ਵਿਜੀਲੈਂਸ ਨੇ ਕਬਜ਼ੇ ''ਚ ਲਿਆ ਨਿਗਮ ਦਾ ਰਿਕਾਰਡ, ਸਥਾਨਕ ਸਰਕਾਰਾਂ ਮੰਤਰੀ ਸਿੱਧੂ ਦੇ ਹੁਕਮਾਂ ''ਤੇ ਹੋਈ ਕਾਰਵਾਈ

03/08/2018 3:41:10 AM

ਬਠਿੰਡਾ(ਪਰਮਿੰਦਰ)-ਮਹਾਨਗਰ ਬਠਿੰਡਾ ਦੇ ਚੌਕਾਂ ਤੇ ਸੜਕਾਂ 'ਤੇ ਲੱਗੇ ਨਾਜਾਇਜ਼ ਹੋਰਡਿੰਗਸ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਵਿਭਾਗ ਨੇ ਨਗਰ ਨਿਗਮ ਬਠਿੰਡਾ ਪਹੁੰਚ ਕੇ ਜਿਥੇ ਰਿਕਾਰਡ ਖੰਗਾਲਿਆ ਉਥੇ ਹੀ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ। ਵਿਜੀਲੈਂਸ ਅਧਿਕਾਰੀ ਨਿਗਮ ਦਾ ਇਸ਼ਤਿਹਾਰਬਾਜ਼ੀ ਸਬੰਧੀ ਸਾਰਾ ਰਿਕਾਰਡ ਕਬਜ਼ੇ ਵਿਚ ਲੈ ਕੇ ਆਪਣੇ ਨਾਲ ਚੰਡੀਗੜ੍ਹ ਲੈ ਗਏ, ਜਿਸ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿਚ ਕੁਝ ਨਹੀਂ ਕਿਹਾ ਜਾ ਸਕਦਾ ਤੇ ਰਿਕਾਰਡ ਦੀ ਜਾਂਚ ਤੋਂ ਬਾਅਦ ਹੀ ਕੋਈ ਖੁਲਾਸਾ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ
ਬਠਿੰਡਾ ਦੇ 2 ਵਿਅਕਤੀਆਂ ਰਜੀਵ ਗੋਇਲ ਤੇ ਭੋਲਾ ਸਿੰਘ ਨੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਕੋਲ ਮਹਾਨਗਰ ਵਿਚ ਲਾਏ ਗਏ ਨਾਜਾਇਜ਼ ਹੋਰਡਿੰਗਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾਵਾਂ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਨਗਰ ਨਿਗਮ ਬਠਿੰਡਾ ਦੇ ਕੁਝ ਅਧਿਕਾਰੀ ਨਾਜਾਇਜ਼ ਹੋਰਡਿੰਗਸ ਲਵਾ ਕੇ ਆਪਣੀਆਂ ਜੇਬਾਂ ਭਰ ਰਹੇ ਹਨ। ਸ਼ਿਕਾਇਤਾਂ ਅਨੁਸਾਰ ਅਧਿਕਾਰੀਆਂ ਵੱਲੋਂ ਵੱਖ-ਵੱਖ ਪਾਰਟੀਆਂ ਨਾਲ ਮਿਲੀਭੁਗਤ ਕਰ ਕੇ ਉਨ੍ਹਾਂ ਦੇ ਹੋਰਡਿੰਗਸ ਨਾਜਾਇਜ਼ ਤੌਰ' ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲਵਾਏ ਜਾਂਦੇ ਹਨ, ਜਿਨ੍ਹਾਂ ਦਾ ਕੋਈ ਪੈਸਾ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਨਹੀਂ ਹੁੰਦਾ। ਅਜਿਹਾ ਕਰ ਕੇ ਕੁਝ ਅਧਿਕਾਰੀਆਂ ਵੱਲੋਂ ਨਿਗਮ ਤੇ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਨਾਜਾਇਜ਼ ਇਮਾਰਤਾਂ, ਡਸਟਬਿਨਾਂ ਅਤੇ ਹੋਰ ਕਈ ਮੁੱਦਿਆਂ 'ਤੇ ਵੀ ਸ਼ਿਕਾਇਤ ਕੀਤੀ ਗਈ ਸੀ। 
ਸ਼ਹਿਰ ਦਾ ਦੌਰਾ ਕਰ ਕੇ ਦੇਖੇ ਹੋਰਡਿੰਗਸ
ਚੰਡੀਗੜ੍ਹ ਤੋਂ ਪਹੁੰਚੇ ਵਿਜੀਲੈਂਸ ਦੇ ਅਧਿਕਾਰੀ ਇਸ਼ਾਨ ਗੋਇਲ ਨੇ ਪਾਵਰ ਹਾਊਸ ਰੋਡ, ਅਜੀਤ ਰੋਡ, ਮਾਲ ਰੋਡ ਤੇ ਹੋਰ ਕਈ ਥਾਵਾਂ 'ਤੇ ਜਾ ਕੇ ਹੋਰਡਿੰਗਸ ਦੇਖੇ ਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਲਈਆਂ। ਇਸ ਮੌਕੇ ਉਨ੍ਹਾਂ ਨਾਲ ਇਕ ਸ਼ਿਕਾਇਤਕਰਤਾ ਵੀ ਮੌਜੂਦ ਰਿਹਾ, ਜਿਨ੍ਹਾਂ ਨੇ ਅਧਿਕਾਰੀਆਂ ਨੂੰ ਪੂਰੇ ਸ਼ਹਿਰ 'ਚ ਲਾਏ ਗਏ ਨਾਜਾਇਜ਼ ਬੋਰਡ, ਹੋਰਡਿੰਗਸ ਤੇ ਬੈਨਰ ਆਦਿ ਦਿਖਾਏ ਤੇ ਸਾਰੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੁਆਰਾ ਪੂਰੇ ਸਬੂਤਾਂ ਨਾਲ ਸ਼ਿਕਾਇਤ ਭੇਜੀ ਗਈ ਸੀ, ਜਿਸ ਕਾਰਨ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਜਾਂਚ ਤੋਂ ਬਾਅਦ ਸੌਂਪਣਗੇ ਰਿਪੋਰਟ
ਵਿਜੀਲੈਂਸ ਅਧਿਕਾਰੀ ਇਸ਼ਾਨ ਗੋਇਲ ਨੇ ਦੱਸਿਆ ਕਿ ਫਿਲਹਾਲ ਉਹ ਇਸ ਮਾਮਲੇ ਵਿਚ ਕੁਝ ਨਹੀਂ ਕਹਿ ਸਕਦੇ। ਮਾਮਲੇ ਦੀ ਜਾਂਚ ਲਈ ਉਹ ਬਠਿੰਡਾ ਪਹੁੰਚੇ ਸੀ। ਨਿਗਮ ਨਾਲ ਸਬੰਧਤ ਅਧਿਕਾਰੀ ਇੰਜੀਨੀਅਰ ਦਵਿੰਦਰ ਸਿੰਘ ਜੌੜਾ ਉਨ੍ਹਾਂ ਨੂੰ ਨਹੀਂ ਮਿਲ ਸਕੇ ਪਰ ਹੋਰ ਅਧਿਕਾਰੀਆਂ ਨਾਲ ਉਨ੍ਹਾਂ ਨੇ ਇਸ਼ਤਿਹਾਰਬਾਜ਼ੀ ਸਬੰਧੀ ਰਿਕਾਰਡ ਹਾਸਲ ਕਰ ਲਿਆ ਹੈ। ਕੁਝ ਫਾਈਲਾਂ ਨੂੰ ਉਨ੍ਹਾਂ ਨੇ ਕਬਜ਼ੇ ਵਿਚ ਵੀ ਲਿਆ ਹੈ, ਜਿਨ੍ਹਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਦੀ ਰਿਪੋਰਟ ਉਚ ਅਧਿਕਾਰੀਆਂ ਕੋਲ ਸਬਮਿਟ ਕਰ ਦਿੱਤੀ ਜਾਵੇਗੀ। 


Related News