'ਜਗ ਬਾਣੀ' ਦੀ ਖਬਰ 'ਤੇ ਲੱਗੀ ਮੋਹਰ, ਮੱਧ ਪ੍ਰਦੇਸ਼ 'ਚ ਸਿੰਧੀਆ ਦੇ ਗੜ੍ਹ 'ਚ ਗਰਜਣਗੇ ਸਿੱਧੂ
Saturday, Oct 17, 2020 - 07:15 PM (IST)
ਜਲੰਧਰ- ਬਿਹਾਰ 'ਚ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਰੱਖੇ ਗਏ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਦੀਆਂ ਉਪ ਚੋਣਾਂ ਦੌਰਾਨ ਪ੍ਰਚਾਰ ਕਰਨਗੇ। ਮੱਧ ਪ੍ਰਦੇਸ਼ ਕਾਂਗਰਸ ਵਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਲ ਕੀਤਾ ਗਿਆ ਹੈ। 'ਜਗ ਬਾਣੀ' ਨੇ 12 ਅਕਤੂਬਰ ਦੇ ਆਪਣੇ ਅੰਕ 'ਚ ਮੱਧ ਪ੍ਰਦੇਸ਼ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਨਵਜੋਤ ਸਿੰਘ ਸਿੱਧੂ ਦੇ ਨਾਮ ਨੂੰ ਸ਼ਾਮਲ ਕੀਤੇ ਜਾਣ ਦਾ ਖੁਲ੍ਹਾਸਾ ਕਰ ਦਿੱਤਾ ਸੀ ਅਤੇ ਸ਼ਨੀਵਾਰ ਨੂੰ ਪਾਰਟੀ ਵਲੋਂ ਜਾਰੀ ਕੀਤੀ ਗਈ ਸੂਚੀ ਨਾਲ 'ਜਗ ਬਾਣੀ' ਦੀ ਖਬਰ 'ਤੇ ਮੋਹਰ ਲੱਗ ਗਈ ਹੈ। ਮੱਧ ਪ੍ਰਦੇਸ਼ ਦੇ ਕਾਂਗਰਸ ਦੇ ਉਮੀਦਵਾਰਾਂ ਦੀ ਮੰਗ 'ਤੇ ਸਿੱਧੂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਰੱਖਿਆ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਸੂਚੀ ਤੋਂ ਰੱਖਿਆ ਬਾਹਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਪਾਰਟੀ ਪ੍ਰੋਟੋਕਾਲ ਮੁਤਾਬਕ ਕਾਂਗਰਸ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਮ ਸ਼ਾਮਲ ਕਰਦੀ ਹੈ ਅਤੇ ਬਿਹਾਰ ਚੋਣ ਲਈ ਜਾਰੀ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਇਸ ਪ੍ਰੋਟੋਕਾਲ ਨੂੰ ਫਾਲੋ ਵੀ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦਾ ਨਾਮ ਬਿਹਾਰ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਸੀ ਪਰ ਮੱਧ ਪ੍ਰਦੇਸ਼ ਦੀਆਂ ਉਪ ਚੋਣਾਂ 'ਚ ਪ੍ਰਚਾਰ ਦੇ ਲਈ ਜਾਰੀ ਕੀਤੀ ਗਈ ਸੂਚੀ 'ਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਹੀਂ ਹੈ ਹਾਲਾਂਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਛਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਭਗੇਲ ਦਾ ਨਾਮ ਸੂਚੀ 'ਚ ਹੈ।
ਇਸ ਸੂਚੀ 'ਚ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦਾ ਨਾਮ ਵੀ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਦੀ ਯੋਜਨਾ ਨਵਜੋਤ ਸਿੱਧੂ ਅਤੇ ਸਚਿਨ ਪਾਇਲਟ ਨੂੰ ਜਿਓਤਿਰਾਦਿਤਿਆ ਸਿੰਧੀਆ ਦੇ ਗੜ੍ਹ 'ਚ ਉਤਾਰ ਕਰ ਕੇ ਪ੍ਰਚਾਰ ਕਰਵਾਉਣ ਦੀ ਹੈ। ਮੱਧ ਪ੍ਰਦੇਸ਼ 'ਚ 3 ਨਵੰਬਰ ਨੂੰ ਉਪ ਚੋਣਾਂ ਹੋਣੀਆਂ ਹਨ ਪ੍ਰਚਾਰ ਦੇ ਲਈ ਹੁਣ ਸਿਰਫ 15 ਦਿਨ ਦਾ ਸਮਾਂ ਬਚਿਆ ਹੈ ਅਗਲੇ 15 ਦਿਨ ਦਾ ਸਮਾਂ ਬਚਿਆ ਹੈ। ਲਿਹਾਜਾ ਅਗਲੇ 15 ਦਿਨ ਦੌਰਾਨ ਨਵਜੋਤ ਸਿੰਘ ਸਿੱਧੂ ਮੱਧ ਪ੍ਰਦੇਸ਼ ਦੀਆਂ ਉਪ ਚੋਣਾਂ ਦੌਰਾਨ ਗਰਜਦੇ ਨਜ਼ਰ ਆ ਸਕਦੇ ਹਨ।