ਸਤਲੁਜ ਦਰਿਆ ਨੇੜੇ ਹੋ ਰਹੀ ਹੈ ਅੰਨ੍ਹੇਵਾਹ ਨਾਜਾਇਜ਼ ਮਾਈਨਿੰਗ
Thursday, Nov 23, 2017 - 02:27 AM (IST)
ਨਵਾਂਸ਼ਹਿਰ, (ਮਨੋਰੰਜਨ)- ਐੱਸ. ਡੀ. ਐੱਮ. ਨਵਾਂਸ਼ਹਿਰ ਆਦਿੱਤਿਆ ਉੱਪਲ ਦੀ ਅਗਵਾਈ 'ਚ ਜ਼ਿਲਾ ਅਧਿਕਾਰੀਆਂ ਦੀ ਟੀਮ ਨੇ ਪਿਛਲੇ ਦਿਨੀਂ ਰਾਹੋਂ 'ਚ ਲੀਗਲ ਮਾਈਨਿੰਗ ਵਾਲੀ ਖੱਡ 'ਚ ਨਾਜਾਇਜ਼ ਮਾਈਨਿੰਗ ਕਰ ਰਹੀਆਂ ਦੋ ਪੋਕਲੇਨ ਮਸ਼ੀਨਾਂ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕੀਤਾ ਸੀ ਪਰ ਰਾਹੋਂ 'ਚ ਦਰਿਆ ਸਤਲੁਜ 'ਚ ਅੰਨ੍ਹੇਵਾਹ ਨਾਜਾਇਜ਼ ਮਾਈਨਿੰਗ ਅੱਜ ਵੀ ਜਾਰੀ ਹੈ, ਜਿਸ ਤੋਂ ਸ਼ਾਇਦ ਜ਼ਿਲਾ ਪ੍ਰਸ਼ਾਸਨ ਬੇਖਬਰ ਹੈ।
ਬੁੱਧਵਾਰ ਨੂੰ ਗੜ੍ਹਸ਼ੰਕਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਰੌੜੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਆਪਣੀ ਪਾਰਟੀ ਦੇ ਵਰਕਰਾਂ ਨਾਲ ਇਕ ਖੱਡ ਦਾ ਨਿਰੀਖਣ ਕੀਤਾ। ਇਸ ਦੌਰਾਨ ਵਿਧਾਇਕ ਨੇ ਦੋਸ਼ ਲਾਇਆ ਕਿ ਸਤਲੁਜ ਦਰਿਆ 'ਚ 10 ਤੋਂ 20 ਫੁੱਟ ਡੂੰਘੇ ਟੋਏ ਪੁੱਟ ਕੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਰੇਤਾ ਕੱਢਣ ਤੋਂ ਬਾਅਦ ਡੂੰਘੇ ਟੋਇਆਂ ਨੂੰ ਮਿੱਟੀ ਪਾ ਕੇ ਭਰ ਦਿੱਤਾ ਜਾਂਦਾ ਹੈ ਤਾਂ ਕਿ ਪਤਾ ਹੀ ਨਾ ਚੱਲੇ ਕਿ ਜ਼ਮੀਨ ਖੋਖਲੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਰਿਆ ਸਤਲੁਜ 'ਤੇ ਰੇਤ ਮਾਫੀਆ ਰਾਤ ਨੂੰ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ।
ਨਿਰੀਖਣ ਕਰਨ ਆਏ ਵਿਧਾਇਕ ਨੂੰ ਬੈਰੀਕੇਡਸ ਕੋਲ ਰੋਕਿਆ : ਵਿਧਾਇਕ ਜੈ ਕਿਸ਼ਨ ਨੇ ਦੱਸਿਆ ਕਿ ਦਰਿਆ ਨੇੜੇ ਜਦੋਂ ਉਹ ਖੱਡ ਦਾ ਨਿਰੀਖਣ ਕਰਨ ਪੁੱਜੇ ਤਾਂ ਉਥੇ ਲੋਕਾਂ ਨੂੰ ਖੱਡ ਵੱਲ ਜਾਣ ਤੋਂ ਰੋਕਣ ਲਈ ਬੈਰੀਕੇਡਸ ਲਾਏ ਹੋਏ ਸਨ, ਜਿਥੇ ਉਨ੍ਹਾਂ ਨੂੰ ਵੀ ਰੋਕਿਆ ਗਿਆ ਪਰ ਉਨ੍ਹਾਂ ਤਾਂ ਵੀ ਪਾਰਟੀ ਵਰਕਰਾਂ ਨਾਲ ਜਦੋਂ ਖੱਡ ਦਾ ਨਿਰੀਖਣ ਕੀਤਾ ਤਾਂ ਉਥੇ ਮਸ਼ੀਨਾਂ ਨਾਲ ਮਾਈਨਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਐੱਸ. ਐੱਸ. ਪੀ. ਸਤਿੰਦਰਪਾਲ ਸਿੰਘ ਨੂੰ ਦਿੱਤੀ, ਜਿਨ੍ਹਾਂ ਪੁਲਸ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਦੇ ਹੋਏ ਕਾਰਵਾਈ ਦੇ ਹੁਕਮ ਦਿੱਤੇ। ਵਿਧਾਇਕ ਦਾ ਕਹਿਣਾ ਹੈ ਕਿ ਜੇਕਰ ਜਨਤਾ ਵੱਲੋਂ ਚੁਣੇ ਨੁਮਾਇੰਦਿਆਂ ਨੂੰ ਹੀ ਖੱਡ 'ਤੇ ਜਾਣ ਤੋਂ ਰੋਕਿਆ ਜਾਂਦਾ ਹੈ ਤਾਂ ਆਮ ਜਨਤਾ ਨੂੰ ਕੀ ਇਨਸਾਫ ਮਿਲੇਗਾ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਜ਼ਿਲਾ ਸਕੱਤਰ ਸਤਨਾਮ ਸਿੰਘ ਜਲਵਾਹਾ, ਚਰਨਜੀਤ ਸਿੰਘ ਚੰਨੀ ਤੇ ਪਾਰਟੀ ਦੇ ਵਰਕਰ ਹਾਜ਼ਰ ਸਨ।
ਕੀ ਕਹਿੰਦੇ ਹਨ ਮਾਈਨਿੰਗ ਅਧਿਕਾਰੀ: ਇਸ ਬਾਰੇ ਜੀ. ਐੱਮ. ਮਾਈਨਿੰਗ ਸੀ. ਐੱਲ. ਗਰਗ ਦਾ ਕਹਿਣਾ ਹੈ ਕਿ ਸਤਲੁਜ ਦਰਿਆ 'ਚ ਜੇਕਰ ਕਿਸੇ ਨੇ ਨਾਜਾਇਜ਼ ਮਾਈਨਿੰਗ ਕੀਤੀ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
