੂੰ ਕਿਹਾ ਕਿ ਸਕੂਲ ਜਾਣ ਲਈ ਲੋੜੀਂਦੀ ਪੋਸ਼ਾਕ ਵੀ ਹੋਣੀ ਚਾਹੀਦੀ ਹੈ। ਇਸ ਲਈ ਮੇਰੇ ਪਿਤਾ ਨੇ ਆਪਣੀ ਇਕ ਪੈਂਟ ਕੱਢੀ ਅਤੇ ਉਸਨੂੰ ਗੋਡਿਆਂ ਤੋਂ ਕੱਟ ਦਿੱਤਾ। ਜਦੋਂ ਮੈਂ ਇਹ ਪਹਿਨੀ ਤਾਂ ਇਹ ਲੰਬਾਈ ’ਚ ਤਾਂ ਠੀਕ ਸੀ ਪਰ ਲੱਕ ਤੋਂ ਕਾਫ਼ੀ ਢਿੱਲੀ ਸੀ। ਇਸ ਲਈ ਮੇਰੇ ਪਿਤਾ ਨੇ ਲੱਕ ਦੁਆਲੇ ਇਸਨੂੰ ਇਕ ਰੱਸੀ ਨਾਲ ਬੰਨ੍ਹ ਦਿੱਤਾ ਸੀ।” ਜਦੋਂ ਮੰਡੇਲਾ ਨੌ ਕੁ ਸਾਲਾ ਦਾ ਹੋਇਆ ਤਾਂ ਉਸਦੇ ਪਿਤਾ ਦੀ ਮੌਤ ਹੋ ਗਈ। ਉਹ ਤੰਬਾਕੂ ਦਾ ਸੇਵਨ ਕਰਨ ਕਰਕੇ ਫੇਫੜਿਆਂ ਦੀ ਬਿਮਾਰੀ ਦਾ ਸ਼ਿਕਾਰ ਸੀ। 

 ‘ਜਗਬਾਣੀ’ ਵਲੋਂ ਪੇਸ਼ ਕੀਤੀ ਜਾ ਰਹੀ ਨੇਲਸਨ ਮੰਡੇਲਾ ਦੀ ਜੀਵਨੀ ਦਾ ਬਾਕੀ ਹਿੱਸਾ ਅਸੀ ਲੜੀਵਾਰ ਪ੍ਰਸਾਰਿਤ ਕਰਾਂਗੇ।


author

rajwinder kaur

Content Editor

Related News