ਨਵੇਂ ਸਾਲ ਦੇ ਪਹਿਲੇ ਦਿਨ ਖਾਕੀ ''ਤੇ ਭਾਰੀ ਪਿਆ ਅੰਧ-ਵਿਸ਼ਵਾਸ

Tuesday, Jan 01, 2019 - 06:06 PM (IST)

ਨਵੇਂ ਸਾਲ ਦੇ ਪਹਿਲੇ ਦਿਨ ਖਾਕੀ ''ਤੇ ਭਾਰੀ ਪਿਆ ਅੰਧ-ਵਿਸ਼ਵਾਸ

ਨਵਾਂਸ਼ਹਿਰ (ਮਨੋਰੰਜਨ)— ਸਾਇੰਸ ਅਤੇ ਟੈਕਨਾਲੋਜੀ ਦੇ ਦੌਰ 'ਚ ਅਜੇ ਵੀ ਖਾਕੀ 'ਤੇ ਅੰਧ-ਵਿਸ਼ਵਾਸ਼ ਦਾ ਖੌਫ ਜਾਰੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਸਾਲੋਂ-ਸਾਲ ਖਾਕੀ ਨਵੇਂ ਸਾਲ ਦੇ ਪਹਿਲੇ ਦਿਨ ਸੰਗੀਨ ਮਾਮਲਾ ਦਰਜ ਕਰਨ ਤੋਂ ਬੱਚਦੀ ਹੈ। ਤੁਸੀਂ ਭਲੇ ਹੀ ਇਸ 'ਤੇ ਵਿਸ਼ਵਾਸ ਨਾ ਕਰੋ ਪਰ ਥਾਣਿਆਂ 'ਚ ਦਰਜ ਕੇਸ ਤਾਂ ਇਹੀ ਕਹਾਣੀ ਬਿਆਨ ਕਰ ਰਹੇ ਹਨ।
ਮੰਗਲਵਾਰ 1 ਜਨਵਰੀ ਨੂੰ ਜ਼ਿਲੇ ਦੇ 13 ਥਾਣਿਆਂ 'ਚੋਂ 12 ਥਾਣਿਆਂ 'ਚ ਕੋਈ ਮਾਮਲਾ ਨਾ ਦਰਜ ਕਰਨਾ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ। 1 ਜਨਵਰੀ ਨੂੰ ਜ਼ਿਲੇ 'ਚ ਇਕ ਐੱਫ. ਆਈ. ਆਰ. ਥਾਣਾ ਸਿਟੀ ਬਲਾਚੌਰ 'ਚ ਦਰਜ ਹੋਈ ਹੈ।

ਬ੍ਰਿਟਿਸ਼ ਕਾਲ ਤੋਂ ਚੱਲ ਰਹੀ ਹੈ ਪ੍ਰਥਾ
ਪੁਲਸ ਥਾਣਿਆਂ 'ਚ ਆਈ. ਪੀ. ਸੀ. ਦੀ ਬਜਾਏ ਐਕਟ ਦੇ ਤਹਿਤ ਪਹਿਲਾ ਕੇਸ ਦਰਜ ਕਰਨ ਦੀ ਪ੍ਰਥਾ ਬ੍ਰਿਟਿਸ਼ ਕਾਲ ਤੋਂ ਜਾਰੀ ਹੈ। ਥਾਣੇਦਾਰਾਂ ਨੂੰ ਲੱਗਦਾ ਹੈ ਕਿ ਸਾਲ ਦੇ ਪਹਿਲੇ ਦਿਨ ਸੰਗੀਨ ਅਪਰਾਧ ਦਾ ਮੁਕੱਦਮਾ ਦਰਜ ਕਰਨਗੇ ਤਾਂ ਇਲਾਕੇ 'ਚ ਅਪਰਾਧ ਦੀ ਝੜੀ ਲੱਗ ਜਾਵੇਗੀ। ਪੁਲਸ ਭਲੇ ਹੀ ਕਾਇਦੇ ਕਾਨੂੰਨ ਨੂੰ ਬਦਲ ਕੇ ਹਾਈਟੈੱਕ ਹੋ ਗਈ ਹੈ। ਇਸ ਦੇ ਬਾਵਜੂਦ ਅੰਗਰੇਜ਼ੀ ਸ਼ਾਸਨ ਕਾਲ 'ਚ ਨਵੇਂ ਸਾਲ ਨੂੰ ਲੈ ਕੇ ਚੱਲ ਰਿਹਾ ਅੰਧ-ਵਿਸ਼ਵਾਸ ਇਸ ਵਾਰ ਵੀ ਦਿਖਾਈ ਦਿੱਤਾ।

ਪੁਲਸ ਵਿਭਾਗ ਦੇ ਰਿਟਾਇਡ ਹੋਏ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ 'ਚ ਦੱਸਿਆ ਕਿ ਪੁਲਸ ਦੀ ਨੌਕਰੀ ਸਖਤ ਹੋਣ ਦੇ ਨਾਲ–ਨਾਲ ਅਨੁਸ਼ਾਸਨਿਕ ਵੀ ਹੈ। ਛੋਟੀ ਜਿਹੀ ਗਲਤੀ 'ਤੇ ਕਿਸੇ ਵੀ ਕਰਮਚਾਰੀ ਨੂੰ ਕੁਝ ਵੀ ਭੁਗਤਣਾ ਪੈ ਸਕਦਾ ਹੈ। ਇਸ ਲਈ ਹਰ ਪੁਲਸ ਕਰਮਚਾਰੀ ਦੇ ਮਨ 'ਚ ਧਾਰਨਾ ਹੋ ਸਕਦੀ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਉਨ੍ਹਾਂ ਦੇ ਕੰਮਕਾਜ ਦੀ ਚੰਗੀ ਸ਼ੁਰੂਆਤ ਹੋਵੇ।

ਉਕਤ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਕ ਹੋਰ ਦਿਲਚਸਪ ਪਹਿਲੂ ਸਾਂਝਾ ਕਰਦੇ ਹੋਏ ਦੱਸਿਆ ਕਿ ਨਵੇਂ ਸਾਲ ਦੇ ਪਹਿਲੇ ਦਿਨ ਪੁਲਸ ਛੋਟੇ ਅਪਰਾਧੀਆਂ ਨੂੰ ਫੜਨ ਤੋਂ ਗੁਰੇਜ਼ ਕਰਦੀ ਹੈ। ਪਹਿਲੇ ਦਿਨ ਗ੍ਰਿਫਤਾਰੀ ਦਾ ਮਾਮਲਾ ਦਰਜ ਕਰਨਾ ਵੀ ਪੁਲਸ ਦੀ ਧਾਰਨਾ 'ਚ ਅਪਸ਼ਗੁਨ ਹੈ। ਇਸ ਤੋਂ ਇਲਾਵਾ ਥਾਣੇ 'ਚ 1 ਜਨਵਰੀ ਤੋਂ ਲੁੱਟਖੋਹ ਅਤੇ ਹੱਤਿਆ ਦੇ ਕੇਸ ਵੀ ਦਰਜ ਕਰਨਾ ਵੀ ਅਪਸ਼ਗੁਨ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਥਾਣੇ 'ਚ ਮੁਨਸ਼ੀ ਮੋਹਰ ਨੂੰ ਹਮੇਸ਼ਾ ਉਲਟਾ ਰੱਖਦੇ ਹਨ। ਥਾਣੇ 'ਚ ਰਿਕਵਰੀ ਦਿਖਾਉਣ ਹੀ ਸ਼ੁਭ ਹੈ। ਇਸ ਲਈ ਪਹਿਲੀ ਐੱਫ. ਆਈ. ਆਰ. 'ਚ ਵੱਡੀ ਮਾਤਰਾ 'ਚ ਨਸ਼ੇ ਵਾਲੇ ਪਦਾਰਥਾਂ ਦੀ ਬਰਾਮਦਗੀ 'ਚ ਸ਼ੁਰੂਆਤ ਨੂੰ ਅਧਿਕਾਰੀ ਲਾਭ ਵਾਲਾ ਮੰਨਦੇ ਹਨ।


author

shivani attri

Content Editor

Related News