ਪ੍ਰਤਾਪ ਬਾਜਵਾ ਤੇ ਨਵਜੋਤ ਸਿੱਧੂ ਵਿਚਾਲੇ ਖੜਕੀ, ਵੱਖਰਾ ਅਖਾੜਾ ਨਾ ਲਗਾਉਣ ਵਾਲੇ ਬਿਆਨ ''ਤੇ ਸਿੱਧੂ ਦਾ ਮੋੜਵਾਂ ਜਵਾਬ
Wednesday, Dec 20, 2023 - 06:52 PM (IST)
ਜਲੰਧਰ (ਵੈੱਬ ਡੈਸਕ)- ਨਵਜੋਤ ਸਿੰਘ ਸਿੱਧੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਇਕ ਵਾਰ ਫਿਰ ਤੋਂ ਖੜਕ ਗਈ ਹੈ। ਦਰਅਸਲ ਬੀਤੇ ਦਿਨੀਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵੱਖਰਾ ਅਖਾੜਾ ਨਾ ਲਗਾਉਣ ਦੀ ਨਸੀਹਤ ਦਿੱਤੀ ਗਈ ਸੀ। ਬਾਜਵਾ ਵੱਲੋਂ ਦਿੱਤੀ ਗਈ ਨਸੀਹਤ 'ਤੇ ਨਵਜੋਤ ਸਿੰਘ ਸਿੱਧੂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਮੋੜਵਾਂ ਜਵਾਬ ਦਿੱਤਾ ਹੈ। ਟਵਿੱਟਰ 'ਤੇ ਭੜਾਸ ਕੱਢਦੇ ਹੋਏ ਇਕ ਪੋਸਟ ਸ਼ੇਅਰ ਕਰਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਘਬਰਾਹਟ 'ਚੋਂ ਪੈਦਾ ਗੁਮਰਾਹਕੁੰਨ ਬਿਆਨ ਅਤੇ ਵਿਹਾਰ ਚੁਤਰਾਈ ਵਾਲੀ ਪੈਂਤੜੇਬਾਜੀ ਦਾ ਆਹਲਾ ਨਮੂਨਾ।
ਇਹ ਵੀ ਪੜ੍ਹੋ : ਅੱਜ ਪੰਜਾਬ ਦੇ ਦੌਰੇ 'ਤੇ ਆਉਣਗੇ CM ਅਰਵਿੰਦ ਕੇਜਰੀਵਾਲ, ਹੁਸ਼ਿਆਰਪੁਰ ਵਿਖੇ ਰਹਿਣਗੇ 10 ਦਿਨ
ਤਿੱਖੇ ਸਵਾਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਇੰਡੀਆ ਗਠਜੋੜ ਦੀ ਸਿਆਸਤ ਨੂੰ ਨਕਾਰੋ ਅਤੇ ਬੋਲੋ ਕਿ ਅਸੀਂ ਕਾਂਗਰਸ ਹਾਈਕਮਾਂਡ ਵੱਲੋਂ ਇਸ ਗਠਜੋੜ ਦੇ ਸਿਆਸੀ ਫ਼ੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਅਖਾੜਾ ਨਹੀਂ ਹੈ ਪਰ ਜੇ ਸਿੱਧੂ ਇਹ ਆਖੇ ਕਿ ਹਾਈਕਮਾਂਡ ਨਾਲ ਖੜਾਂਗਾ ਅਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਅਖਾੜਾ ਕਿਵੇਂ ਹੋ ਗਿਆ?
ਕਾਂਗਰਸ ਦੇ 78 ਤੋਂ 18 ਵਿਧਾਇਕ ਰਹਿਣ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਆਉਂਦੀ ਹੈ ਨਾ ਕਿ ਪ੍ਰਧਾਨ ਹੋਣ ਵਜੋਂ ਨਵਜੋਤ ਸਿੰਘ ਸਿੱਧੂ ਸਿਰ ਹੈ। ਤੁਸੀਂ ਨਵਜੋਤ ਸਿੰਘ ਸਿੱਧੂ ਦਾ ਲੁੱਟ ਖ਼ਤਮ ਕਰਨ ਵਾਲਾ ਪੰਜਾਬ ਏਜੰਡਾ ਨਕਾਰ ਕੇ ਅਨੁਸੂਚਿਤ ਜਾਤੀ ਦਾ ਪੱਤਾ ਖੇਡਿਆ। ਇਹ ਨਤੀਜਾ ਤੁਹਾਡੀ ਬਾਦਲਕਿਆਂ ਨਾਲ “ ਉੱਤਰ ਕਾਟੋ ਮੈਂ ਚੜਾਂ'' ਵਾਲੀ ਸਿਆਸਤ ਕਾਰਨ ਹੈ। ਬਾਜਵਾ ਸਾਹਿਬ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ਤਾਂ ਤੁਸੀਂ ਸਿਸਵਾਂ ਫਾਰਮ ‘ਤੇ ਜਾ ਕੇ ਕੈਪਟਨ ਅਮਰਿੰਦਰ ਨਾਲ ਪਿਆਰ ਦੀਆਂ ਪੀਂਘਾਂ ਝੂਟਦੇ ਸੀ।
ਤੁਹਾਡਾ ਦੋ ਸਾਲ ਤੋਂ ਐਲਾਨਵੰਤ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਖ਼ਿਲਾਫ਼ ਅਖਾੜਾ ਲੱਗਿਆ ਹੈ? ਇਹ ਦੱਸੋਂ ਤੁਹਾਡੀ ਕਾਂਗਰਸ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਅਤੇ ਫ਼ੈਸਲਿਆਂ ਨੂੰ ਐਲਾਨਵੰਤ ਸਰਕਾਰ ਉਲੰਘ ਰਹੀ ਹੈ?
ਨਵਜੋਤ ਸਿੰਘ ਸਿੱਧੂ ਨੇ ਐਲਾਨਵੰਤ ਸਰਕਾਰ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਉੱਪਰ ਹਮਲਾ ਕੀਤਾ ਹੈ ਅਤੇ ਤੁਹਾਨੂੰ ਕਿਊ ਤਕਲੀਫ਼ ਹੋ ਰਹੀ ਹੈ? ਵਿਧਾਨ ਸਭਾ ਦੀ ਚੋਣ ਹਾਰਨ ਤੋਂ ਬਾਅਦ ਵੀ ਸਿੱਧੂ ਨੇ 'ਆਪ' ਸਰਕਾਰ ਦੀਆਂ ਗਰੰਟੀਆਂ ਪੂਰੇ ਨਾ ਕਰਨ ਦੀ ਸਿਆਸਤ ਖ਼ਿਲਾਫ਼ ਹਮਲਾ ਕੀਤਾ ਸੀ ਅਤੇ ਐਲਾਨਵੰਤ ਨੂੰ ਉਸ ਨੂੰ ਗੱਲਬਾਤ ਕਰਨ ਲਈ ਸੱਦਾ ਦੇਣ ਲਈ ਮਜਬੂਰ ਹੋਣਾ ਪਿਆ ਸੀ।
** ਹਾਲੇ ਐਨਾ ਹੀ •• **Malvinder Singh Malii
ਕੀ ਹੈ ਮਾਮਲਾ
ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਵੱਖਰਾ ਅਖਾੜਾ (ਆਪਣੇ ਪੱਧਰ ’ਤੇ ਕਾਂਗਸੀਆਂ ਨੂੰ ਨਾ ਮਿਲਣ) ਨਾ ਲਗਾਉਣ ਦੀ ਨਸੀਹਤ ਦਿੱਤੀ ਸੀ। ਸਿੱਧੂ ਨੂੰ ਨਸੀਹਤ ਦਿੰਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਉਹ ਇਕ ਮੰਚ ’ਤੇ ਆਉਣ ਅਤੇ ਵੱਖਰਾ ਅਖਾੜਾ ਨਾ ਲਾਉਣ। ਬਾਜਵਾ ਨੇ ਕਿਹਾ ਕਿ ਸਿੱਧੂ ਸਾਬ੍ਹ ਵੱਖਰਾ ਅਖਾੜਾ ਲਗਾਉਣਾ ਬੰਦ ਕਰੋ ਜੇ ਪਾਰਟੀ ਨੇ ਤੁਹਾਨੂੰ ਇੱਜ਼ਤ ਮਾਨ ਦੇ ਦਿੱਤਾ ਹੈ, ਉਸ ਨੂੰ ਪਚਾਓ ਅਤੇ ਅਜਿਹਾ ਕੰਮ ਨਾ ਕਰੋ। ਪਹਿਲਾਂ ਦੀ ਜਦੋਂ ਤੁਸੀਂ ਪ੍ਰਧਾਨ ਸੀ ਤਾਂ ਸੀਟਾਂ 78 ਤੋਂ 18 ’ਤੇ ਲੈ ਆਏ ਹੋ। ਬਾਜਵਾ ਨੇ ਸਿੱਧੂ ਨੂੰ ਕਿਹਾ ਕਿ ਹੋਰ ਕੀ ਚਾਹੁੰਦੇ ਹੋ। ਚੁੱਪ ਹੋ ਕੇ ਪਾਰਟੀ ਦੇ ਕੈਡਰ ਨਾਲ ਚੱਲੋ, ਪਾਰਟੀ ਦੀਆਂ ਸਟੇਜਾਂ ’ਤੇ ਆਓ।
ਬਾਜਵਾ ਨੇ ਕਿਹਾ ਕਿ ਦੋ ਦਿਨ ਬਾਅਦ ਪਾਰਟੀ ਦੇ ਧਰਨੇ ਜਗਰਾਓਂ ਅਤੇ ਫਗਵਾੜਾ ਵਿਚ ਹਨ, ਉਥੇ ਆਉਣ ਅਤੇ ਬੋਲਣ, ਪੰਜਾਬ ਦਾ ਕੋਈ ਕਾਂਗਰਸੀ ਇਸ ਨੂੰ ਚੰਗਾ ਨਹੀਂ ਸਮਝਦਾ ਅਤੇ ਸਿੱਧੂ ਸਾਬ੍ਹ ਨੂੰ ਸਲਾਹ ਦੇਣ ਵਾਲੇ ਵੀ ਇਸ ਨੂੰ ਗਲਤ ਹੀ ਦੱਸਦੇ ਹੋਣਗੇ। ਬਾਜਵਾ ਨੇ ਕਿਹਾ ਕਿ ਇਹ ਪਾਰਟੀ ਦਾ ਮੰਚ ਹੈ ਅਤੇ ਸਾਰੇ ਕਾਂਗਰਸੀਆਂ ਲਈ ਹੈ ਪਰ ਫਿਰ ਵੀ ਉਹ ਉਨ੍ਹਾਂ ਨੂੰ ਸੱਦਾ ਦਿੰਦੇ ਹਨ। ਬਾਜਵਾ ਨੇ ਕਿਹਾ ਕਿ 21 ਅਤੇ 22 ਤਾਰੀਖ਼ ਨੂੰ ਪੰਜਾਬ ਸਰਕਾਰ ਖ਼ਿਲਾਫ਼ ਲੱਗ ਰਹੇ ਧਰਨਾ ਵਿਚ ਆਓ ਅਤੇ ਆਪਣੀ ਗੱਲ ਰੱਖੋ।
ਇਹ ਵੀ ਪੜ੍ਹੋ : ਕਾਂਗਰਸ ਤੇ 'ਆਪ' ਦੇ ਗਠਜੋੜ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੁਖਬੀਰ ਦੀ ਮੁਆਫ਼ੀ 'ਤੇ ਵੀ ਸੁਣੋ ਕੀ ਬੋਲੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।