ਸਿੱਧੂ ਦੇ ਦਿਲ ਦੀਆਂ ਦਿਲ ''ਚ ਹੀ ਰਹੀਆਂ, ਉਮੀਦਾਂ ਟੁੱਟ ਗਈਆਂ!

Saturday, Aug 04, 2018 - 10:02 AM (IST)

ਸਿੱਧੂ ਦੇ ਦਿਲ ਦੀਆਂ ਦਿਲ ''ਚ ਹੀ ਰਹੀਆਂ, ਉਮੀਦਾਂ ਟੁੱਟ ਗਈਆਂ!

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਹੁੰਮ-ਹੁੰਮਾ ਕੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ 'ਚ ਪਾਕਿਸਤਾਨ ਜਾਣ ਲਈ ਬੜੇ ਉਤਾਵਲੇ ਹੋਏ ਪਏ ਸਨ ਪਰ ਹੁਣ ਉਨ੍ਹਾਂ ਦੇ ਦਿਲ ਦੀਆਂ ਦਿਲ 'ਚ ਹੀ ਰਹਿ ਗਈਆਂ ਹਨ ਕਿਉਂਕਿ ਇਮਰਾਨ ਖਾਨ ਦੀ ਪਾਰਟੀ ਦਾ ਕਹਿਣਾ ਹੈ ਕਿ ਇਹ ਸਮਾਰੋਹ ਬਿਲਕੁਲ ਸਾਦਾ ਕੀਤਾ ਜਾਵੇਗਾ ਅਤੇ ਕਿਸੇ ਵਿਦੇਸ਼ੀ ਜਾਂ ਸੈਲੀਬ੍ਰਿਟੀ ਨੂੰ ਇਸ ਸਹੁੰ ਚੁੱਕ ਸਮਾਰੋਹ 'ਚ ਨਹੀਂ ਬੁਲਾਇਆ ਜਾਵੇਗਾ, ਜਿਸ ਤੋਂ ਬਾਅਦ ਸਿੱਧੂ ਦੇ ਪਾਕਿਸਤਾਨ ਜਾਣ ਦੀਆਂ ਉਮੀਦਾਂ ਟੁੱਟ ਗਈਆਂ ਹਨ। 
ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ 65 ਸਾਲਾ ਇਮਰਾਨ ਖਾਨ ਦੇ 11 ਅਗਸਤ ਨੂੰ ਸਹੁੰ ਚੁੱਕਣ ਦੀ ਸੰਭਾਵਨਾ ਹੈ ਅਤੇ ਉਹ ਵਿਦੇਸ਼ੀ ਆਗੂਆਂ ਤੇ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤੇ ਜਾਣ ਦੇ ਪੱਖ 'ਚ ਨਹੀਂ ਹਨ। ਇਕ ਅੰਗਰੇਜ਼ੀ ਅਖਬਾਰ ਨੇ ਪੀ. ਟੀ. ਆਈ. ਬੁਲਾਰੇ ਫਵਾਦ ਚੌਧਰੀ ਦੇ ਹਵਾਲੇ ਨਾਲ ਕਿਹਾ ਕਿ ਪੀ. ਟੀ. ਆਈ. ਚੇਅਰਮੈਨ ਨੇ ਸਾਦਗੀ ਨਾਲ ਸਹੁੰ ਚੁੱਕ ਸਮਾਰੋਹ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ 'ਚ ਕੋਈ ਫਜ਼ੂਲ-ਖਰਚੀ ਨਹੀ ਕੀਤੀ ਜਾਵੇਗੀ। 
ਹਾਲਾਂਕਿ ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇਮਰਾਨ ਖਾਨ ਦੀ ਪਾਰਟੀ ਨੇ ਸਹੁੰ ਚੁੱਕ ਸਮਾਰੋਹ 'ਚ ਭਾਰਤੀ ਕ੍ਰਿਕਟਰਾਂ ਨਵਜੋਤ ਸਿੰਘ ਸਿੱਧੂ, ਸੁਨੀਲ ਗਾਵਸਕਰ, ਕਪਿਲ ਦੇਵ ਅਤੇ ਬਾਲੀਵੁੱਡ ਅਦਾਕਾਰ ਆਮੀਰ ਖਾਨ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਸੀ। ਫਵਾਦ ਚੌਧਰੀ ਦਾ ਕਹਿਣਾ ਹੈ ਕਿ ਇਹ ਸਮਾਰੋਹ ਪੂਰੀ ਤਰ੍ਹਾਂ ਰਾਸ਼ਟਰੀ ਹੋਵੇਗਾ ਤੇ ਇਸ 'ਚ ਇਮਰਾਨ ਖਾਨ ਦੇ ਕੁਝ ਕਰੀਬੀ ਦੋਸਤਾਂ ਨੂੰ ਹੀ ਸੱਦਾ ਭੇਜਿਆ ਜਾਵੇਗਾ।
ਸਿੱਧੂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ 
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵਲੋਂ ਇਮਰਾਨ ਖਾਨ ਦੇ ਸੱਦੇ 'ਤੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਇਮਰਾਨ ਖਾਨ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ ਸਨ ਅਤੇ ਇਹ ਕਿਹਾ ਸੀ ਕਿ ਇਮਰਾਨ ਖਾਨ ਦਾ ਸੱਦਾ ਆਉਣਾ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ। ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੇ ਸਮਾਰੋਹ 'ਚ ਜਾਣ ਲਈ ਪੂਰੀ ਤਿਆਰੀ ਕੱਸ ਲਈ ਸੀ ਪਰ ਅਖੀਰ 'ਚ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। 


Related News