ਅਕਾਲੀ ਦਲ-ਬਸਪਾ ਦਾ ਸਮਝੌਤਾ ਸਿਧਾਂਤਹੀਣ ਅਤੇ ਮੌਕਾਪ੍ਰਸਤ : ਵਿਧਾਇਕ ਚੀਮਾ

06/13/2021 6:25:43 PM

ਸੁਲਤਾਨਪੁਰ ਲੋਧੀ (ਧੀਰ)- ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਵਿਚਾਲੇ ਹੋਇਆ ਸਮਝੌਤਾ ਸਿਧਾਂਤਹੀਣ ਅਤੇ ਮੌਕਾਪ੍ਰਸਤੀ ਵਾਲਾ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਕਿਸ ਹੱਦ ਤੱਕ ਕਮਜ਼ੋਰ ਹੋ ਚੁੱਕਿਆ ਹੈ ਇਹ ਇਕੱਲੇ ਆਪਣੇ ਦਮ ’ਤੇ ਚੋਣਾਂ ਨਹੀਂ ਲਡ਼ ਸਕਦਾ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਮ ਅਤੇ ਕਿਸਾਨੀ ਦੇ ਮੁੱਦੇ ’ਤੇ ਪਹਿਲਾਂ ਹੀ ਹਾਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਹਮੇਸ਼ਾ ਇਕ ਕਮਜੋਰ ਵਿਅਕਤੀ ਹੀ ਕਿਸੇ ਦਾ ਸਹਾਰਾ ਲੈਂਦਾ ਹੈ। ਅਕਾਲੀ ਦਲ ਨੇ ਬਸਪਾ ਦਾ ਸਹਾਰਾ ਲੈ ਕੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਲਈ ਹੈ। ਚੀਮਾ ਨੇ ਕਿਹਾ ਕਿ ਬਸਪਾ ਦਾ ਯੂ. ਪੀ. ਅੰਦਰ ਪਹਿਲਾਂ ਹੀ ਬਿਸਤਰਾ ਗੋਲ ਹੋ ਚੁੱਕਿਆ ਹੈ ਅਤੇ ਹੁਣ ਸਿਰਫ਼ ਡੇਢ ਫ਼ੀਸਦੀ ਵੋਟ ਬੈਂਕ ਦੇ ਸਹਾਰੇ ਉਹ ਪੰਜਾਬ ’ਚ ਅਕਾਲੀ ਦਲ ਦਾ ਬਿਸਤਰਾ ਵੀ ਗੋਲ ਕਰਵਾ ਕੇ ਸਾਹ ਲਵੇਗੀ। 

ਇਹ ਵੀ ਪੜ੍ਹੋ: ਆਸਾਮ-ਚੀਨ ਬਾਰਡਰ ’ਤੇ ਡਿਊਟੀ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਸੈਨਿਕ ਦੀ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰਾ ਸੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁਡ਼ਿਆ ਹੋਇਆ ਹੈ ਅਤੇ ਉਹ ਇਸ ਵਾਰ ਵੀ ਕਾਂਗਰਸ ਪਾਰਟੀ ਨਾਲ ਡਟ ਕੇ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ, ਜਿਹੜੀ ਦਲਿਤ ਭਾਈਚਾਰੇ ਦੇ ਹਿੱਤਾਂ ਬਾਰੇ ਭਾਰਤ ਦੇ ਆਜ਼ਾਦ ਹੋਣ ਦੇ ਸਮੇਂ ਤੋਂ ਉਨ੍ਹਾਂ ਬਾਰੇ ਸੋਚਦੀ ਆ ਰਹੀ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਦਲਿਤ ਭਾਈਚਾਰੇ ਦੇ ਹਿੱਤਾਂ ਲਈ ਕੰਮ ਕੀਤਾ ਹੈ। ਵਿਧਾਇਕ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਬੇੜੀ ਤਾਂ ਪਹਿਲਾਂ ਹੀ ਡੁੱਬਣ ਦੀ ਕਗਾਰ 'ਤੇ ਖੜ੍ਹੀ ਹੈ, ਉਸੇ ਹੀ ਬੇੜ੍ਹੀ ’ਚ ਅਕਾਲੀ ਦਲ ਨੇ ਬਸਪਾ (ਹਾਥੀ) ਨੂੰ ਸਵਾਰ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਦੀ ਬੇੜੀ ਨੂੰ ਡੁੱਬਣ ਤੋਂ ਕੋਈ ਵੀ ਨਹੀਂ ਬਚਾ ਸਕਦਾ। 

ਇਹ ਵੀ ਪੜ੍ਹੋ: ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਦੀ ਮਾਂ ਪਾਰਟੀ ਕਾਂਗਰਸ ਹੀ ਹੈ ਅਤੇ ਇਤਿਹਾਸ ਗਵਾਹ ਰਿਹਾ ਹੈ ਕਿ ਕਦੇ ਵੀ ਧਰਮ ਜਾਂ ਜਾਤੀ ਆਧਾਰਿਤ ਰਾਜਨੀਤੀ ਕਾਮਯਾਬ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਸਪਾ ਨੂੰ ਅਕਾਲੀ ਦਲ ਨੇ ਉਹ ਸੀਟਾਂ ਦਿੱਤੀਆਂ ਹਨ ਜਿੱਥੇ 15 ਸਾਲ ਤੋਂ ਕਦੇ ਵੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਨਹੀਂ ਕੀਤੀ ਤੇ ਮੈਂ ਫਿਰ ਇਹ ਗੱਲ ਪੂਰੇ ਵਿਸ਼ਵਾਸ ਤੇ ਦਾਅਵੇ ਨਾਲ ਕਹਿੰਦਾ ਹਾਂ ਕਿ ਜੋ 20 ਸੀਟਾਂ ਅਕਾਲੀ ਦਲ ਨੇ ਬਸਪਾ ਨੂੰ ਦਿੱਤੀਆਂ ਹਨ ਉਸ ’ਚ 18 ਸੀਟਾਂ ’ਤੇ ਕਾਂਗਰਸ ਪਾਰਟੀ ਹਰ ਹਾਲ ’ਚ ਜਿੱਤੇਗੀ।

ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਜਵਾਨ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਚੀਮਾ ਨੇ ਕਿਹਾ ਕਿ ਭਾਜਪਾ ਦੇ ਪੰਜਾਬ ਆਗੂ ਜੋ ਹੁਣ ਕਿਸਾਨਾਂ ਦੇ ਹੱਕਾਂ ਬਾਰੇ ਗੱਲਾਂ ਕਰਦੇ ਹਨ ਇਹ ਤਾਂ ਉਹ ਗੱਲ ਹੈ ਕਿ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਕਿਸਾਨਾਂ ਨੂੰ ਗਾਲ੍ਹਾਂ ਕੱਢਣ ਵਾਲੇ ਆਗੂਆਂ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਵੇਖ ਕੇ ਕਿਸਾਨਾਂ ਦੀ ਯਾਦ ਆ ਗਈ ਏ। ਉਨ੍ਹਾਂ ਅਕਾਲੀ ਦਲ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਭਾਵੇਂ ਉਹ ਬਸਪਾ ਨਾਲ ਗਠਜੋੜ ਕਰੇ ਜਾਂ ਕਾਮਰੇਡਾਂ ਨਾਲ ਪਰ ਅਕਾਲੀ ਦਲ ਨੂੰ ਲੋਕ ਕਦੇ ਵੀ ਮੂੰਹ ਨਹੀਂ ਲਗਾਉਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ 2022 ਦੀਆਂ ਚੋਣਾਂ ’ਚ ਨਵਾਂ ਇਤਿਹਾਸ ਸਿਰਜੇਗੀ ਤੇ ਕੈਪਟਨ ਸਾਹਿਬ ਹੀ ਦੁਬਾਰਾ ਮੁੱਖ ਮੰਤਰੀ ਬਣਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕੰਬੋਜ ਵੈੱਲਫੇਅਰ ਬੋਰਡ ਪੰਜਾਬ ਐਡਵੋਕੇਟ ਜਸਪਾਲ ਸਿੰਘ ਧੰਜੂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਚੇਅਰਮੈਨ ਪਰਵਿੰਦਰ ਪੱਪਾ, ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਹਰਜਿੰਦਰ ਸਿੰਘ ਜਿੰਦਾ, ਸਰਪੰਚ ਰਾਜੂ ਢਿੱਲੋਂ, ਤੇਜਿੰਦਰ ਸਿੰਘ ਐੱਮ. ਡੀ, ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਰਵੀ ਪੀ. ਏ, ਬਲਜਿੰਦਰ ਪੀ. ਏ. ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:ਗੈਂਗਸਟਰ ਜਸਪ੍ਰੀਤ ਜੱਸੀ ਦਾ ਹੋਇਆ ਅੰਤਿਮ ਸੰਸਕਾਰ, ਭੈਣ ਨੇ ਦਿੱਤੀ ਮੁੱਖ ਅਗਨੀ ਤੇ ਧਾਹਾਂ ਮਾਰ ਰੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News