ਜੇ. ਈ. ਈ. ਮੇਨਸ ਦੀ ਤਰਜ਼ ''ਤੇ ''ਨੀਟ'' ਵੀ ਸਾਲ ''ਚ 2 ਵਾਰ ਕਰਵਾਉਣ ਦੀ ਤਿਆਰੀ
Wednesday, Oct 30, 2019 - 12:56 PM (IST)
ਲੁਧਿਆਣਾ (ਵਿੱਕੀ) : ਦੇਸ਼ ਦੇ ਸਿੱਖਿਆ ਸਿਸਟਮ ਅਤੇ ਪੈਟਰਨ ਵਿਚ ਬਦਲਾਅ ਕਰਨ ਦੀ ਤਿਆਰੀ 'ਚ ਲੱਗੀ ਕੇਂਦਰ ਦੀ ਮੋਦੀ ਸਰਕਾਰ ਨੇ ਜੇਕਰ ਮੋਹਰ ਲਾਈ ਤਾਂ ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲੇ ਲਈ ਜੇ. ਈ. ਈ. ਮੇਨਸ ਦੀ ਤਰਜ਼ 'ਤੇ ਮੈਡੀਕਲ ਕਾਲਜਾਂ 'ਚ ਦਾਖਲੇ ਲਈ ਹੋਣ ਵਾਲੇ ਨੈਸ਼ਨਲ ਐਲੀਜੀਬਿਲਟੀ ਟੈਸਟ (ਨੀਟ) ਨੂੰ ਵੀ ਸਾਲ 'ਚ 2 ਵਾਰ ਕਰਵਾਇਆ ਜਾਵੇਗਾ। ਇਸ ਸਬੰਧੀ ਕੋਈ ਵੀ ਫੈਸਲਾ ਹਾਲ ਦੀ ਘੜੀ ਸਰਕਾਰ ਦੇ ਰੁਖ 'ਤੇ ਟਿਕਿਆ ਹੋਇਆ ਹੈ ਪਰ ਨੈਸ਼ਨਲ ਟੈਸਟ ਏਜੰਸੀ (ਐੱਨ. ਟੀ. ਏ.) ਨੇ ਇਸ ਸਬੰਧੀ ਇਕ ਪ੍ਰਸਤਾਵ ਬਣਾ ਕੇ ਸਰਕਾਰ ਨੂੰ ਭੇਜਿਆ ਹੈ। ਇੱਥੇ ਦੱਸ ਦੇਈਏ ਕਿ ਜੇ. ਈ. ਈ. ਮੇਨਸ 2 ਵਾਰ ਕਰਵਾਉਣ ਦੇ ਫੈਸਲੇ ਤੋਂ ਬਾਅਦ ਤੋਂ ਹੀ ਲਗਾਤਾਰ ਦੇਸ਼ ਭਰ ਵਿਚ ਨੀਟ ਨੂੰ ਵੀ 2 ਵਾਰ ਕੀਤੇ ਜਾਣ ਦੀ ਮੰਗ ਉੱਠ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਪ੍ਰੀਖਿਆ ਵੀ ਸਾਲ 'ਚ 2 ਵਾਰ ਕੰਡਕਟ ਹੁੰਦੀ ਹੈ ਤਾਂ ਵਿਦਿਆਰਥੀਆਂ 'ਤੇ ਦਬਾਅ ਘੱਟ ਹੋ ਜਾਵੇਗਾ।
ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਐੱਨ. ਟੀ. ਏ. ਨੂੰ ਲਿਖੇ ਪੱਤਰ
ਐੱਨ. ਟੀ. ਏ. ਦੇ ਨਿਰਦੇਸ਼ਕ ਵਿਲੀਤ ਜੋਸ਼ੀ ਨੇ ਪਿਛਲੇ ਦਿਨੀਂ ਮੀਡੀਆ ਨੂੰ ਦੱਸਿਆ ਕਿ ਦੇਸ਼ ਭਰ ਤੋਂ ਵੱਡੀ ਗਿਣਤੀ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨੀਟ ਨੂੰ ਸਾਲ 'ਚ 2 ਵਾਰ ਕਰਵਾਉਣ ਲਈ ਪੱਤਰ ਭੇਜੇ ਹਨ। ਵਿਦਿਆਰਥੀ ਅਤੇ ਅਧਿਆਪਕ ਵੀ ਇਸ ਪੱਖ 'ਚ ਹਨ ਕਿ ਜੇ. ਈ. ਈ. ਮੇਨਸ ਵਾਂਗ ਨੀਟ ਵੀ ਸਾਲ 'ਚ 2 ਵਾਰ ਕੀਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੀ ਉਕਤ ਯੋਜਨਾ ਅਜੇ ਸ਼ੁਰੂਆਤੀ ਪੜਾਅ 'ਚ ਹੈ। ਮੰਤਰਾਲਾ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਐੱਨ. ਟੀ. ਏ. ਵੱਲੋਂ ਇਸ 'ਤੇ ਅੱਗੇ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
2021 ਤੋਂ ਲਾਗੂ ਹੋ ਸਕਦੈ ਫੈਸਲਾ
ਭਾਵੇਂ ਕਿ ਨੀਟ 2020 ਦੀ ਪ੍ਰੀਖਿਆ ਦੇ ਪੈਟਰਨ ਜਾਂ ਸ਼ਡਿਊਲ 'ਚ ਅਜੇ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਜੇਕਰ ਨੀਟ ਨੂੰ ਸਾਲ 'ਚ 2 ਵਾਰ ਕਰਵਾਉਣ ਦੀ ਯੋਜਨਾ ਨੂੰ ਭਵਿੱਖ ਵਿਚ ਮਨਜ਼ੂਰੀ ਮਿਲ ਵੀ ਜਾਂਦੀ ਹੈ ਤਾਂ ਇਸ ਨੂੰ 2020 'ਚ ਹੋਣ ਵਾਲੀ ਐੱਮ. ਬੀ. ਬੀ. ਐੱਸ. ਦਾਖਲਾ ਪ੍ਰੀਖਿਆ ਨੀਟ ਲਾਗੂ ਨਾ ਕਰ ਕੇ 2021 ਤੋਂ ਹੀ ਲਾਗੂ ਕੀਤਾ ਜਾਵੇਗਾ।