ਸਿੱਧੂ ਦੀ ਫਿਟਕਾਰ ਦੇ ਡਰੋਂ ਸਲਾਹਕਾਰ ''ਤੇ ਗਾਜ ਡੇਗਣ ਦੀ ਤਿਆਰੀ ''ਚ ਨਿਗਮ ਅਫਸਰ

07/20/2017 4:02:29 AM

ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਵੱਲੋਂ ਵੀਰਵਾਰ ਨੂੰ ਆਪਣੇ ਲੁਧਿਆਣਾ ਦੌਰੇ ਦੌਰਾਨ ਖਿਚਾਈ ਕਰਨ ਦੇ ਡਰੋਂ ਨਗਰ ਨਿਗਮ ਦੇ ਅਫਸਰਾਂ ਨੇ ਸਲਾਹਕਾਰ ਕੰਪਨੀ 'ਤੇ ਗਾਜ ਡੇਗਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਕੰਪਨੀ ਨੂੰ ਸਮਾਰਟ ਸਿਟੀ ਸਬੰਧੀ ਪ੍ਰੋਜੈਕਟਾਂ ਨੂੰ ਅਮਲ ਵਿਚ ਲਿਆਉਣ ਵਿਚ ਹੋ ਰਹੀ ਦੇਰੀ ਲਈ ਜ਼ਿੰਮੇਦਾਰ ਠਹਿਰਾਉਂਦੇ ਹੋਏ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸਮਾਰਟ ਸਿਟੀ ਮਿਸ਼ਨ ਦਾ ਐਲਾਨ ਹੋਏ ਨੂੰ ਦੋ ਸਾਲ ਬੀਤ ਚੁੱਕੇ ਹਨ, ਜਿਸ ਵਿਚੋਂ ਜ਼ਿਆਦਾ ਸਮਾਂ ਲੋਕਾਂ ਤੋਂ ਮੌਜੂਦਾ ਇਨਫ੍ਰਾਸਟਰੱਕਚਰ ਬਾਰੇ ਫੀਡਬੈਕ ਲੈਣ ਅਤੇ ਭਵਿੱਖ ਦੀਆਂ ਲੋੜਾਂ ਜਾਣਨ ਵਿਚ ਹੀ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਡਿਵੈੱਲਪ ਕੀਤੇ ਜਾਣ ਵਾਲੇ ਏਰੀਆ ਚੁਣ ਕੇ ਉਥੇ ਕਰਵਾਏ ਜਾਣ ਵਾਲੇ ਕੰਮਾਂ ਦਾ ਫੈਸਲਾ ਲੈਣ ਦੀ ਲੰਬੀ ਪ੍ਰਕਿਰਿਆ ਅਪਣਾਈ ਗਈ। ਹਾਲਾਤ ਇਹ ਹਨ ਕਿ ਹੁਣ ਤੱਕ ਗਰਾਊਂਡ 'ਤੇ ਕੋਈ ਵੀ ਪ੍ਰੋਜੈਕਟ ਸ਼ੁਰੂ ਨਹੀਂ ਹੋਇਆ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਨਗਰ ਨਿਗਮ ਨੂੰ ਫਿਟਕਾਰ ਲਾਈ ਜਾ ਚੁੱਕੀ ਹੈ। 
ਮਿਲੀ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਬੁਲਾਈ ਰੀਵਿਊ ਮੀਟਿੰਗ ਵਿਚ ਨਿਗਮ ਅਫਸਰਾਂ ਵੱਲੋਂ ਪੇਸ਼ ਕੀਤੀ ਗਈ ਸਮਾਰਟ ਸਿਟੀ ਸਬੰਧੀ ਰਿਪੋਰਟ ਤੋਂ ਸਿੱਧੂ ਨਾਖੁਸ਼ ਹੀ ਰਹੇ ਕਿਉਂਕਿ ਪ੍ਰੋਜੈਕਟਾਂ ਨੂੰ ਲੈ ਕੇ ਸਰਵੇ ਕਰਨ ਅਤੇ ਡੀ. ਪੀ. ਆਰ. ਬਣਾਉਣ ਤੋਂ ਅੱਗੇ ਕੁਝ ਨਹੀਂ ਹੋਇਆ। ਹਾਲਾਂਕਿ ਅਫਸਰਾਂ ਨੇ ਆਪਣੇ ਬਚਾਅ ਵਿਚ ਨਗਰ ਸੁਧਾਰ ਟਰੱਸਟ ਤੋਂ ਕਲੀਅਰੈਂਸ ਲੈਣ ਅਤੇ ਸਰਕਾਰ ਦੇ ਭੇਜੇ ਜਾਣ ਵਾਲੇ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲਣ ਵਿਚ ਸਮਾਂ ਲੱਗਣ ਦਾ ਬਹਾਨਾ ਬਣਾਇਆ ਪਰ ਸਿੱਧੂ ਉਸ ਤੋਂ ਸਹਿਮਤ ਨਾ ਹੋਇਆ ਅਤੇ ਜਲਦ ਲੁਧਿਆਣਾ ਆ ਕੇ ਪ੍ਰੋਜੈਕਟ ਦੇ ਸਟੇਟਸ ਵਾਈਜ਼ ਸਟੱਡੀ ਕਰਨ ਦੀ ਗੱਲ ਕਹੀ। ਹੁਣ ਸਿੱਧੂ ਵੱਲੋਂ 20 ਜੁਲਾਈ ਨੂੰ ਇਥੇ ਆਉਣ ਦਾ ਪ੍ਰੋਗਰਾਮ ਜਾਰੀ ਹੋ ਚੁੱਕਾ ਹੈ, ਜਿਸ ਦੇ ਲਈ ਪੀ. ਆਈ. ਡੀ. ਬੀ. ਵੱਲੋਂ ਨਗਰ ਨਿਗਮ ਨੂੰ ਭੇਜੀ ਸੂਚਨਾ ਵਿਚ ਸਾਰੇ ਪ੍ਰੋਜੈਕਟਾਂ ਬਾਰੇ ਡਿਟੇਲ ਪ੍ਰੈਜ਼ੈਂਟੇਸ਼ਨ ਬਣਾਉਣ ਬਾਰੇ ਕਿਹਾ ਹੈ, ਜਿੱਥੇ ਕੋਈ ਵੀ ਪ੍ਰੋਜੈਕਟ ਸਿਰੇ ਨਾ ਚੜ੍ਹਨ ਨੂੰ ਲੈ ਕੇ ਸਿੱਧੂ ਦੀ ਨਾਰਾਜ਼ਗੀ ਦੀ ਗਾਜ ਡਿੱਗਣ ਨੂੰ ਲੈ ਕੇ ਅਫਸਰ ਡਰੇ ਹੋਏ ਹਨ, ਜਿਨ੍ਹਾਂ ਨੇ ਇਸ ਦਾ ਹੱਲ ਲੱਭਣ ਦੀ ਤਿਆਰੀ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਤਹਿਤ ਪ੍ਰੋਜੈਕਟ ਫਾਈਨਲ ਕਰ ਕੇ ਡੀ. ਪੀ. ਆਰ. ਬਣਾਉਣ ਜਾਂ ਟੈਂਡਰ ਲਾ ਕੇ ਵਰਕ ਆਰਡਰ ਜਾਰੀ ਕਰਨ ਵਿਚ ਹੋਈ ਦੇਰੀ ਲਈ ਸਲਾਹਕਾਰ ਨੂੰ ਜ਼ਿੰਮੇਦਾਰ ਦੱਸ ਕੇ ਨੋਟਿਸ ਦਿੱਤਾ ਜਾ ਰਿਹਾ ਹੈ।


Related News