ਮੇਰੀ ਤੇ ਕੈਪਟਨ ਅਮਰਿੰਦਰ ਦੀ ਸੋਚ ''ਚ ਫਰਕ : ਸਿੱਧੂ
Friday, Aug 03, 2018 - 05:23 AM (IST)

ਚੰਡੀਗੜ੍ਹ(ਰਮਨਜੀਤ)-ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੀ ਵਿਰੋਧੀ ਧਿਰ ਅਕਾਲੀ ਦਲ ਦੇ ਨੇਤਾਵਾਂ ਖਿਲਾਫ ਕਾਰਵਾਈ ਕਰਨ ਵਾਲੇ ਉਨ੍ਹਾਂ ਦੇ ਬਿਆਨਾਂ ਨੂੰ ਬੰਦ ਨਹੀਂ ਕਰਵਾਇਆ ਜਾ ਸਕਦਾ। ਇਹ ਉਨ੍ਹਾਂ ਦਾ ਅਧਿਕਾਰ ਹੈ ਜਦੋਂਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਖੁਲਾਸਿਆਂ 'ਤੇ ਕਾਰਵਾਈ ਕਰਨਾ ਜਾਂ ਨਾ ਕਰਨਾ ਇਹ ਅਧਿਕਾਰ ਮੁੱਖ ਮੰਤਰੀ ਤੇ ਸਰਕਾਰ ਦਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਮੁੱਖ ਮੰਤਰੀ ਦੇ ਸੋਚਣ ਦੇ ਨਜ਼ਰੀਏ ਵਿਚ ਫਰਕ ਹੈ ਅਤੇ ਇਹ ਸੁਭਾਵਿਕ ਵੀ ਹੈ। ਸਿੱਧੂ ਵਲੋਂ ਕੀਤੇ ਗਏ ਖੁਲਾਸਿਆਂ 'ਤੇ ਸਰਕਾਰ ਵਲੋਂ ਕੁੱਝ ਨਾ ਕਰਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਮਜ਼ਬੂਤੀ ਨਾਲ ਕਿਹਾ ਕਿ ਉਹ ਲੋਕਾਂ ਨੂੰ ਜਵਾਬਦੇਹ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਪਾ ਕੇ ਸਰਕਾਰ ਵਿਚ ਭੇਜਿਆ ਹੈ ਪਰ ਉਹ ਕੈਪਟਨ ਅਮਰਿੰਦਰ ਸਿੰਘ ਦਾ ਵੀ ਸਨਮਾਨ ਕਰਦੇ ਹਨ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਜੋ ਕਹਿ ਰਹੇ ਹਨ ਕਿ ਰਾਜਨੀਤਕ ਵਿਰੋਧੀਆਂ ਖਿਲਾਫ ਕਾਰਵਾਈ ਨਹੀਂ ਕਰਨਗੇ, ਇਹ ਉਨ੍ਹਾਂ ਦੀ ਸੋਚ ਹੈ ਪਰ ਮੇਰੀ ਸੋਚ ਇਹ ਹੈ ਕਿ ਜਿਸ ਨੇ ਵੀ ਪੰਜਾਬ ਨੂੰ ਲੁੱਟਿਆ, ਉਸ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਕਾਰਨ ਉਹ ਤੱਥਾਂ ਦੇ ਆਧਾਰ 'ਤੇ ਬਾਦਲ ਪਰਿਵਾਰ ਖਿਲਾਫ ਡਟੇ ਹੋਏ ਹਨ। ਸਿੱਧੂ ਵੀਰਵਾਰ ਨੂੰ ਪ੍ਰੱੈਸ ਕਲੱਬ ਚੰਡੀਗੜ੍ਹ ਵਿਚ ਪੱਤਰਕਾਰਾਂ ਦੇ ਰੂ-ਬਰੂ ਹੋਏ ਸਨ। ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਦੋਫਾੜ ਕਰਨ ਵਿਚ ਅਕਾਲੀ ਦਲ ਦੀ ਅਹਿਮ ਭੂਮਿਕਾ ਹੈ, ਕਿਉਂਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਬੀਰ ਬਾਦਲ ਬਣਨਾ ਚਾਹੁੰਦੇ ਹਨ।