ਪੰਜਾਬ ਕੈਬਨਿਟ ਦਾ ਫੈਸਲਾ, ਨੇਹਾ ਸ਼ੋਰੀ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ 31 ਲੱਖ

Wednesday, Sep 11, 2019 - 01:39 PM (IST)

ਪੰਜਾਬ ਕੈਬਨਿਟ ਦਾ ਫੈਸਲਾ, ਨੇਹਾ ਸ਼ੋਰੀ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ 31 ਲੱਖ

ਸੁਲਤਾਨਪੁਰ ਲੋਧੀ/ਕਪੂਰਥਲਾ/ਮੋਹਾਲੀ (ਮਹਾਜਨ, ਸੋਢੀ)— ਪੰਜਾਬ ਮੰਤਰੀ ਮੰਡਲ ਨੇ ਵਿਸ਼ੇਸ਼ ਕੇਸ ਵਜੋਂ ਮ੍ਰਿਤਕ ਨੇਹਾ ਸ਼ੋਰੀ ਦੇ ਕਾਨੂੰਨੀ ਵਾਰਸਾਂ ਨੂੰ ਲਗਭਗ 31 ਲੱਖ ਰੁਪਏ ਦੇ ਵਿੱਤੀ ਲਾਭ ਦੇਣ ਦੀ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਨੇਹਾ ਸ਼ੋਰੀ ਜ਼ੋਨਲ ਲਾਈਸੈਂਸਿੰਗ ਅਥਾਰਿਟੀ ਮੋਹਾਲੀ ਵਜੋਂ ਤਾਇਨਾਤ ਸੀ, ਜਿਸ ਦੀ 29 ਮਾਰਚ, 2019 ਨੂੰ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਮੰਤਰੀ ਮੰਡਲ ਨੇ ਲਿਆ ਤਾਂ ਕਿ ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨੂੰ ਦਰਪੇਸ਼ ਵਿੱਤੀ ਔਕੜਾਂ ਦੂਰ ਕੀਤੀਆਂ ਜਾ ਸਕਣ।

ਮੰਤਰੀ ਮੰਡਲ ਨੇ ਇਹ ਮਹਿਸੂਸ ਕੀਤਾ ਕਿ ਨੇਹਾ ਸ਼ੋਰੀ ਨੇ ਆਪਣੀ ਡਿਊਟੀ ਨਿਧੜਕ ਹੋ ਕੇ ਸਮਰਪਿਤ ਭਾਵਨਾ ਅਤੇ ਮਿਹਨਤ ਨਾਲ ਨਿਭਾਈ। ਇਸ ਕਰਕੇ ਉਸ ਦੇ ਪਰਿਵਾਰ ਨੂੰ ਵਿੱਤੀ ਲਾਭ ਦੇਣ ਲਈ ਕਾਰਜ ਬਾਅਦ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿੱਤੀ ਲਾਭਾਂ 'ਚ ਐਕਸ ਗ੍ਰੇਸ਼ੀਆ ਦੇ 20 ਲੱਖ ਰੁਪਏ, ਜੀ. ਆਈ. ਐੱਸ. ਦੀ ਬੱਚਤ ਰਾਸ਼ੀ 0.09 ਲੱਖ ਰੁਪਏ ਤੋਂ ਇਲਾਵਾ ਡੈੱਥ-ਕਮ-ਰਿਟਾਇਰਮੈਂਟ ਗ੍ਰੈਚਿਊਟੀ ਦੇ 6.99 ਲੱਖ ਰੁਪਏ, ਲੀਵ ਇਨਕੈਸ਼ਮੈਂਟ ਦੇ 3.28 ਲੱਖ ਰੁਪਏ ਅਤੇ ਜੀ. ਆਈ. ਐੱਸ. ਦੇ 0.60 ਲੱਖ ਰੁਪਏ ਸ਼ਾਮਲ ਹਨ। ਨੇਹਾ ਸ਼ੋਰੀ ਸਾਲ 2007 'ਚ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ 'ਚ ਡਰੱਗ ਇੰਸਪੈਕਟਰ ਚੁਣੀ ਗਈ ਸੀ। ਉਸ ਨੇ ਅਕਤੂਬਰ, 2007 'ਚ ਰੋਪੜ ਜ਼ਿਲੇ 'ਚ ਡਿਊਟੀ ਜੁਆਇਨ ਕੀਤੀ ਅਤੇ ਸਾਲ 2013 'ਚ ਵਿਭਾਗ ਨੇ ਉਸ ਨੂੰ ਜ਼ਿਲਾ ਜ਼ੋਨਲ ਲਾਇਸੈਂਸਿੰਗ ਅਥਾਰਟੀ ਦੀ ਜ਼ਿੰਮੇਵਾਰੀ ਦਿੱਤੀ। 29 ਮਾਰਚ, 2019 ਨੂੰ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਡਿਊਟੀ ਦੌਰਾਨ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।


author

shivani attri

Content Editor

Related News