ਨਵਜੋਤ ਸਿੰਘ ਸਿੱਧੂ ਲਈ ਫਿਰ ਖੜ੍ਹਾ ਹੋ ਸਕਦੈ ਵਿਵਾਦ, RTI 'ਚ ਹੋਇਆ ਵੱਡਾ ਖੁਲਾਸਾ

Thursday, Dec 26, 2019 - 07:27 PM (IST)

ਨਵਜੋਤ ਸਿੰਘ ਸਿੱਧੂ ਲਈ ਫਿਰ ਖੜ੍ਹਾ ਹੋ ਸਕਦੈ ਵਿਵਾਦ, RTI 'ਚ ਹੋਇਆ ਵੱਡਾ ਖੁਲਾਸਾ

ਜਲੰਧਰ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਿਛਲੇ ਸਾਲ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਨਿਜੀ ਦੌਰੇ 'ਤੇ ਪਾਕਿ ਗਏ ਸਨ। ਸਿੱਧੂ ਦੇ ਇਸ ਦੌਰੇ ਨੂੰ ਲੈ ਕੇ ਆਰ. ਟੀ. ਆਈ. 'ਚ ਖੁਲਾਸਾ ਹੋਇਆ ਹੈ ਕਿ ਸਿੱਧੂ ਜਦ ਪਿਛਲੇ ਸਾਲ ਪਾਕਿ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਪਾਕਿ ਗਏ ਸਨ ਤਾਂ ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਫਾਈਲਾਂ 'ਚ ਇਸ ਦੌਰੇ ਨੂੰ ਸਰਕਾਰੀ ਦੌਰਾ ਦੱਸਦੇ ਹੋਏ ਸਭ ਤਰ੍ਹਾਂ ਦੇ ਸਰਕਾਰੀ ਭੱਤੇ ਸਰਕਾਰ ਤੋਂ ਲਏ ਸਨ, ਜਦਕਿ ਸਿੱਧੂ ਦਾ ਇਹ ਨਿਜੀ ਦੌਰਾ ਸੀ। ਸਿੱਧੂ ਦੇ ਪਾਕਿ ਦੌਰੇ ਨੂੰ ਲੈ ਕੇ ਆਰ. ਟੀ. ਆਈ. 'ਚ ਹੋਇਆ ਇਹ ਖੁਲਾਸਾ ਸਿੱਧੂ ਲਈ ਫਿਰ ਵਿਵਾਦ ਖੜਾ ਕਰ ਸਕਦਾ ਹੈ।

ਆਰ. ਟੀ. ਆਈ. ਜ਼ਰੀਏ ਜੋ ਕਾਗਜ਼ਾਤ ਸਾਹਮਣੇ ਆਏ ਹਨ, ਉਨ੍ਹਾਂ 'ਚ ਸਿੱਧੂ ਦੇ ਇਸ ਪਾਕਿ ਦੌਰੇ ਨੂੰ ਲੈ ਕੇ ਖੁਲਾਸਾ ਹੋਇਆ ਹੈ ਕਿ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੋਕਿਆ ਗਿਆ ਸੀ ਪਰ ਨਿਜੀ ਦੌਰੇ ਦੇ ਤੌਰ 'ਤੇ ਬਾਅਦ 'ਚ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਇਸ ਨਿਜੀ ਦੌਰੇ ਦੌਰਾਨ ਜੋ ਖਰਚ ਹੋਇਆ ਸੀ, ਉਸ ਨੂੰ ਸਿੱਧੂ ਨੇ ਸਰਕਾਰੀ ਕਾਗਜ਼ਾਤਾਂ ਰਾਹੀਂ ਜੋ ਭੱਤੇ ਇਕ ਮੰਤਰੀ ਨੂੰ ਮਿਲਦੇ ਹਨ, ਉਹ ਸਰਕਾਰ ਤੋਂ ਲਏ ਹਨ।

ਆਰ. ਟੀ. ਆਈ. ਜ਼ਰੀਏ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਪਾਕਿਸਤਾਨ 'ਚ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਤੌਰ 'ਤੇ ਜਦ ਸਹੁੰ ਚੁੱਕ ਸਮਾਰੋਹ 18 ਅਗਸਤ 2018 ਨੂੰ ਰੱਖਿਆ ਗਿਆ ਸੀ, ਉਸ 'ਚ ਸ਼ਾਮਲ ਹੋਣ ਲਈ ਨਵਜੋਤ ਸਿੰਘ ਸਿੱਧੂ ਬਤੌਰ ਇਕ ਦੋਸਤ ਦੇ ਰੂਪ 'ਚ ਹਿੱਸਾ ਲੈਣ ਲਈ ਗਏ ਸਨ। ਉਥੇ ਸਿੱਧੂ ਨੇ ਆਪਣੇ ਇਸ ਗੈਰ ਸਰਕਾਰੀ ਦੌਰੇ ਨੂੰ ਸਰਕਾਰੀ ਦੌਰਾ ਕਰਾਰ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਹਰ ਤਰ੍ਹਾਂ ਦਾ ਕਲੇਮ ਲਿਆ ਹੋਇਆ ਸੀ। ਜਿਸ ਦੇ ਦਸਤਾਵੇਜ਼ ਹੁਣ ਆਰ. ਟੀ. ਆਈ. ਜ਼ਰੀਏ ਬਾਹਰ ਆ ਗਏ ਹਨ। ਜਿਨ੍ਹਾਂ 'ਚ ਸਪੱਸ਼ਟ ਹੈ ਕਿ ਨਵਜੋਤ ਸਿੰਘ ਸਿੱਧੂ 17 ਅਗਸਤ 2018 ਨੂੰ ਆਪਣੀ ਕਾਰ ਦਾ ਇਸਤੇਮਾਲ ਕਰਦੇ ਹੋਏ ਅੰਮ੍ਰਿਤਸਰ ਬਾਘਾ ਬਾਰਡਰ ਪਹੁੰਚੇ ਸਨ। ਇਸ ਲਈ ਸਿੱਧੂ ਨੇ 88 ਕਿਲੋਮੀਟਰ ਦੇ ਸਫਰ ਦਾ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 1320 ਰੁਪਏ ਕਲੇਮ ਲਿਆ ਹੈ। ਇਸੇ ਤਰ੍ਹਾਂ ਨਾਲ 17 ਅਗਸਤ ਦੇ ਰੋਜ਼ਾਨਾ ਭੱਤੇ ਦੇ ਤੌਰ 'ਤੇ 1500 ਰੁਪਏ ਵੱਖ ਲਏ ਹਨ।

ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ 17 ਅਗਸਤ ਅਤੇ 18 ਅਗਸਤ ਦੀ ਰਾਤ ਪਾਕਿਸਤਾਨ 'ਚ ਰੁਕੇ ਤੇ ਪਾਕਿਸਤਾਨ ਤੋਂ ਉਹ 19 ਅਗਸਤ ਨੂੰ ਬਾਅਦ ਦੁਪਹਿਰ ਭਾਰਤ ਵਾਪਸ ਆ ਗਏ, ਜਿਥੋਂ ਉਨ੍ਹਾਂ ਨੇ ਬਾਘਾ ਬਾਰਡਰ ਤੋਂ ਚੰਡੀਗੜ੍ਹ ਤਕ 370 ਕਿਲੋਮੀਟਰ ਦਾ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 5550 ਰੁਪਏ ਕਲੇਮ ਲਿਆ। ਇਸ ਦੇ ਨਾਲ ਹੀ 19 ਅਗਸਤ ਵਾਲੇ ਦਿਨ ਵੀ ਰੋਜ਼ਾਨਾ ਭੱਤਾ ਦੇ ਤਹਿਤ 750 ਰੁਪਏ ਲੈ ਲਏ। ਇਸ ਦੇ ਨਾਲ ਹੀ ਸਿੱਧੂ ਨੇ ਇਨ੍ਹਾਂ 3 ਦਿਨਾਂ ਦੀ ਗੱਡੀ ਦੇ ਡਰਾਈਵਰ ਦੀ ਤਨਖਾਹ  1000 ਰੁਪਏ ਵੀ ਸਰਕਾਰ ਤੋਂ ਲਏ ਹਨ। ਆਰ. ਟੀ. ਆਈ. ਪਾਉਣ ਵਾਲੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਆਰ. ਟੀ. ਆਈ. ਜ਼ਰੀਏ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ 'ਚ ਸਿੱਧੂ ਵੱਲੋਂ ਪਾਕਿਸਤਾਨ ਦੇ ਦੌਰੇ ਦਾ ਆਪਣੇ ਵਲੋਂ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਰ. ਟੀ. ਆਈ. ਜ਼ਰੀਏ ਹੋਏ ਖੁਲਾਸੇ 'ਚ ਸਿੱਧੂ ਵਲੋਂ ਆਪਣੇ ਨਿਜੀ ਦੌਰੇ ਨੂੰ ਸਰਕਾਰੀ ਦੌਰੇ ਦੇ ਤੌਰ 'ਤੇ ਸਰਕਾਰੀ ਕਾਗਜ਼ਾਤ 'ਚ ਦਰਸ਼ਾਉਂਦੇ ਹੋਏ ਸਰਕਾਰ ਵਲੋਂ ਸਾਰੇ ਭੱਤੇ ਲਏ ਗਏ ਹਨ।  


Related News