ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ 'ਤੇ ਸਿੱਧੂ ਦੀ ਦੋ-ਟੁੱਕ, ਵਿਰੋਧੀਆਂ ਨੂੰ ਕਰਾਰਾ ਜਵਾਬ (ਵੀਡੀਓ)

08/21/2018 1:58:09 PM

ਚੰਡੀਗੜ੍ਹ : ਪਾਕਿਸਤਾਨ ਦੌਰੇ ਦੌਰਾਨ ਉੱਥੋਂ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣ 'ਤੇ ਵਿਰੋਧੀਆਂ ਵਲੋਂ ਘਿਰੇ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਸਾਹਮਣੇ ਦੋ-ਟੁੱਕ ਗੱਲ ਰੱਖੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਾਰਤੀ ਨੇਤਾ ਪਾਕਿਸਤਾਨ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਾਰੋਹ 'ਚ ਪਹਿਲੀ ਕਤਾਰ 'ਚ ਬੈਠੇ ਹੋਏ ਸਨ ਤਾਂ ਉਸੇ ਸਮੇਂ ਪਾਕਿ ਫੌਜ ਮੁਖੀ ਉਨ੍ਹਾਂ ਨੂੰ ਮਿਲਣ ਆਏ ਤੇ ਆਉਂਦਿਆਂ ਹੀ ਉਨ੍ਹਾਂ ਨੇ ਕਰਤਾਰਪੁਰ ਦੇ ਲਾਂਘੇ ਦੀ ਗੱਲ ਕੀਤੀ ਤੇ ਕਿਹਾ ਕਿ ਇਸ ਦੇ ਲਾਂਘੇ ਲਈ ਉਹ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ ਤੇ ਇਹ ਪੂਰੀ ਤਰ੍ਹਾਂ ਸੰਭਵ ਹੈ।

ਸਿੱਧੂ ਨੇ ਕਿਹਾ ਕਿ ਇਸ ਦੇ ਨਾਲ ਹੀ ਪਾਕਿ ਫੌਜ ਮੁਖੀ ਨੇ ਕਿਹਾ ਕਿ ਉਹ ਵੀ ਸ਼ਾਂਤੀ ਚਾਹੁੰਦੇ ਹਨ। ਪਾਕਿ ਫੌਜ ਮੁਖੀ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਤਾਂ ਉਹ ਪੂਰੀ ਤਰ੍ਹਾਂ ਉਹ ਭਾਵੁਕ ਹੋ ਗਏ ਤੇ ਉਸ ਨੂੰ ਜੱਫੀ ਪਾ ਲਈ, ਜਿਸ ਨੂੰ ਉਨ੍ਹਾਂ ਦੇ ਵਿਰੋਧੀਆਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉੱਥੇ ਜਾਣ ਨਾਲ ਪਾਕਿਸਤਾਨ ਨਾਲ ਸ਼ਾਂਤੀ ਦੀਆਂ ਸੰਭਾਵਨਾਵਾਂ ਵਧੀਆਂ ਹਨ। ਨਵਜੋਤ ਸਿੱਧੂ ਨੇ ਕਿਹਾ ਕਿ 2 ਦਿਨਾਂ ਦੀ ਯਾਤਰਾ ਦੌਰਾਨ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਜਿੰਨਾ ਪਿਆਰ ਦਿੱਤਾ, ਉਹ ਉਨ੍ਹਾਂ ਲਈ ਸਨਮਾਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਦੋਹਾਂ ਦੇਸ਼ਾਂ 'ਚ ਆਪਸੀ ਤਣਾਅ ਵੀ ਘਟੇਗਾ।


Related News