ਸ਼ੋਰੀ ਕਤਲਕਾਂਡ : ਵਾਰਦਾਤ ਤੋਂ ਪਹਿਲਾਂ 'ਸਿੱਟ' ਨੇ ਬਲਵਿੰਦਰ ਸਿੰਘ ਦੀ ਸੀ. ਸੀ. ਟੀ. ਵੀ. ਫੁਟੇਜ ਕੀਤੀ ਹਾਸਲ

Tuesday, Apr 02, 2019 - 04:21 PM (IST)

ਸ਼ੋਰੀ ਕਤਲਕਾਂਡ : ਵਾਰਦਾਤ ਤੋਂ ਪਹਿਲਾਂ 'ਸਿੱਟ' ਨੇ ਬਲਵਿੰਦਰ ਸਿੰਘ ਦੀ ਸੀ. ਸੀ. ਟੀ. ਵੀ. ਫੁਟੇਜ ਕੀਤੀ ਹਾਸਲ

ਖਰੜ (ਜ.ਬ.) : ਮਰਹੂਮ ਨੇਹਾ ਸ਼ੌਰੀ ਕਤਲਕਾਂਡ ਦੀ ਪੜਤਾਲ ਲਈ ਗਠਿਤ ਕੀਤੀ ਸਪੈਸ਼ਲ ਇਨਵੈਸਟੀਗੇਸ਼ਨ (ਸਿਟ) ਦੀ ਟੀਮ ਵਲੋਂ ਕੈਮੀਕਲ ਐਗਜ਼ਾਮਿਨ ਲੈਬ, ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਦੀ ਉਸ ਪੂਰੀ ਥਾਂ ਦਾ ਦੌਰਾ ਕੀਤਾ ਗਿਆ, ਜਿਥੇ ਬੀਤੇ ਸ਼ੁੱਕਰਵਾਰ ਇਹ ਸਾਰਾ ਘਟਨਾਚੱਕਰ ਵਾਪਰਿਆ। ਸ਼ਨੀਵਾਰ, ਐਤਵਾਰ ਨੂੰ ਡਿਪਾਰਟਮੈਂਟ ਅੰਦਰ ਛੁੱਟੀ ਰਹਿਣ ਕਾਰਨ ਇਥੇ ਪੁੱਜੀ ਇਸ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਐੱਸ. ਪੀ. ਸਿਟੀ ਮੋਹਾਲੀ ਹਰਵਿੰਦਰ ਸਿੰਘ ਵਿਰਕ ਵਲੋਂ ਕੀਤੀ ਜਾ ਰਹੀ ਸੀ। ਉਨ੍ਹਾਂ ਤੋਂ ਇਲਾਵਾ ਡੀ. ਐੱਸ. (ਡੀ) ਗੁਰਦੇਵ ਸਿੰਘ ਧਾਲੀਵਾਲ, ਸੀ. ਆਈ. ਏ. ਇੰਚਾਰਜ ਮੋਹਾਲੀ ਇੰ. ਸਤਵੰਤ ਸਿੰਘ ਸਿੱਧੂ, ਐੱਸ. ਐੱਚ. ਓ. ਸਿਟੀ ਇੰ. ਭਗਵੰਤ ਸਿੰਘ ਰਿਆੜ ਮੌਜੂਦ ਸਨ, ਜਿਨ੍ਹਾਂ ਵਲੋਂ ਮੌਕੇ ਤੋਂ ਵਾਰਦਾਤ ਨਾਲ ਜੁੜੀ ਹਰ ਇਕ ਅਹਿਮ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਸ ਟੀਮ ਵਲੋਂ ਡਰੱਗਜ਼ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੇਹਾ ਸ਼ੌਰੀ ਦੇ ਰੂਮ ਦੇ ਬਿਲਕੁਲ ਬਾਹਰ, ਮੇਨ ਗੇਟ ਆਦਿ ਥਾਵਾਂ ਉਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਗਈ, ਜਿਸ 'ਚ ਵਾਰਦਾਤ ਤੋਂ ਪਹਿਲਾਂ ਬਲਵਿੰਦਰ ਸਿੰਘ ਦੇ ਦਾਖਲ/ਬਾਹਰ ਆਉਣ ਆਦਿ ਦੀ ਫੁਟੇਜ ਹਾਸਲ ਕੀਤੀ ਗਈ ਹੈ। ਟੀਮ ਵਲੋਂ ਰੂਮ ਦੀ ਪੂਰੀ ਘੋਖ ਸਮੇਤ ਮਹਿਕਮੇ (ਡਰੱਗਜ਼) ਨਾਲ ਸਬੰਧਤ ਨੇਹਾ ਸ਼ੌਰੀ ਦੇ ਸਾਥੀ ਮੁਲਾਜ਼ਮਾਂ ਕੋਲੋਂ ਪੁਛਗਿੱਛ ਕਰਦਿਆਂ ਸਬੰਧਤ ਅਹਿਮ ਦਸਤਾਵੇਜ਼ਾਂ ਨੂੰ ਜਾਂਚ ਲਈ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਪੁਲਸ ਵਲੋਂ ਇਸ ਪੂਰੀ ਘਟਨਾ ਲਈ ਜ਼ਿੰਮੇਵਾਰ ਬਲਵਿੰਦਰ ਸਿੰਘ ਨਾਲ ਜੁੜੇ ਹਰ ਇਕ ਸਖਸ਼ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਡਾ. ਸ਼ੌਰੀ ਅਤੇ ਬਲਵਿੰਦਰ ਸਿੰਘ ਦੇ ਫੋਨ ਕਬਜ਼ੇ 'ਚ ਲੈ ਕੇ ਦੋਵਾਂ ਦੀ ਕਾਲ ਡਿਟੇਲ ਦੀ ਜਾਂਚ ਕਰਵਾਈ ਗਈ ਪਰ ਦੋਵਾਂ ਦਰਮਿਆਨ ਕਿਸੇ ਵੀ ਕਿਸਮ ਦੀ ਕੋਈ ਕਾਲ ਡਿਟੇਲ ਸਾਹਮਣੇ ਨਹੀਂ ਆਈ। ਇਸ ਪੂਰੀ ਬਿਲਡਿੰਗ ਦੀ ਜੇਕਰ ਸੁਰੱਖਿਆ ਦੀ ਗੱਲ ਕਰੀਏ ਤਾਂ ਮੇਨ ਗੇਟ, ਅੰਦਰ ਐਂਟਰਸ ਗਰਾਊਂਡ ਫਲੋਰ ਤੋਂ ਲੈ ਕੇ ਕੈਮੀਕਲ ਐਗਜ਼ਾਮਿਨ ਲੈਬ ਨੂੰ ਛੱਡ ਬਾਕੀ ਸਭ ਥਾਵਾਂ 'ਤੇ ਅੱਜ ਵੀ ਲਗਭਗ ਕੋਈ ਬਿਨਾਂ ਰੋਕ-ਟੋਕ ਤੋਂ ਆ-ਜਾ ਰਿਹਾ ਸੀ। ਇਥੇ ਕੁਝ ਦੇ ਜਿਹਨ 'ਚ ਇਹ ਗੱਲ ਵੀ ਆ ਰਹੀ ਹੈ ਕਿ ਸ਼ਾਇਦ ਬਲਵਿੰਦਰ ਸਿੰਘ ਇਸ ਪੂਰੀ ਘਟਨਾ 'ਚ ਮਹਿਜ ਇਕ ਮੋਹਰਾ ਸਾਬਤ ਹੋਇਆ, ਜਿਸ ਨੂੰ ਕਿਸੇ ਨੇ ਆਪਣੇ ਫਾਇਦੇ ਲਈ ਵਰਤ ਲਿਆ ਸੀ।

ਬਲਵਿੰਦਰ ਨੇ ਕਦੇ ਨਹੀਂ ਕੀਤਾ ਸੀ ਡਾ. ਨੇਹਾ ਦਾ ਜ਼ਿਕਰ
ਡਾ. ਨੇਹਾ ਸ਼ੌਰੀ ਦਾ ਕਤਲ ਕਰ ਕੇ ਖੁਦ ਨੂੰ ਗੋਲੀ ਮਾਰਨ ਵਾਲੇ ਕਾਤਲ ਬਲਵਿੰਦਰ ਸਿੰਘ ਦੀ ਪਤਨੀ ਨੇ ਕਿਹਾ ਕਿ ਜੋ ਵੀ ਹੋਇਆ ਉਹ ਦੋਵੇਂ ਪਰਿਵਾਰਾਂ ਲਈ ਦਰਦਨਾਕ ਹੈ। ਜਿੱਥੇ ਡਾ. ਨੇਹਾ ਸ਼ੌਰੀ ਦੀ ਇਕ ਸਾਲ ਦੀ ਬੱਚੀ ਕੋਲੋਂ ਮਾਂ ਦੀ ਮਮਤਾ ਖੁੰਝ ਗਈ ਹੈ, ਉਥੇ ਬਲਵਿੰਦਰ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਹੈ। ਬਲਵਿੰਦਰ ਸਿੰਘ ਦੀ ਪਤਨੀ ਦਰਸ਼ਨ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਇਥੇ ਤਾਂ ਉਸ ਦਾ ਪਰਿਵਾਰ ਸੋਚ ਵੀ ਨਹੀਂ ਸਕਦਾ ਕਿ ਉਸ ਦਾ ਪਤੀ ਕਿਸੇ ਦਾ ਕਤਲ ਕਰ ਸਕਦਾ ਹੈ। ਉਸ ਨੇ ਕਿਹਾ ਕਿ ਬਲਵਿੰਦਰ ਨੇ ਤਾਂ ਕਦੇ ਵੀ ਡਾ. ਨੇਹਾ ਦਾ ਜ਼ਿਕਰ ਤਕ ਨਹੀਂ ਕੀਤਾ ਸੀ।

PunjabKesari


 


author

Anuradha

Content Editor

Related News