'ਸਪੀਕ ਅੱਪ ਇੰਡੀਆ' 'ਚ ਨਵਜੋਤ ਸਿੰਘ ਸਿੱਧੂ ਹੋਏ ਲਾਈਵ
Monday, Jun 29, 2020 - 02:54 AM (IST)
ਜਲੰਧਰ, (ਰਮਨਦੀਪ ਸਿੰਘ ਸੋਢੀ/ਸੋਮਨਾਥ)- ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਾਏ ਗਏ 'ਸਪੀਕ ਅੱਪ ਇੰਡੀਆ' ਪ੍ਰੋਗਰਾਮ 'ਚ ਸ਼ਾਮਲ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਖੁੱਲ੍ਹ ਕੇ ਭੜਾਸ ਕੱਢੀ। ਮੈਂ ਇਸ ਪ੍ਰੋਗਰਾਮ 'ਚ ਸੈਮ ਪਿਤ੍ਰੋਦਾ ਦੇ ਕਹਿਣ 'ਤੇ ਸ਼ਾਮਲ ਹੋਇਆ ਹਾਂ, ''ਬੜੀ ਦੇਰ ਕਰ ਦਿੱਤੀ ਜਨਾਬ ਆਉਂਦੇ-ਆਉਂਦੇ ਪਰ ਦੇਰ ਆਏ ਦਰੁਸਤ ਆਏ।'' ਆਪਣੇ ਸ਼ਾਇਰਾਨਾ ਅੰਦਾਜ਼ 'ਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਵਿਰੋਧੀਆਂ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ। ਸਿੱਧੂ ਨੇ ਸ਼ਾਇਰਾਨਾ ਸ਼ੁਰੂਆਤ ਕਰਦੇ ਹੋਏ ਕਿਹਾ,
'ਬਹੁਤ ਦਰਿਆ ਹੀ ਨਹੀਂ ਜਿਸ 'ਚ ਨਹੀਂ ਰਵਾਨੀ
ਜਦ ਜੋਸ਼ ਹੀ ਨਹੀਂ ਤਾਂ ਲੱਲ੍ਹਾ ਕਿਸ ਕੰਮ ਦੀ ਜਵਾਨੀ'
ਪ੍ਰਵਾਸੀਆਂ ਦੇ ਦਰਦ ਨੂੰ ਸਮਝਦੇ ਹੋਏ ਸਿੱਧੂ ਨੇ ਕਿਹਾ ਕਿ ਬੇਸ਼ੱਕ ਆਦਮੀ ਆਪਣੀ ਧਰਤੀ ਤੋਂ ਹਜ਼ਾਰਾਂ ਮੀਲ ਹੀ ਦੂਰ ਕਿਉਂ ਨਾ ਚਲਾ ਜਾਵੇ ਪਰ ਉਸ ਦੇ ਮਨ 'ਚ ਆਪਣੀ ਮਾਤ-ਭੂਮੀ ਦਾ ਪਿਆਰ ਹਮੇਸ਼ਾ ਰਹਿੰਦਾ ਹੈ। ਅੱਜ ਜ਼ਰੂਰਤ ਹੈ ਕਿ ਪ੍ਰਵਾਸੀਆਂ ਨੂੰ ਆਪਣੇ ਨਾਲ ਜੋੜਿਆ ਜਾਵੇ ਉਦੋਂ ਹੀ ਅਸੀਂ ਪੰਜਾਬ ਨੂੰ ਬਦਲ ਸਕਾਂਗੇ। ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਨੂੰ ਮਾਨ-ਸਨਮਾਨ ਮਿਲਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਪੰਜਾਬ ਅਤੇ ਦੇਸ਼ ਦੀ ਤਸਵੀਰ ਬਦਲਣੀ ਹੈ ਤਾਂ ਇਹ ਓਵਰਸੀਜ਼ ਇੰਡੀਅਨ ਦੇ ਬਿਨਾਂ ਸੰਭਵ ਨਹੀਂ। ਜਦ ਵੀ ਕਦੇ ਦੇਸ਼ ਅਤੇ ਰਾਜ 'ਤੇ ਆਫਤ ਆਵੇਗੀ ਤਾਂ ਸਿਆਸੀ ਹੋਣਾ ਪਵੇਗਾ। ਗੈਰ-ਸਿਆਸੀ ਤਾਂ ਬਘਿਆੜ ਹੁੰਦੇ ਹਨ।
''ਸੌ ਭੇਡਾਂ ਅੱਗੇ ਇਕ ਸ਼ੇਰ ਲਾ ਦਿਓ ਤਾਂ ਭੇਡਾਂ ਵੀ ਸ਼ੇਰ ਹੋ ਜਾਂਦੀਆਂ ਹਨ
ਸੌ ਸ਼ੇਰਾਂ ਅੱਗੇ ਇਕ ਭੇਡ ਲੱਗਾ ਦਈਏ ਤਾਂ ਸ਼ੇਰ ਵੀ ਭੇਡ ਹੋ ਜਾਂਦੇ ਹੈ।
ਮੈਂ ਪੰਜਾਬ ਦੀਆਂ ਮੁਸ਼ਕਲਾਂ ਦਾ ਹੱਲ ਚੰਗੀ ਤਰ੍ਹਾਂ ਜਾਣਦਾ ਹਾਂ। ਸਾਨੂੰ ਹਵਾਈ ਰਾਜਨੀਤੀ ਤੋਂ ਬਾਹਰ ਹੋ ਕੇ ਜ਼ਮੀਨ 'ਤੇ ਆਉਣ ਦੀ ਜ਼ਰੂਰਤ ਹੈ। ਛੁਰਲੀਆਂ ਵਾਲੀ ਰਾਜਨੀਤੀ ਛੱਡਣੀ ਹੋਵੇਗੀ। ਮੈਂ ਨੀਤੀ, ਇਰਾਦੇ ਅਤੇ ਨਿਆਂ 'ਚ ਵਿਸ਼ਵਾਸ ਰੱਖਦਾਂ ਹਾਂ।
ਪੰਜਾਬ ਨੂੰ ਬ੍ਰਾਂਡ ਪੰਜਾਬ ਬਣਾਉਣ ਦੀ ਲੋੜ ਹੈ। 2 ਫੀਸਦੀ ਲੋਕ ਦੁਨੀਆ ਦਾ ਢਿੱਡ ਭਰ ਰਹੇ ਹਨ। ਮੈਂ 32 ਕਰੋੜ ਦੀ ਆਮਦਨੀ ਛੱਡ ਕੇ ਕਰੀਅਰ ਬਣਾਉਣ ਨਹੀਂ ਆਇਆ। ਸਿੱਧੂ ਅੱਜ ਵੀ ਪੰਜਾਬ ਨਾਲ ਖੜ੍ਹਾ ਹੈ। ਮੈਂ ਨੀਤੀ, ਨੀਅਤ ਅਤੇ ਇਨਸਾਫ ਮੰਗਦਾਂ ਹਾਂ। ਅੱਜ ਸਿਆਸਤ ਮੈਲੀ ਹੋ ਗਈ ਹੈ। ਲੀਡਰ ਕਠਪੁਤਲੀਆਂ ਬਣ ਗਏ ਹਨ। ਅਸਲੀ ਲੀਡਰ ਉਹ ਹੁੰਦੇ ਹਨ ਜੋ ਖੁਦ ਦੇ ਨਫੇ-ਨੁਕਸਾਨ ਨੂੰ ਨਾ ਦੇਖਦੇ ਹੋਏ ਜਨਤਾ ਦੀ ਸੋਚੇ। ਸਾਨੂੰ ਰੇਡ, ਪਰਚਿਆਂ ਅਤੇ ਇਨਕਵਾਰੀਆਂ ਤੋਂ ਨਹੀਂ ਡਰਨਾ ਚਾਹੀਦਾ। ਮੈਂ ਸਾਰੇ ਮੁੱਦਿਆਂ 'ਤੇ ਚੁੱਪ ਹੋ ਕੇ ਨਹੀਂ ਬੈਠ ਸਕਦਾ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅੱਜ ਜ਼ਰੂਰਤ 'ਪਗੜੀ ਸੰਭਾਲ ਜੱਟਾ' ਦੀ ਹੈ।
ਸਿਸਟਮ ਫੇਲ ਹੋ ਗਿਆ ਹੈ, ਸੁਧਾਰ ਕਿਉਂ ਨਹੀਂ ਕਰਦੇ?
ਅੱਜ ਪੰਜਾਬ ਦੇ ਟੈਲੇਂਟ ਨੂੰ ਮੌਕਾ ਨਹੀਂ ਮਿਲਣ ਕਾਰਣ ਉਹ ਵਿਦੇਸ਼ ਭੱਜ ਰਹੇ ਹਨ। ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਹੁੰਦੀਆਂ। ਸਿਸਟਮ ਲੋਕਾਂ ਨੂੰ ਖਾ ਰਿਹਾ ਹੈ। ਸਿਸਟਮ ਫੇਲ ਹੋ ਗਿਆ ਹੈ। ਉਸ 'ਚ ਸੁਧਾਰ ਕਿਉਂ ਨਹੀਂ ਕਰਦੇ। ਅੱਜ ਨੌਜਵਾਨਾਂ ਨੂੰ ਕੁਆਲਿਟੀ ਐਜੂਕੇਸ਼ਨ ਅਤੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ਹੈ। ਸਾਨੂੰ ਯੂਥ ਪਾਲਿਸੀ ਲਾਜ਼ਮੀ ਬਣਾਉਣੀ ਹੋਵੇਗੀ ਤਾਂ ਜੋ ਸਾਡਾ ਟੈਲੇਂਟ ਵਿਦੇਸ਼ ਨਾ ਜਾਵੇ।
ਤੁਹਾਡੀ ਨੀਤ 'ਚ ਖਰਾਬੀ ਹੈ
ਪੰਜਾਬ ਦਾ ਪੈਸਾ ਪ੍ਰਾਈਵੇਟ ਜੇਬਾਂ 'ਚ ਜਾ ਰਿਹਾ ਹੈ। ਲੋਕਾਂ ਦਾ ਪੈਸਾ ਲੋਕਾਂ ਦੇ ਕੋਲ ਜਾਣਾ ਚਾਹੀਦਾ ਹੈ। ਅੱਜ ਡੈਮੇਜ ਕੰਟਰੋਲ ਹੋ ਸਕਦਾ ਹੈ ਪਰ ਦੇਰ ਹੋ ਗਈ ਤਾਂ ਡੈਮੇਜ ਕੰਟਰੋਲ ਨਹੀਂ ਹੋਵੇਗਾ। ਸਿੱਧੂ ਨੇ ਪੰਜਾਬ ਦੇ ਘੱਟ ਰਹੇ ਰੈਵੇਨਿਊ ਦੀ ਗੱਲ ਕਰਦੇ ਹੋਏ ਕਿਹਾ,
'ਤਾਲੀਓਂ ਕਾ ਜ਼ੋਰ ਇਤਨਾ, ਤਹਿਜ਼ੀਬ ਕਾ ਸ਼ੋਰ ਇਤਨਾ'
ਬਰਕਤ ਕਿਉਂ ਨਹੀਂ ਹੋਈ, ਤੁਮਹਾਰੀ ਨੀਅਤ ਮੇਂ ਖਰਾਬੀ ਹੈ
1997 'ਚ ਪੰਜਾਬ 'ਤੇ 15000 ਕਰੋੜ ਰੁਪਏ ਦਾ ਕਰਜ਼ਾ ਸੀ, ਜੋ 2001 'ਚ ਵੱਧ ਕੇ 32,496 ਕਰੋੜ ਰੁਪਏ ਹੋ ਗਿਆ। ਫਿਰ ਇਹ ਕਰਜ਼ 2007 'ਚ 48,344 ਹਜ਼ਾਰ ਕਰੋੜ ਰੁਪਏ ਤੋਂ ਹੁੰਦੇ ਹੋਏ 2017 'ਚ ਡੇਢ ਲੱਖ ਕਰੋੜ ਰੁਪਏ ਤੇ ਫਿਰ 1,87,000 ਕਰੋੜ ਰੁਪਏ ਤੇ ਹੁਣ 2,48,000 ਕਰੋੜ ਰੁਪਏ ਹੋ ਗਿਆ ਹੈ। ਅੱਜ ਪੰਜਾਬ ਦੀਆਂ ਸਰਕਾਰੀ ਜਾਇਦਾਦਾਂ ਗਹਿਣੇ ਰੱਖ ਦਿੱਤੀਆਂ ਗਈਆਂ ਹਨ।
ਸਮੱਸਿਆ ਹੈ ਤਾਂ ਸੰਜੀਵਨੀ ਵੀ ਹੈ
ਮੈਂ ਸਿਰਫ ਸਮੱਸਿਆ ਨਹੀਂ ਦੱਸਦਾ। ਸੰਜੀਵਨੀ ਵੀ ਦੱਸਦਾ ਹਾਂ। ਅੱਜ ਲੋੜ ਹੈ ਕਿ ਅਸੀਂ ਤਮਿਲਨਾਡੂ ਵਾਂਗ ਸ਼ਰਾਬ ਤੇ ਰੇਤ ਦਾ ਰੈਵੇਨਿਊ ਵਧਾਈਏ। ਇਹ ਪੈਸੇ ਕੁਝ ਲੋਕਾਂ ਦੀ ਜੇਬ 'ਚ ਜਾਣ ਦੀ ਬਜਾਏ ਪੰਜਾਬ ਦੀ ਵਿਕਾਸ ਰਾਸ਼ੀ 'ਚ ਜਾਣੇ ਚਾਹੀਦੇ ਹਨ। ਇਹ ਪੈਸਾ ਸਿੱਖਿਆ ਤੇ ਸਿਹਤ 'ਤੇ ਖਰਚ ਹੋਣਾ ਚਾਹੀਦਾ ਹੈ।
ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਹੁਕਮਰਾਨਾਂ ਨੇ ਪੰਜਾਬ ਨੂੰ ਗਹਿਣੇ ਰੱਖ ਦਿੱਤਾ ਹੈ। ਮੇਰਾ ਮਨ ਤਾਂ ਖੁਸ਼ ਹੋਵੇਗਾ, ਜਦੋਂ ਇਕ ਰਿਕਸ਼ਾ ਚਾਲਕ ਦਾ ਬੇਟਾ ਸਰਕਾਰੀ ਸਕੂਲ 'ਚ ਪੜ੍ਹਕੇ ਆਈ.ਏ.ਐੱਸ. ਬਣ ਜਾਵੇਗਾ, ਉਹੀ ਅਸਲ ਪੰਜਾਬ ਹੋਵੇਗਾ।
ਕੋਰੋਨਾ ਨੇ ਪੰਜਾਬ ਦੀ ਕਮਰ ਤੋੜ ਦਿੱਤੀ
ਕੋਰੋਨਾ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਇਕ ਤਾਂ ਕਰੇਲਾ ਅਤੇ ਉਤੋਂ ਨੀਮ ਚੜ੍ਹਿਆ। ਪੰਜਾਬ ਦੇ ਹਾਲਾਤ ਪਹਿਲਾਂ ਹੀ ਬਹੁਤ ਖਰਾਬ ਸਨ ਉਤੋਂ ਕੋਰੋਨਾ ਨੇ ਸਾਡਾ ਰੈਵੇਨਿਊ ਖਤਮ ਕਰ ਦਿੱਤਾ ਹੈ। ਅੱਜ ਪੰਜਾਬ 'ਤੇ 62,000 ਕਰੋੜ ਦਾ ਕਰਜ਼ਾ ਹੈ, ਜਦੋਂ ਕਿ ਦੇਣਦਾਰੀ 67000 ਕਰੋੜ ਦੀ ਹੈ। ਕਰਜ਼ ਉਤਾਰਣ ਲਈ ਕਰਜ਼ ਲੈਣਾ ਪੈ ਰਿਹਾ ਹੈ। ਪੰਜਾਬ ਦੇ ਤਤਕਾਲੀ ਹਾਲਾਤ 'ਤੇ ਸਿੱਧੂ ਬੋਲੇ, ਕਿ ਇਹ ਤਾਂ ਉਹ ਗੱਲ ਹੋਈ ਕਿ 'ਪੱਲੇ ਨਹੀਂ ਧੇਲਾ, ਤੇ ਕਰਦੀ ਮੇਲਾ-ਮੇਲਾ।
ਸਿੱਧੂ ਦੇ ਸਿਆਸੀ ਨਿਸ਼ਾਨੇ
-ਭਾਜਪਾ ਨਾਲ ਲੜਣ ਲਈ ਗਾਂਧੀਵਾਦੀ ਨੀਤੀ ਅਪਣਾਉਣ ਦੀ ਲੋੜ
-ਲੜਾਈ ਕਾਗਜ਼ਾਂ ਨਾਲ ਨਹੀਂ ਵਿਚਾਰਧਾਰਾ ਨਾਲ ਲੜੀ ਜਾਂਦੀ ਹੈ
ਪ੍ਰਵਾਸੀਆਂ ਲਈ ਬੋਲੇ ਸਿੱਧੂ
-ਪ੍ਰਵਾਸੀਆਂ ਦੀਆਂ ਜ਼ਮੀਨਾਂ ਤੋਂ ਕਬਜ਼ੇ ਹਟਾਏ ਜਾਣ ਅਤੇ ਨਿਵੇਸ਼ ਦੇ ਲਈ ਉਨ੍ਹਾਂ ਨੂੰ ਮੌਕੇ ਮੁਹੱਈਆ ਕਰਵਾਏ ਜਾਣ।
-ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਜਾਵੇ।
-ਸੰਪਰਕ ਜਦੋਂ ਟੁੱਟਦਾ ਹੈ ਤਾਂ ਸ਼ੱਕ ਪੈਦਾ ਹੁੰਦਾ ਹੈ। ਸ਼ੱਕ ਦੀ ਜ਼ਮੀਨ 'ਤੇ ਵਿਸ਼ਵਾਸ ਟੁੱਟ ਜਾਂਦਾ ਹੈ।
ਅੰਤ ਵਿਚ ਸਿੱਧੂ ਨੇ ਕਿਹਾ,'ਵਤਨ ਕੀ ਫਿਕਰ ਕਰ ਐ ਨਾਦਾਨ,
ਮੁਸੀਬਤ ਆਨੇ ਵਾਲੀ ਹੈ,
ਤੇਰੀ ਬਰਬਾਦੀਓਂ ਕੇ ਮਸ਼ਵਰੇ ਆਸਮਾਨੋਂ ਮੇਂ ਹੈਂ,
ਨਾ ਸੰਭਲੋਗੇ ਤੋ ਮਿਟ ਜਾਓਗੇ ਐ ਪੰਜਾਬ ਵਾਲੋ
ਤੁਮਹਾਰੀ ਦਾਸਤਾਂ ਤੱਕ ਨਾ ਹੋਗੀ ਦਾਸਤਾਂ