ਜ਼ਮੀਨੀ ਵਿਵਾਦ ਨੂੰ ਲੈ 2 ਧਿਰਾਂ ’ਚ ਖੂਨੀ ਝੜਪਾਂ, ਕਈ ਜ਼ਖਮੀ
Wednesday, Jun 03, 2026 - 03:24 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ) : ਹਲਕਾ ਸਨੌਰ ਦੇ ਪਿੰਡ ਬੱਤੀ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ’ਚ ਝਗੜਾ ਹੋ ਗਿਆ, ਜੋ ਖੂਨੀ ਝੜਪ ਦਾ ਰੂਪ ਧਾਰਨ ਕਰ ਗਿਆ। ਇਸ ਦੌਰਾਨ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋਏ ਪਰ ਇਕ ਧਿਰ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਨੌਰ ’ਤੇ ਗੰਭੀਰ ਇਲਜ਼ਾਮ ਲਾਏ ਹਨ ਕਿ ਉਹ ਧੱਕੇਸ਼ਾਹੀ ਕਰ ਕੇ ਸਾਡੇ ਨਾਲ ਕੁੱਟਮਾਰ ਕਰਵਾ ਰਿਹਾ ਹੈ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਇਸ ਸਬੰਧੀ ਪਿੰਡ ਬੱਤੀ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਮੀਨ ਸਬੰਧੀ ਮਾਮਲਾ ਪਿਛਲੇ 8 ਤੋਂ 9 ਮਹੀਨਿਆਂ ਤੋਂ ਅਦਾਲਤ ’ਚ ਵਿਚਾਰ ਅਧੀਨ ਹੈ। ਉਹ ਸਨੌਰ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਵਿਵਾਦਤ ਜ਼ਮੀਨ ’ਚ ਦੂਜੀ ਧਿਰ ਵੱਲੋਂ ਮਿੱਟੀ ਦੀ ਪਟਾਈ ਕੀਤੀ ਜਾ ਰਹੀ ਸੀ। ਉਨ੍ਹਾਂ ਇਸ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ’ਤੇ ਕਹੀ ਨਾਲ ਹਮਲਾ ਕੀਤਾ ਗਿਆ।
ਸਰਪੰਚ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਤਾਂ ਦੂਜੀ ਧਿਰ ਵੱਲੋਂ ਉਨ੍ਹਾਂ ਨਾਲ ਵੀ ਮਾਰਕੁੱਟ ਕੀਤੀ ਗਈ ਅਤੇ ਕੱਪੜੇ ਤੱਕ ਪਾੜ ਦਿੱਤੇ ਗਏ। ਦੂਜੀ ਧਿਰ ਦੇ ਕਰੀਬੀ ਨੇ ਇਸ ਮਾਮਲੇ ’ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜ਼ਮੀਨ ਸਬੰਧੀ ਮਾਮਲਾ ਕਾਫ਼ੀ ਸਮੇਂ ਤੋਂ ਅਦਾਲਤ ’ਚ ਚੱਲ ਰਿਹਾ ਹੈ। ਉਹ ਜ਼ਮੀਨ ਦੀ ਲੈਵਲਿੰਗ ਦਾ ਕੰਮ ਕਰ ਰਹੇ ਸਨ, ਜਿਸ ਦੌਰਾਨ ਸਰਪੰਚ ਮੌਕੇ ’ਤੇ ਪਹੁੰਚੇ ਅਤੇ ਤਕਰਾਰ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਝਗੜਾ ਵੱਧ ਗਿਆ।
ਥਾਣਾ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਆਪਸ ’ਚ ਚਾਚੇ-ਤਾਏ ਦੇ ਲੜਕੇ ਹਨ ਅਤੇ ਵਿਵਾਦ ਸਾਂਝੀ ਜ਼ਮੀਨ ’ਚੋਂ ਮਿੱਟੀ ਚੁੱਕਣ ਨੂੰ ਲੈ ਕੇ ਹੋਇਆ ਹੈ। ਜ਼ਮੀਨ ਸਬੰਧੀ ਅਦਾਲਤੀ ਮਾਮਲੇ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਜ਼ਖ਼ਮੀ ਮੈਂਬਰ ਇਸ ਵੇਲੇ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਹਨ। ਮੈਡੀਕਲ ਰਿਪੋਰਟ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
