ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!

Friday, Jun 05, 2020 - 06:44 PM (IST)

ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!

ਪਟਿਆਲਾ (ਰਾਜੇਸ਼ ਪੰਜੌਲਾ): ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਕੈਬਨਿਟ ਤੋਂ ਹਟੇ ਹਨ, ਉਦੋਂ ਹੀ ਲਗਾਤਾਰ ਇਹ ਅਫ਼ਵਾਹਾਂ ਸਾਹਮਣੇ ਆ ਰਹੀਆਂ ਹਨ ਕਿ ਕਾਂਗਰਸ ਆਲਾਕਮਾਨ ਸਿੱਧੂ ਨੂੰ ਪੰਜਾਬ ਦਾ ਉੱਪ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਕੁਝ ਦਿਨਾਂ ਬਾਅਦ ਸੋਸ਼ਲ ਮੀਡੀਆ 'ਤੇ ਖ਼ਬਰ ਚੱਲ ਪੈਂਦੀ ਹੈ ਕਿ ਸਿੱਧੂ ਜਲਦੀ ਹੀ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਣ ਜਾ ਰਹੇ ਹਨ। ਕਾਫ਼ੀ ਸਮੇਂ ਤੋਂ ਪੰਜਾਬ ਦੀ ਸਿਆਸਤ ਵਿਚ ਇਹੀ ਖਿਚੜੀ ਪੱਕ ਰਹੀ ਹੈ ਅਤੇ ਸਿੱਧੂ ਮੀਡੀਆ ਦੀਆਂ ਸੁਰਖੀਆਂ ਅਤੇ ਪੰਜਾਬ ਦੀ ਸਿਆਸਤ ਦਾ ਇਕ ਤਰ੍ਹਾਂ ਧੁਰਾ ਬਣੇ ਹੋਏ ਹਨ।ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ 2022 ਵਿਚ ਸਿੱਧੂ ਜਿਸ ਪਾਸੇ ਜਾਣਗੇ, ਉਸੇ ਦਾ ਪੱਲੜਾ ਭਾਰੀ ਹੋਵੇਗਾ। ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਸਿੱਧੂ ਨੇ ਆਤਮ-ਚਿੰਤਨ ਅਤੇ ਮੰਥਨ ਕਰਨ ਦੇ ਨਾਲ-ਨਾਲ ਆਪਣੀਆਂ ਕਮੀਆਂ ਨੂੰ ਸੁਧਾਰਨ ਦਾ ਕੰਮ ਵੀ ਕੀਤਾ ਹੈ। ਉਨ੍ਹਾਂ ਵਿਚ ਸਭ ਤੋਂ ਵੱਡਾ ਬਦਲਾਅ ਇਹ ਦੇਖਣ ਨੂੰ ਮਿਲਿਆ ਕਿ ਉਨ੍ਹਾਂ ਨੇ ਘੱਟ ਬੋਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਲਾਭ ਮਿਲੇਗਾ ਕਿਉਂਕਿ ਕਈ ਵਾਰ ਉਨ੍ਹਾਂ ਦਾ ਜ਼ਿਆਦਾ ਬੋਲਣਾ ਹੀ ਉਨ੍ਹਾਂ ਲਈ ਨੁਕਸਾਨਦਾਇਕ ਸਾਬਤ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਆਪਣਾ ਚੈਨਲ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਮੁੱਦੇ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਅਤੇ ਸਿਆਸੀ ਇਸ਼ਾਰੇ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਕੋਰੋਨਾ ਦਾ ਧਮਾਕਾ, ਇਕੱਠੇ 10 ਮਾਮਲੇ ਆਏ ਸਾਹਮਣੇ

ਇਹ ਗੱਲ ਸਪੱਸ਼ਟ ਹੈ ਕਿ ਜਦੋਂ ਤਕ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਹਨ, ਸਿੱਧੂ ਕਿਸੇ ਵੀ ਹਾਲਤ ਵਿਚ ਪੰਜਾਬ ਦੇ ਉੱਪ ਮੁੱਖ ਮੰਤਰੀ ਨਹੀਂ ਬਣ ਸਕਦੇ ਅਤੇ ਪੰਜਾਬ ਦੀ 'ਕਾਂਗਰਸ ਰਾਜਨੀਤੀ' ਵਿਚ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ। ਕਾਂਗਰਸ ਸਰਕਾਰ ਦੇ ਲਗਭਗ ਸਵਾ ਤਿੰਨ ਸਾਲ ਲੰਘ ਚੁੱਕੇ ਹਨ ਅਤੇ ਸਰਕਾਰ, ਜਨਤਾ ਅਤੇ ਆਪਣੇ ਵਰਕਰਾਂ ਨੂੰ ਖੁਸ਼ ਕਰਨ ਵਿਚ ਇਕ ਤਰ੍ਹਾਂ ਨਾਕਾਮ ਦਿਖਾਈ ਦੇ ਰਹੀ ਹੈ। 2017 ਵਿਚ ਪੰਜਾਬ ਦੀ ਸਿਆਸਤ ਦੇ ਹਾਸ਼ੀਏ 'ਤੇ ਆਇਆ ਅਕਾਲੀ ਦਲ ਹੁਣ ਤਕ ਖੜ੍ਹਾ ਨਹੀਂ ਹੋ ਸਕਿਆ। ਅਜਿਹੇ ਵਿਚ ਸਭ ਦੀਆਂ ਅੱਖਾਂ 'ਆਪ' 'ਤੇ ਹਨ। ਮੌਜੂਦਾ ਸਿਆਸੀ ਹਾਲਾਤ ਵਿਚ ਜੇਕਰ 'ਆਪ' ਨੂੰ ਸਿੱਧੂ ਵਰਗਾ ਚਿਹਰਾ ਮਿਲ ਜਾਂਦਾ ਹੈ ਤਾਂ ਪੰਜਾਬ ਦੀ ਪੂਰੀ ਸਿਆਸਤ ਹੀ ਬਦਲ ਜਾਵੇਗੀ ਅਤੇ ਪੰਜਾਬ ਵਿਚ ਦਿੱਲੀ ਵਿਧਾਨ ਸਭਾ ਵਰਗੇ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਸਵਾਲ ਸਿਰਫ ਸਿੱਧੂ ਦੀ ਟਾਈਮਿੰਗ ਦਾ ਹੈ, ਕ੍ਰਿਕਟ ਦੀ ਤਰ੍ਹਾਂ ਹੀ ਰਾਜਨੀਤੀ ਵਿਚ ਵੀ ਟਾਈਮਿੰਗ ਦਾ ਵਿਸ਼ੇਸ਼ ਮਹੱਤਵ ਹੈ। ਜੇਕਰ ਟਾਈਮਿੰਗ ਠੀਕ ਨਾ ਹੋਵੇ ਤਾਂ ਖਿਡਾਰੀ ਕਲੀਨ ਬੋਲਡ ਹੋ ਸਕਦਾ ਹੈ ਅਤੇ ਟਾਈਮਿੰਗ ਠੀਕ ਹੋਵੇ ਤਾਂ ਛੱਕਾ ਲੱਗ ਜਾਂਦਾ ਹੈ।

ਇਹ ਵੀ ਪੜ੍ਹੋ: ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ, ਪਈ ਭਾਜੜ

2022 ਦੀ ਵਿਧਾਨ ਸਭਾ ਚੋਣ ਸਿੱਧੂ ਦੇ ਸਿਆਸੀ ਭਵਿੱਖ ਦੀ ਅਹਿਮ ਚੋਣ ਹੈ। ਜੇਕਰ ਉਹ ਇਸ ਵਾਰ ਖੁੰਝ ਗਏ ਤਾਂ ਫਿਰ ਕਦੀ ਵੀ ਪੰਜਾਬ ਦੀ ਸਿਆਸਤ ਵਿਚ ਕਾਮਯਾਬ ਨਹੀਂ ਹੋ ਸਕਦੇ। ਪੰਜਾਬ ਦੀਆਂ ਦੋਵੇਂ ਪਰੰਪਰਾਗਤ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੀ ਹਾਲਤ ਮੌਜੂਦਾ ਸਮੇਂ ਠੀਕ ਨਹੀਂ ਹੈ। ਅਜਿਹੇ ਵਿਚ ਸਿੱਧੂ ਟਾਈਮਿੰਗ ਦੇਖ ਰਹੇ ਹਨ ਕਿ ਉਹ ਕਦੋਂ ਸਹੀ ਫ਼ੈਸਲਾ ਲੈਣ। ਜੇਕਰ ਉਹ ਅਜੇ 'ਆਪ' ਵਿਚ ਜਾਣ ਦਾ ਫੈਸਲਾ ਲੈਂਦੇ ਹਨ ਤਾਂ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਉਨ੍ਹਾਂ 'ਤੇ ਵਿਜੀਲੈਂਸ ਦਾ ਸ਼ਿਕੰਜਾ ਕਸ ਸਕਦੀ ਹੈ।ਸੂਤਰਾਂ ਅਨੁਸਾਰ ਸਰਕਾਰ ਨੇ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਦੇ ਸਮੇਂ ਦੀਆਂ ਸਾਰੀਆਂ ਮਿਸਲਾਂ(ਫਾਈਲਾਂ) ਦੀ ਸਕੈਨਿੰਗ ਕਰ ਕੇ ਰਿਪੋਰਟ ਤਿਆਰ ਕੀਤੀ ਹੋਈ ਹੈ ਕਿ ਕਿਹੜੀਆਂ ਮਿਸਲਾਂ(ਫਾਈਲਾਂ) ਨਾਲ ਸਿੱਧੂ 'ਤੇ ਸ਼ਿਕੰਜਾ ਕਸਿਆ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਜ਼ੀਰਕਪੁਰ ਨਗਰ ਕੌਂਸਲ ਦੀਆਂ ਕੁਝ ਮਿਸਲਾਂ(ਫਾਈਲਾਂ) ਦੇ ਆਧਾਰ 'ਤੇ ਪੰਜਾਬ ਵਿਜੀਲੈਂਸ ਮੁੱਖ  ਦਾ ਇਸ਼ਾਰਾ ਮਿਲਦਿਆਂ ਹੀ ਸਿੱਧੂ 'ਤੇ ਕਾਰਵਾਈ ਕਰ ਸਕਦੀ ਹੈ। ਅਜਿਹੇ ਵਿਚ ਸਿੱਧੂ ਵੀ ਫੂਕ-ਫੂਕ ਕੇ ਕਦਮ ਰੱਖ ਸਕਦੇ ਹਨ। ਜੇਕਰ ਉਹ ਹੁਣ ਕਾਂਗਰਸ ਛੱਡਦੇ ਹਨ ਤਾਂ ਉਹ ਉਲਝ ਜਾਣਗੇ। ਜੇਕਰ 2021 ਦੇ ਮੱਧ ਵਿਚ ਕਾਂਗਰਸ ਛੱਡ ਕੇ 'ਆਪ' ਦਾ ਚਿਹਰਾ ਬਣਦੇ ਹਨ ਤਾਂ ਉਸ ਸਮੇਂ ਜੇਕਰ ਕਾਂਗਰਸ ਸਰਕਾਰ ਉਨ੍ਹਾਂ 'ਤੇ ਵਿਜੀਲੈਂਸ ਕਾਰਵਾਈ ਕਰੇਗੀ ਤਾਂ ਇਸ ਦਾ ਉਨ੍ਹਾਂ ਨੂੰ ਸਿਆਸੀ ਲਾਭ ਹੀ ਮਿਲੇਗਾ। ਅਜਿਹੇ ਵਿਚ ਸਿੱਧੂ ਕਿਸੇ ਵੀ ਹਾਲਤ ਵਿਚ ਅਪ੍ਰੈਲ 2021 ਤਕ ਕਾਂਗਰਸ ਨਹੀਂ ਛੱਡਣਗੇ। ਉਂਝ ਵੀ ਉਹ ਕ੍ਰਿਸ਼ਮਾਈ ਨੇਤਾ ਹਨ, ਜੇਕਰ ਵਿਧਾਨ ਸਭਾ ਚੋਣ ਤੋਂ 6 ਮਹੀਨੇ ਪਹਿਲਾਂ 'ਆਪ' ਵਿਚ ਜਾਂਦੇ ਹਨ ਤਾਂ ਉਨ੍ਹਾਂ ਦਾ ਜਲਵਾ ਵਿਧਾਨ ਸਭਾ ਚੋਣਾਂ ਤਕ ਬਰਕਰਾਰ ਰਹੇਗਾ। ਜੇਕਰ ਉਹ ਮੌਜੂਦਾ ਸਮੇਂ ਜਾਂਦੇ ਹਨ ਤਾਂ ਲੰਬੇ ਸਮੇਂ ਤਕ ਉਹ ਆਪਣਾ ਜਲਵਾ ਬਰਕਰਾਰ ਨਹੀਂ ਰੱਖ ਸਕਣਗੇ। ਇਸ ਲਈ ਉਨ੍ਹਾਂ ਦੇ ਸਲਾਹਕਾਰ ਵੀ ਉਨ੍ਹਾਂ ਨੂੰ ਇਹੀ ਸਲਾਹ ਦੇ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਹੀ ਉਹ 'ਆਪ' ਵਿਚ ਸ਼ਾਮਲ ਹੋਣ ਕਿਉਂਕਿ ਉਦੋਂ ਤਕ ਪੰਜਾਬ ਚੋਣ ਰੰਗ ਵਿਚ ਰੰਗਿਆ ਜਾਵੇਗਾ ਅਤੇ ਸਰਕਾਰ ਜੋ ਵੀ ਫ਼ੈਸਲਾ ਲਏਗੀ, ਉਸ ਨੂੰ ਸਿਆਸੀ ਬਦਲਾਖੋਰੀ ਮੰਨਿਆ ਜਾਵੇਗਾ, ਜਿਸ ਦਾ ਸਿੱਧੂ ਨੂੰ ਵੱਡਾ ਲਾਭ ਮਿਲੇਗਾ।

ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਤੇ ਬੀ.ਐੱਸ.ਐੱਫ. ਵਲੋਂ 25 ਕਰੋੜ ਦੀ ਹੈਰੋਇਨ ਬਰਾਮਦ

ਸਿੱਧੂ ਦੇ 'ਆਪ' 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ, ਮੀਡੀਆ ਤੋਂ ਕੀਤਾ ਕਿਨਾਰਾ
ਅੰਮ੍ਰਿਤਸਰ (ਜ.ਬ.)-ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਪਰ ਜਦੋਂ ਤੋਂ ਚਰਚਾਵਾਂ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਸ਼ੁਰੂ ਹੋਈਆਂ ਹਨ, ਉਦੋਂ ਤੋਂ ਹੀ ਸਿੱਧੂ ਨਾਲ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਹੋ ਰਹੀ, ਕਿਉਂਕਿ ਉਨ੍ਹਾਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦਾ ਮੋਬਾਇਲ ਫੋਨ ਸਵਿੱਚ ਆਫ ਆ ਰਿਹਾ ਹੈ। ਇਸ ਤੋਂ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਮੀਡੀਆ ਤੋਂ ਕਿਨਾਰਾ ਕਰ ਲਿਆ ਹੈ।ਦੱਸਣਯੋਗ ਹੈ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਨੀਤਿਕ ਵਿਵਾਦ ਸ਼ੁਰੂ ਹੋਇਆ, ਉਦੋਂ ਤੋਂ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਕਦੇ ਗੱਲ ਨਹੀਂ ਕੀਤੀ ਅਤੇ ਨਿੱਜੀ ਚੈਨਲ ਰਾਹੀਂ ਕੋਈ ਨਾ ਕੋਈ ਸੁਨੇਹਾ ਦਿੰਦੇ ਰਹਿੰਦੇ ਹਨ। ਇਹ ਵਿਵਾਦ ਉਦੋਂ ਤੋਂ ਚੱਲ ਰਿਹਾ ਹੈ ਜਦੋਂ ਤੋਂ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਅੱਜ ਵੀ ਸਿੱਧੂ ਨੇ ਫਿਰ ਰੇਤ ਮਾਫੀਆ ਵਿਰੁੱਧ ਵੀਡੀਓ ਪਾਈ ਸੀ। ਉਨ੍ਹਾਂ ਨਾਲ ਸੰਪਰਕ ਕਰਨ ਲਈ ਕਈ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਦਾ ਫੋਨ ਬੰਦ ਹੀ ਆ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਫੋਨ ਕਰਨ 'ਤੇ ਵੀ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।


author

Shyna

Content Editor

Related News