''ਸਿੱਧੂ ਮੂਸੇਵਾਲਾ'' ਦੀ ਕਾਂਗਰਸ ''ਚ ਐਂਟਰੀ ''ਤੇ ਉੱਠੇ ਸਵਾਲਾਂ ਦਾ ਜਵਾਬ ਦਿੰਦਿਆਂ ਫਸੇ ''ਨਵਜੋਤ ਸਿੱਧੂ''
Saturday, Dec 04, 2021 - 09:34 AM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦਾ ਪੱਲਾ ਫੜ੍ਹ ਲਿਆ। ਮੂਸੇਵਾਲਾ ਦੀ ਇਸ ਐਂਟਰੀ ਦੇ ਨਾਲ ਹੀ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦਾ ਸਵਾਲ ਉੱਠਿਆ, ਜਿਸ ਦਾ ਜਵਾਬ ਦਿੰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ੁਦ ਸਵਾਲਾਂ ਦੇ ਘੇਰੇ ’ਚ ਫਸ ਗਏ। ਸਵਾਲ ਪੁੱਛਿਆ ਗਿਆ ਕਿ ਸਿੱਧੂ ਮੂਸੇਵਾਲਾ ’ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਆਰਮਜ਼ ਐਕਟ ਦੇ ਤਹਿਤ ਮਾਮਲਾ ਵੀ ਦਰਜ ਹੈ। ਇਸ ਦੇ ਜਵਾਬ ’ਚ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਮਾਮਲਾ ਸਬਜੁਡੀਅਸ ਹੈ ਤਾਂ ਕਿਉਂ ਗੱਲ ਕਰਦੇ ਹੋ।
ਇਸ ’ਤੇ ਕੋਈ ਵੀ ਟਿੱਪਣੀ ਕਰਨਾ ਸਹੀ ਨਹੀਂ ਹੈ। ਸਿੱਧੂ ਦਾ ਇਹ ਜਵਾਬ ਉਨ੍ਹਾਂ ਦੇ ਗਲੇ ਦੀ ਹੱਡੀ ਬਣ ਗਿਆ ਅਤੇ ਸਵਾਲ ਚੁੱਕੇ ਗਏ ਕਿ ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠਿਆ ਦਾ ਮਾਮਲਾ ਵੀ ਤਾਂ ਅਦਾਲਤ ਦੇ ਵਿਚਾਰਾਧੀਨ ਹੈ। ਇਸ ’ਤੇ ਸਿੱਧੂ ਨੇ ਕਿਹਾ ਕਿ ਇੱਥੇ ਮਜੀਠਿਆ ਦੇ ਸਵਾਲ ਦਾ ਕੋਈ ਮਤਲਬ ਨਹੀਂ ਹੈ। ਫਿਰ ਨਵਜੋਤ ਸਿੱਧੂ ਤੋਂ ਪੁੱਛਿਆ ਗਿਆ ਕਿ ਨਸ਼ੇ ਦਾ ਮਾਮਲਾ ਵੀ ਤਾਂ ਵਿਚਾਰ ਅਧੀਨ ਹੈ ਤਾਂ ਸਿੱਧੂ ਨੇ ਕਿਹਾ ਕਿ ਅਦਾਲਤ ਦਾ ਹੁਕਮ ਹੈ ਕਿ ਰਿਪੋਰਟ ਖੋਲ੍ਹੋ। ਜੇਕਰ ਕਿਸੇ ਨੂੰ ਸਮਝ ਹੀ ਨਾ ਹੋਵੇ ਤਾਂ ਪੜ੍ਹਾਈ-ਲਿਖਾਈ ਕਰੇ। ਨਵਜੋਤ ਸਿੱਧੂ ਨੇ ਕਿਹਾ ਕਿ ਕੇਸ ਦਰਜ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਵਿਅਕਤੀ ਦੋਸ਼ੀ ਹੋ ਗਿਆ। ਮੇਰੇ ’ਤੇ ਵੀ ਕੇਸ ਪਿਆ ਸੀ ਪਰ ਜਨਤਾ ਨੇ 6 ਚੋਣਾਂ ਜਿੱਤਾ ਦਿੱਤੀਆਂ। ਸਿੱਧੂ ਮੂਸੇਵਾਲਾ ਦਾ ਫ਼ੈਸਲਾ ਪੰਜਾਬ ਦੀ ਜਨਤਾ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ 'ਸੁੱਕੀ ਠੰਡ' ਤੋਂ ਜਲਦ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਉਂਝ ਵੀ ਜਿਸ ਦਰੱਖ਼ਤ ’ਤੇ ਅੰਬ ਲੱਗਦੇ ਹਨ, ਪੱਥਰ ਵੀ ਉਸੇ ਨੂੰ ਪੈਂਦੇ ਹਨ। ਇਸ ਧਰਤੀ ’ਤੇ ਬੜੇ ਲੋਕ ਹਨ, ਜਿਨ੍ਹਾਂ ’ਤੇ ਕੇਸ ਚੱਲ ਰਹੇ ਹਨ, ਫਿਰ ਕੀ ਹੋ ਗਿਆ? ਉਥੇ ਹੀ, ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਸਮਰਥਨ ’ਚ ਕਿਹਾ ਕਿ ਜਿਸ ਵਿਅਕਤੀ ਨੂੰ 10 ਕਰੋੜ ਲੋਕ ਫਾਲੋ ਕਰਦੇ ਹਨ, ਉਹ ਨੌਜਵਾਨਾਂ ਨੂੰ ਦਿਸ਼ਾ ਤਾਂ ਦੇ ਹੀ ਰਿਹਾ ਹੈ। ਇਸ ਲਈ ਜਨਤਾ ਫਾਲੋ ਕਰ ਰਹੀ ਹੈ। ਇਸੇ ਕੜੀ ’ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਇਸ ਨੌਜਵਾਨ ਨੇ ਪੂਰੀ ਦੁਨੀਆ ’ਚ ਆਵਾਜ਼ ਬੁਲੰਦ ਕੀਤੀ ਹੈ।
ਇਹ ਵੀ ਪੜ੍ਹੋ : ਹਵਸ ਦੇ ਪੁਜਾਰੀ ਨੇ ਨੌਕਰੀ ਲੈਣ ਆਈ ਕੁੜੀ ਦੀ ਕੋਲਡ ਡਰਿੰਕ 'ਚ ਮਿਲਾਇਆ ਨਸ਼ਾ, ਬੇਹੋਸ਼ ਕਰਕੇ ਲੁੱਟੀ ਇੱਜ਼ਤ
ਜਦੋਂ ਪੂਰੇ ਦੇਸ਼ ਦਾ ਕਿਸਾਨ ਖੇਤੀਬਾੜੀ ਬਿੱਲ ’ਤੇ ਸੰਘਰਸ਼ ਕਰ ਰਿਹਾ ਸੀ ਤਾਂ ਸਿੱਧੂ ਮੂਸੇਵਾਲਾ ਨੇ ਵਿਰੋਧ ਕੀਤਾ। ਅੱਜ ਪੰਜਾਬ ’ਚ ਤਬਦੀਲੀ ਦੇ ਦੌਰ ’ਚ ਨੌਜਵਾਨਾਂ ਨੂੰ ਹਿੱਸੇਦਾਰੀ ਦੇਣਾ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਸੋਚ ਹੈ। ਉਸੇ ਸੋਚ ਨੂੰ ਮਜ਼ਬੂਤ ਕਰਨ ਲਈ ਸਿੱਧੂ ਮੂਸੇਵਾਲਾ ਆਏ ਹਨ। ਦੇਰ ਸ਼ਾਮ ਸਿੱਧੂ ਮੂਸੇਵਾਲਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨਵਜੋਤ ਸਿੱਧੂ, ਰਾਜਾ ਵੜਿੰਗ, ਹਰੀਸ਼ ਚੌਧਰੀ ਮੌਜੂਦ ਰਹੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ