ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਏ ਨਵਜੋਤ ਸਿੰਘ ਸਿੱਧੂ

04/01/2023 6:48:57 PM

ਪਟਿਆਲਾ (ਬਲਜਿੰਦਰ) : ਸਾਢੇ ਤਿੰਨ ਦਹਾਕੇ ਪਹਿਲਾਂ ਪਟਿਆਲਾ ਵਿਚ ਵਾਪਰੇ ਰੋਡਰੇਜ ਕੇਸ ’ਚ 10 ਮਹੀਨੇ 11 ਦਿਨ ਦੀ ਸਜ਼ਾ ਕੱਟਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅੱਜ ਬਾਹਰ ਆ ਗਏ ਹਨ। ਨਵਜੋਤ ਸਿੱਧੂ ਦੇ ਬਾਹਰ ਆਉਣ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਪੰਜਾਬ ਦਾ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ। ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀ ਨੇ ਸਿੱਧੂ ਨੂੰ ਰਿਹਾਅ ਕੀਤੇ ਜਾਣ ਦੀ ਪੁਸ਼ਟੀ ਸ਼ੁੱਕਰਵਾਰ ਨੂੰ ਹੀ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਸਿੱਧੂ ਪਰਿਵਾਰ ਨੇ ਵੀ ਟਵੀਟ ਕਰਕੇ ਸਬੰਧਤ ਅਥਾਰਿਟੀ ਦੇ ਹਵਾਲੇ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਸ਼ਨੀਵਾਰ ਨੂੰ ਜੇਲ੍ਹ ’ਚੋਂ ਰਿਹਾਅ ਕੀਤੇ ਜਾਣ ਦਾ ਦਾਅਵਾ ਕੀਤਾ ਸੀ ਜਦਕਿ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਵੱਖਰੇ ਤੌਰ ’ਤੇ ਇਸ ਦੀ ਪੁਸ਼ਟੀ ਕਰ ਚੁੱਕੇ ਹਨ। ਚੇਤੇ ਰਹੇ ਕਿ ਭਾਰਤ ਸਰਕਾਰ ਦੀ ‘ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਉੱਤੇ ਆਧਾਰਿਤ ਨੀਤੀ ਤਹਿਤ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੁਝ ਕੈਦੀਆਂ ਨੂੰ ਅਗਾਊਂ ਰਿਹਾਅ ਕੀਤੇ ਜਾਣ ਵਾਲੀ ਸੂਚੀ ਵਿਚ ਨਵਜੋਤ ਸਿੱਧੂ ਦਾ ਨਾਮ ਵੀ ਵਿਚਾਰਧੀਨ ਸੀ ਪਰ ਇਸ ਨੀਤੀ ਤਹਿਤ ਕਿਸੇ ਨੂੰ ਵੀ ਅਗਾਊਂ ਰਿਹਾਈ ਨਹੀਂ ਦਿੱਤੀ ਗਈ। ਸਿੱਧੂ ਦੀ ਰਿਹਾਈ ਨੂੰ ਲੈ ਕੇ ਪਟਿਆਲਾ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਆਪਣੇ ਆਗੂ ਦੇ ਸਵਾਗਤ ਲਈ ਜੰਗੀ ਪੱਧਰ ’ਤੇ ਤਿਆਰੀਆਂ ਵਿੱਢ ਸਨ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਕਾਂਗਰਸ ’ਚ ਵੱਡੀ ਹਲਚਲ, ਵੜਿੰਗ ਨੇ ਸਿੱਧੂ ਦੇ ਕਰੀਬੀ ਨੂੰ ਅਹੁਦੇ ਤੋਂ ਹਟਾਇਆ

20 ਮਈ 2022 ਨੂੰ ਜੇਲ੍ਹ ਗਏ ਸਨ ਸਿੱਧੂ

ਨਵਜੋਤ ਸਿੱਧੂ ਇਕ ਸਾਲ ਦੀ ਸਜ਼ਾ ਤਹਿਤ ਪਿਛਲੇ ਸਾਲ 20 ਮਈ ਨੂੰ ਜੇਲ੍ਹ ਗਏ ਸਨ। ਅੰਮ੍ਰਿਤਸਰ ਤੋਂ ਐੱਮ. ਪੀ. ਹੁੰਦਿਆਂ ਜਦੋਂ ਉਨ੍ਹਾਂ ਨੂੰ ਇਸੇ ਕੇਸ ’ਚ ਪਹਿਲਾਂ ਸਜ਼ਾ ਸੁਣਾਈ ਗਈ ਸੀ ਉਦੋਂ ਵੀ ਉਨ੍ਹਾਂ ਨੇ ਕੁਝ ਦਿਨ ਜੇਲ੍ਹ ਵਿਚ ਗੁਜ਼ਾਰੇ ਸਨ। ਇਨ੍ਹਾਂ ਦਿਨਾਂ ਦੀ ਗਿਣਤੀ ਵੀ ਕੈਦ ਕੱਟਣ ਵਾਲੇ ਦਿਨਾਂ ’ਚ ਕੀਤੀ ਜਾਵੇਗੀ। ਇਸ ਲਿਹਾਜ਼ ਨਾਲ ਉਨ੍ਹਾਂ ਦੀ ਰਿਹਾਈ 16 ਮਈ ਨੂੰ ਹੋਣੀ ਮੰਨੀ ਜਾ ਰਹੀ ਸੀ। ਹਾਲਾਂਕਿ ਇਕ ਜੇਲ੍ਹ ਨਿਯਮ ਤਹਿਤ ਵੱਖ-ਵੱਖ ਵਰਗਾਂ ਦੇ ਕੈਦੀਆਂ ਨੂੰ ਉਨ੍ਹਾਂ ਵੱਲੋਂ ਜੇਲ੍ਹ ’ਚ ਕੀਤੇ ਜਾਣ ਵਾਲੇ ਕੰਮ ਅਤੇ ਚੰਗੇ ਵਿਵਹਾਰ ਦੇ ਚੱਲਦਿਆਂ, ਹਰੇਕ ਜੇਲ੍ਹ ਦੇ ਸੁਪਰਡੈਂਟ ਵੱਲੋਂ ਹਰ ਮਹੀਨੇ ਚਾਰ ਤੋਂ ਸੱਤ ਦਿਨਾਂ ਦੀ ਸਜ਼ਾ ਮੁਆਫੀ ਦਿੱਤੀ ਜਾਂਦੀ ਹੈ। ਨਵਜੋਤ ਸਿੱਧੂ ਨੂੰ ਜੇਲ੍ਹ ’ਚ ਕਲਰਕ ਦਾ ਕੰਮ ਮਿਲਿਆ ਸੀ ਅਤੇ ਜੇਲ੍ਹ ਰਿਪੋਰਟਾਂ ਅਨੁਸਾਰ ਉਨ੍ਹਾਂ ਦਾ ਵਤੀਰਾ ਵੀ ਕਾਫੀ ਚੰਗਾ ਸੀ। ਇਸ ਤਰ੍ਹਾਂ ਜੇਕਰ ਹਰ ਮਹੀਨੇ ਉਨ੍ਹਾਂ ਨੂੰ ਨਿਯਮਾਂ ਤਹਿਤ ਚਾਰ ਤੋਂ ਪੰਜ ਦਿਨਾਂ ਦੀ ਮੁਆਫ਼ੀ ਵੀ ਮਿਲਦੀ ਰਹੀ ਹੋਈ, ਤਾਂ ਤਕਰੀਬਨ ਸਾਢੇ ਦਸ ਮਹੀਨਿਆਂ ਦੀ ਜੇਲ੍ਹ ਦੌਰਾਨ ਉਨ੍ਹਾਂ ਦੀ ਸਜ਼ਾ ਵਿਚੋਂ ਕਰੀਬ ਡੇਢ ਮਹੀਨੇ ਦੀ ਮੁਆਫ਼ੀ ਹੋਣੀ ਮੰਨੀ ਜਾ ਸਕਦੀ ਹੈ। ਇਸ ਹਵਾਲੇ ਨਾਲ ਹੀ ਉਨ੍ਹਾਂ ਨੂੰ ਇੱਕ ਅਪਰੈਲ ਨੂੰ ਡੇਢ ਮਹੀਨਾ ਅਗਾਊਂ ਰਿਹਾਅ ਕੀਤਾ ਜਾ ਰਿਹਾ ਹੈ। ਜੇਲ੍ਹ ਵਿਭਾਗ ਦੇ ਅਧਿਕਾਰੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਿੱਧੂ ਦੀ ਇਹ ਅਗਾਊਂ ਰਿਹਾਈ ਕਿਸੇ ਵਿਸ਼ੇਸ਼ ਸਕੀਮ ਜਾਂ ਰਿਆਇਤ ਦਾ ਹਿੱਸਾ ਨਹੀਂ ਬਲਕਿ ਨਿਯਮਾਂ ਦੇ ਤਹਿਤ ਹੈ, ਜੋ ਹਰੇਕ ਕੈਦੀ ਲਈ ਹੁੰਦੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦਾ ਸਮਾਂ ਬਦਲਿਆ

ਤਿੰਨ ਵਾਰ ਐੱਮ. ਪੀ, ਇਕ ਵਾਰ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਹਿ ਚੁੱਕੇ ਨੇ ਸਿੱਧੂ

ਨਵਜੋਤ ਸਿੱਧੂ ਨੇ 2004 ਵਿਚ ਸਿਆਸਤ ’ਚ ਪੈਰ ਰੱਖਿਆਸੀ। ਉਹ ਅੰਮ੍ਰਿਤਸਰ ਤੋਂ ਤਿੰਨ ਵਾਰ ਭਾਜਪਾ ਦੇ ਐੱਮ. ਪੀ. ਰਹੇ ਹਨ। ਇਕ ਵਾਰ ਇਸੇ ਕੇਸ ’ਚ ਸਜ਼ਾ ਹੋਣ ’ਤੇ ਉਨ੍ਹਾਂ ਨੂੰ ਅਸਤੀਫ਼ਾ ਵੀ ਦੇਣਾ ਪਿਆ ਸੀ ਪਰ ਇਸ ਪਿੱਛੋਂ ਸਜ਼ਾ ’ਤੇ ਰੋਕ ਲੱਗ ਗਈ ਅਤੇ ਅਸਤੀਫ਼ੇ ਕਾਰਨ ਅੰਮ੍ਰਿਤਸਰ ’ਚ ਜ਼ਿਮਨੀ ਚੋਣ ਕਰਵਾਉਣੀ ਪਈ। ਜਿੱਥੇ ਸਿੱਧੂ ਮੁੜ ਐੱਮ. ਪੀ. ਬਣ ਗਏ। ਇਸ ਤਰ੍ਹਾਂ ਉਹ ਅੰਮ੍ਰਿਤਸਰ ਤੋਂ ਤਿੰਨ ਵਾਰ ਐੱਮ. ਪੀ ਬਣੇ। ਸੀਨੀਅਰ ਭਾਜਪਾ ਆਗੂ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਟਿਕਟ ਮਿਲਣ ਮਗਰੋਂ ਪਾਰਟੀ ਨੇ ਸਿੱਧੂ ਨੂੰ ਰਾਜ ਸਭਾ ਮੈਂਬਰ ਵੀ ਬਣਾ ਦਿੱਤਾ ਸੀ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਨੇ ਉਪਰਲੇ ਸਦਨ ਤੋਂ ਅਸਤੀਫ਼ਾ ਦੇ ਦਿੱਤਾ। ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਹੀ ਵਿਧਾਇਕ ਬਣ ਕੇ ਕੈਪਟਨ ਸਰਕਾਰ ’ਚ ਮੰਤਰੀ ਰਹੇ। ਕੈਪਟਨ ਨਾਲ ਵਿਵਾਦ ਹੋਣ ਕਾਰਨ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। 

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਤਿਮਾਹੀ ਲਈ ਪ੍ਰੀਖਿਆ ਦੀਆਂ ਮਿਤੀਆਂ ਦਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News