ਬਿਲਡਿੰਗ ਬ੍ਰਾਂਚ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਸਿੱਧੂ ਦੀ ਪਹਿਲ ਸਤੰਬਰ ਤੋਂ ਆਨਲਾਈਨ ਪਾਸ ਹੋਣਗੇ ਨਕਸ਼ੇ

Thursday, Aug 31, 2017 - 03:54 AM (IST)

ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਗਰ ਨਿਗਮਾਂ ਦੀ ਬਿਲਡਿੰਗ ਬ੍ਰਾਂਚ ਤੋਂ ਭ੍ਰਿਸ਼ਟਾਚਾਰ ਖਤਮ ਕਰਨ ਬਾਰੇ ਬਣਾਈ ਯੋਜਨਾ ਤਹਿਤ ਨਕਸ਼ੇ ਪਾਸ ਕਰਨ ਦਾ ਕੰਮ ਅਗਲੇ ਮਹੀਨੇ ਤੋਂ ਆਨਲਾਈਨ ਹੋ ਜਾਵੇਗਾ, ਜਿਸ ਦੇ ਬਾਅਦ ਕੋਈ ਵੀ ਬਿਲਡਿੰਗ ਬਣਾਉਣ ਲਈ ਰਿਸ਼ਵਤ ਦੇਣਾ ਜ਼ਰੂਰੀ ਹੋਣ ਦੀ ਰਿਵਾਇਤ ਬੀਤੇ ਜ਼ਮਾਨੇ ਦੀ ਗੱਲ ਹੋ ਜਾਵੇਗੀ। ਪੰਜਾਬ ਵਿਚ ਨਾਜਾਇਜ਼ ਨਿਰਮਾਣਾਂ ਦੀ ਭਰਮਾਰ ਲੱਗੀ ਹੋਣ ਦੀ ਸਮੱਸਿਆ ਨੂੰ ਲੈ ਕੇ ਸਿੱਧੂ ਕਾਫੀ ਪ੍ਰੇਸ਼ਾਨ ਹਨ। ਸਿੱਧੂ ਮੁਤਾਬਕ ਇਸ ਸਮੇਂ 90 ਫੀਸਦੀ ਬਿਲਡਿੰਗਾਂ ਦੇ ਨਕਸ਼ੇ ਪਾਸ ਨਹੀਂ ਹਨ, ਜਿਨ੍ਹਾਂ ਬਿਲਡਿੰਗਾਂ ਦੇ ਮਾਲਕ ਨਕਸ਼ਾ ਪਾਸ ਕਰਵਾਉਣ ਵਿਚ ਕਾਫੀ ਸਮੱਸਿਆ ਆਉਣ ਦਾ ਹਵਾਲਾ ਦੇ ਰਹੇ ਹਨ, ਜਿਸ ਦਾ ਹੱਲ ਵਿਚੋਲੇ ਖਤਮ ਕਰਨ ਨਾਲ ਹੋਵੇਗਾ। ਉਸ ਤਹਿਤ ਸਿੱਧੂ ਪਹਿਲੇ ਹੀ ਦਿਨ ਤੋਂ ਹੀ ਨਕਸ਼ੇ ਪਾਸ ਕਰਨ ਲਈ ਆਨਲਾਈਨ ਸਿਸਟਮ ਲਾਗੂ ਕਰਨ 'ਤੇ ਜ਼ੋਰ ਦੇ ਰਹੇ ਹਨ। ਸਿੱਧੂ ਨੇ ਆਪਣੇ ਇਸ ਡ੍ਰੀਮ ਪ੍ਰੋਜੈਕਟ ਨੂੰ ਲੈ ਕੇ ਪਿਛਲੇ ਦਿਨੀਂ ਪੰਜਾਬ ਦੇ ਸਾਰੇ ਨਗਰ ਨਿਗਮਾਂ ਦੇ ਬਿਲਡਿੰਗ ਬ੍ਰਾਂਚ ਅਫਸਰਾਂ ਦੀ ਮੀਟਿੰਗ ਬੁਲਾ ਕੇ ਸਾਫ ਕਰ ਦਿੱਤਾ ਹੈ ਕਿ ਨਾਜਾਇਜ਼ ਨਿਰਮਾਣ ਕਿਸੇ ਕੀਮਤ 'ਤੇ ਸਹਿਣ ਨਹੀਂ ਕੀਤੇ ਜਾਣਗੇ, ਜਿਸ ਤਹਿਤ ਪਹਿਲਾਂ ਨਕਸ਼ੇ ਪਾਸ ਕਰਨ ਵਿਚ ਆ ਰਹੀ ਮੁਸ਼ਕਿਲ ਦੂਰ ਕਰਨਾ ਜ਼ਰੂਰੀ ਹੈ। ਉਸ ਲਈ ਹਰ ਹਾਲ ਵਿਚ ਸਤੰਬਰ ਤੱਕ ਆਨਲਾਈਨ ਸਿਸਟਮ ਲਾਗੂ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ, ਜਿਸ ਸਬੰਧੀ ਸਾਫਟਵੇਅਰ ਤਿਆਰ ਕਰਨ ਲਈ ਪਾਬੰਦ ਕੀਤੀਆਂ ਗਈਆਂ ਕੰਪਨੀਆਂ ਨੇ ਨਗਰ ਨਿਗਮ ਵਿਚ ਪਹੁੰਚ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਅਫਸਰ ਅਗਲੇ 15 ਦਿਨਾਂ ਦੇ ਅੰਦਰ ਟਰਾਇਲ ਸ਼ੁਰੂ ਹੋਣ ਦਾ ਦਾਅਵਾ ਕਰ ਰਹੇ ਹਨ।
ਇਸ ਆਧਾਰ 'ਤੇ ਬਣੇਗਾ ਸਾਫਟਵੇਅਰ
ਕੰਪਨੀ ਨੇ ਸਾਫਟਵੇਅਰ ਬਣਾਉਣ ਲਈ ਨਿਗਮ ਤੋਂ ਡਾਟਾ ਲਿਆ ਹੈ। ਉਸ ਵਿਚ ਨਕਸ਼ਾ ਜਮ੍ਹਾ ਹੋਣ ਨਾਲ ਪਾਸ ਕਰਨ ਤੱਕ ਦੀ ਸਾਰੀ ਪ੍ਰਕਿਰਿਆ ਸ਼ਾਮਲ ਹੈ। ਇਸੇ ਤਰ੍ਹਾਂ ਬਿਲਡਿੰਗ ਬਾਇਲਾਜ, ਫੀਸਾਂ ਤੇ ਜੁਰਮਾਨੇ ਨਾਲ ਜੁੜੇ ਪਹਿਲੂ ਵੀ ਇਕੱਠੇ ਕੀਤੇ ਗਏ ਹਨ। ਉਸ ਮੁਤਾਬਕ ਨਕਸ਼ਾ ਨਿਯਮਾਂ ਮੁਤਾਬਕ ਬਣਿਆ ਹੋਣ 'ਤੇ ਫੀਸ ਦੀ ਕੁਲੈਕਸ਼ਨ ਸਹੀ ਹੋਣ ਬਾਰੇ ਸਾਫਟਵੇਅਰ ਰਾਹੀਂ ਖੁਦ-ਬ-ਖੁਦ ਹੀ ਚੈਕਿੰਗ ਹੋ ਜਾਵੇਗੀ।
ਨਾਜਾਇਜ਼ ਨਿਰਮਾਣਾਂ ਦੀ ਚੈਕਿੰਗ ਕਰਨ 'ਚ ਹੋਵੇਗੀ ਆਸਾਨੀ
ਇਸ ਸਮੇਂ ਹੋ ਰਹੇ ਨਾਜਾਇਜ਼ ਨਿਰਮਾਣਾਂ ਦੀ ਵਜ੍ਹਾ ਨਾਲ ਨਿਗਮ ਨੂੰ ਰੈਵੇਨਿਊ ਦਾ ਨੁਕਸਾਨ ਪਹੁੰਚਾਉਣ ਸਮੇਤ ਮਾਸਟਰ ਪਲਾਨ ਤੇ ਬਿਲਡਿੰਗ ਬਾਇਲਾਜ ਦੀਆਂ ਧੱਜੀਆਂ ਉੱਡ ਰਹੀਆਂ ਹਨ। ਇਸ ਪ੍ਰਕਿਰਿਆ ਦੌਰਾਨ ਜਦ ਵੀ ਨਿਗਮ ਕਰਮਚਾਰੀ ਕਿਤੇ ਨਾਜਾਇਜ਼ ਨਿਰਮਾਣ ਦੀ ਚੈਕਿੰਗ ਕਰਨ ਪਹੁੰਚਦੇ ਹਨ ਤਾਂ ਬਿਲਡਿੰਗ ਮਾਲਕ ਤੋਂ ਨਕਸ਼ਾ ਪਾਸ ਹੋਣ ਬਾਰੇ ਜਵਾਬਤਲਬੀ ਕੀਤੀ ਜਾਂਦੀ ਹੈ। ਜੋ ਬਿਲਡਿੰਗ ਮਾਲਕ ਕਈ ਦਿਨਾਂ ਤੱਕ ਨਿਗਮ ਕਰਮਚਾਰੀਆਂ ਨੂੰ ਇਸੇ ਚੱਕਰ ਵਿਚ ਉਲਝਾਈ ਰੱਖਦਾ ਹੈ ਅਤੇ ਨਿਗਮ ਕੋਲ ਰਿਕਾਰਡ ਨਾ ਅੱਪਡੇਟ ਹੋਣ ਕਾਰਨ ਨਿਗਮ ਕਰਮਚਾਰੀਆਂ ਨੂੰ ਵੀ ਮੁਸ਼ਕਿਲ ਹੁੰਦੀ ਹੈ। ਹੁਣ ਆਨਲਾਈਨ ਸਿਸਟਮ ਲਾਗੂ ਹੋਣ 'ਤੇ ਨਿਗਮ ਕਰਮਚਾਰੀਆਂ ਨੂੰ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਕਿਹੜੀ ਬਿਲਡਿੰਗ ਦਾ ਨਕਸ਼ਾ ਪਾਸ ਹੈ ਜਾਂ ਨਹੀਂ ਅਤੇ ਉਸ ਵਿਚ ਨਿਯਮਾਂ ਦਾ ਪਾਲਣ ਹੋਣ ਬਾਰੇ ਨਿਗਮ ਕਰਮਚਾਰੀ ਆਪਣੇ ਰਿਕਾਰਡ ਵਾਲੀ ਨਕਸ਼ੇ ਦੀ ਕਾਪੀ ਨਾਲ ਹੀ ਚੈੱਕ ਕਰ ਸਕਣਗੇ।


Related News