ਸਿੱਧੂ ਦੇ ਅਸਤੀਫੇ ਨਾਲ ਫਿਰ ਗਰਮਾਇਆ ਕੈਪਟਨ-ਬਾਦਲ ਦਰਮਿਆਨ ਫ੍ਰੈਂਡਲੀ ਮੈਚ ਦਾ ਮੁੱਦਾ

Tuesday, Jul 16, 2019 - 01:24 PM (IST)

ਸਿੱਧੂ ਦੇ ਅਸਤੀਫੇ ਨਾਲ ਫਿਰ ਗਰਮਾਇਆ ਕੈਪਟਨ-ਬਾਦਲ ਦਰਮਿਆਨ ਫ੍ਰੈਂਡਲੀ ਮੈਚ ਦਾ ਮੁੱਦਾ

ਲੁਧਿਆਣਾ (ਹਿਤੇਸ਼) : ਨਵਜੋਤ ਸਿੱਧੂ ਵੱਲੋਂ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਕੈਪਟਨ-ਬਾਦਲ ਦਰਮਿਆਨ ਫ੍ਰੈਂਡਲੀ ਮੈਚ ਹੋਣ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ। ਵਰਣਨਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸਿੱਧੂ ਨੇ ਕੈਪਟਨ ਅਤੇ ਬਾਦਲ ਦਾ ਨਾਂ ਲਏ ਬਿਨਾਂ ਫ੍ਰੈਂਡਲੀ ਮੈਚ ਹੋਣ ਦੀ ਟਿੱਪਣੀ ਕੀਤੀ ਸੀ ਜਿਸ ਕਾਰਨ ਕੈਪਟਨ ਨੇ ਬਠਿੰਡਾ ਸੀਟ ਦੀ ਹਾਰ ਦਾ ਠੀਕਰਾ ਸਿੱਧੂ ਸਿਰ ਭੰਨ੍ਹਦੇ ਹੋਏ ਹਾਈਕਮਾਨ ਨੂੰ ਸ਼ਿਕਾਇਤ ਕੀਤੀ ਸੀ। ਇਸੇ ਨੂੰ ਆਧਾਰ ਬਣਾ ਕੇ ਕੈਪਟਨ ਨੇ ਸਿੱਧੂ ਦਾ ਵਿਭਾਗ ਬਦਲਣ ਦਾ ਫੈਸਲਾ ਲਿਆ ਸੀ, ਜਿਸ ਤੋਂ ਬਾਅਦ ਪੈਦਾ ਹੋਏ ਵਿਵਾਦ ਦਾ ਅੰਤ ਸਿੱਧੂ ਦੇ ਅਸਤੀਫੇ ਨਾਲ ਹੋਇਆ। ਇਸ ਬਹਾਨੇ ਕੈਪਟਨ-ਬਾਦਲ ਦੇ ਵਿਰੋਧੀਆਂ ਨੂੰ ਉਨ੍ਹਾਂ 'ਤੇ ਸਿਆਸੀ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ, ਜਿਸ 'ਚ ਮੁੱਖ ਤੌਰ 'ਤੇ ਸੁਖਪਾਲ ਖਹਿਰਾ, ਟਕਸਾਲੀ ਅਕਾਲੀ ਦਲ ਦੇ ਨੇਤਾ ਸੇਵਾ ਸਿੰਘ ਸੇਖਵਾਂ ਸ਼ਾਮਲ ਹਨ। ਉਨ੍ਹਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਫ੍ਰੈਂਡਲੀ ਮੈਚ ਦੀ ਪੋਲ ਖੋਲ੍ਹਣ ਦੀ ਕੀਮਤ ਸਿੱਧੂ ਨੂੰ ਮੰਤਰੀ ਅਹੁਦੇ ਤੋਂ ਹੱਥ ਧੋ ਕੇ ਚੁਕਾਉਣੀ ਪਈ ਹੈ।

'ਆਪ' ਵੱਲੋਂ ਵਿਭਾਗ ਸੰਭਾਲ ਕੇ ਬਿਜਲੀ ਸਮਝੌਤੇ ਦੀ ਪੋਲ ਖੋਲ੍ਹਣ ਦੀ ਦਿੱਤੀ ਜਾ ਰਹੀ ਹੈ ਸਲਾਹ
ਆਮ ਆਦਮੀ ਪਾਰਟੀ ਵੱਲੋਂ ਸਿੱਧੂ ਨੂੰ ਅਸਤੀਫਾ ਦੇਣ ਦੀ ਬਜਾਏ ਮੰਤਰਾਲਾ ਸੰਭਾਲ ਕੇ ਬਿਜਲੀ ਸਮਝੌਤੇ ਦੀ ਪੋਲ ਖੋਲ੍ਹਣ ਦੀ ਸਲਾਹ ਦਿੱਤੀ ਰਹੀ ਹੈ। ਵਿਧਾਇਕਾਂ ਹਰਪਾਲ ਚੀਮਾ ਅਤੇ ਅਮਰ ਅਰੋੜਾ ਦਾ ਕਹਿਣਾ ਹੈ ਕਿ ਸਿੱਧੂ ਨੂੰ ਪਿਛਲੀ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਏ 25 ਸਾਲ ਦੇ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰਨਾ ਚਾਹੀਦਾ ਹੈ।

*  ਸਿੱਧੂ ਵੱਲੋਂ 10 ਸਾਲ ਤੱਕ ਮੋਰਚਾ ਖੋਲ੍ਹ ਕੇ ਰੱਖਣ ਕਾਰਨ ਸਬਕ ਸਿਖਾਉਣ ਲਈ ਬਾਦਲ ਪਰਿਵਾਰ ਵੱਲੋਂ ਕੈਪਟਨ ਰਾਹੀਂ ਉਨ੍ਹਾਂ ਦਾ ਸਿਆਸੀ ਭਵਿੱਖ ਖਤਮ ਕਰਨ ਦੀ ਸਾਜ਼ਿਸ਼ ਰਚੀ ਹੈ। ਇਸ ਤੋਂ ਇਲਾਵਾ ਸਿੱਧੂ ਦੀ ਵਧਦੀ ਹਰਮਨਪਿਆਰਤਾ ਤੋਂ ਕੈਪਟਨ ਨੂੰ ਖਤਰਾ ਮਹਿਸੂਸ ਹੋ ਰਿਹਾ ਸੀ, ਜਿਸ ਦੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਈ।

- ਹਰਪਾਲ ਚੀਮਾ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ।

* ਕੈਪਟਨ ਵੱਲੋਂ ਬਾਕੀ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ਸਿਰਫ ਦਿਖਾਵੇ ਲਈ ਕੀਤਾ ਗਿਆ ਹੈ, ਜਦੋਂਕਿ ਮੁੱਖ ਨਿਸ਼ਾਨਾ ਤਾਂ ਸਿੱਧੂ ਨੂੰ ਬਣਾਇਆ ਗਿਆ ਹੈ, ਕਿਉਂਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਹਮਣੇ ਮੁੱਦਾ ਚੁੱਕ ਕੇ ਕਰਤਾਰਪੁਰ ਕੋਰੀਡੋਰ ਦੇ ਕੇਸ 'ਚ ਫੈਸਲਾ ਕਰਵਾਉਣ ਤੋਂ ਬਾਅਦ ਸਿੱਧੂ ਦਾ ਲੋਕਾਂ 'ਚ ਆਧਾਰ ਕਾਫੀ ਵਧ ਰਿਹਾ ਸੀ।
-ਸੁਖਪਾਲ ਖਹਿਰਾ, ਪੰਜਾਬ ਏਕਤਾ ਪਾਰਟੀ


author

Anuradha

Content Editor

Related News