ਨਾਜ਼ਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ ''ਚ ਸ਼ਾਮਿਲ ਹੋਣ ''ਤੇ ਵਿਰੋਧੀ ਲੜਖੜਾਏ

04/25/2019 4:11:58 PM

ਮਾਨਸਾ (ਸੰਦੀਪ ਮਿੱਤਲ) : ਲੋਕ ਸਭਾ ਚੋਣਾਂ ਦੌਰਾਨ ਮੈਦਾਨ ਭਾਵੇਂ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ। ਅੱਜ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਦੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਹਲਕਿਆਂ 'ਚ ਇਕ ਦਮ ਭੂਚਾਲ ਆ ਗਿਆ ਹੈ। ਕਾਂਗਰਸ ਵਿਰੋਧੀ ਪਾਰਟੀਆਂ ਇਸ ਭੂਚਾਲ ਦਾ ਸਾਹਮਣਾ ਕਰਨ ਲਈ ਬੁਰੀ ਤਰ੍ਹਾਂ  ਲੜਖੜਾ ਚੁੱਕੀਆਂ ਹਨ। ਕਾਂਗਰਸ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਮਾਨਸਾ ਜ਼ਿਲੇ 'ਚ ਕਾਂਗਰਸ ਪਾਰਟੀ ਨੂੰ ਮਾਨਸ਼ਾਹੀਆਂ ਦੇ ਆਉਣ ਤੋਂ ਬਾਅਦ ਬਹੁਤ ਵੱਡਾ ਸਿਆਸੀ ਲਾਭ ਮਿਲੇਗਾ। ਦੱਸਣਯੋਗ ਹੈ ਕਿ 56 ਸਾਲਾਂ ਇੰਜੀਨੀਅਰ ਗ੍ਰੈਜੂਏਟ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਨੌਕਰੀ ਤੋਂ ਦੋ ਸਾਲ ਪਹਿਲਾਂ ਅਸਤੀਫਾ ਦੇ ਕੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਮਾਨਸਾ ਤੋਂ ਆਮ ਆਦਮੀ ਪਾਰਟੀ ਵੱਲੋਂ 40 ਫੀਸਦੀ ਵੱਧ ਪੋਲਿੰਗ ਵੋਟਿੰਗ ਪ੍ਰਾਪਤ ਕਰਕੇ ਜਿੱਤ ਦਾ ਝੰਡਾ ਗੱਡਿਆ ਸੀ। 
ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੇ ਚੋਣ ਪ੍ਰਚਾਰ ਤੋਂ ਨਾਂਹ ਕਰ ਚੁੱਕੇ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਪ੍ਰਚਾਰ ਨਾ ਕਰਨ ਤੋਂ ਬਾਅਦ ਅਚਾਨਕ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਕੇ ਸਿਆਸੀ ਧਮਾਕਾ ਕਰਦਿਆਂ ਹੈਰਾਨ ਕਰ ਦਿੱਤਾ। 

ਇੱਥੇ ਇਹ ਵੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ 'ਚੋਂ 3 ਵਿਧਾਇਕ ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਸਿੰਘ, ਹਰਵਿੰਦਰ ਸਿੰਘ ਫੂਲਕਾ ਪਹਿਲਾਂ ਹੀ ਪਾਰਟੀ ਨੂੰ ਛੱਡ ਚੁੱਕੇ ਹਨ। ਚੌਥੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਮਾਨਸਾ ਹਨ। ਸਿਆਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਹੋਰ ਵਿਧਾਇਕਾਂ ਦੀ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਆਮ ਚਰਚਾ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਕਈ ਵਿਧਾਇਕਾਂ ਨੇ ਰਾਬਤਾ ਕਾਇਮ ਕੀਤਾ ਹੋਇਆ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੀ ਸਿਆਸਤ ਵਿੱਚ ਕਿੰਨੇ ਹੋਰ ਭੂਚਾਲ 
ਆਉਣਗੇ।
 


Anuradha

Content Editor

Related News