ਨਵਜੋਤ ਸਿੱਧੂ ਦੇ ਨਾਂ ''ਤੇ ''ਫਰਜ਼ੀਵਾੜਾ'' ਕਰਨ ਵਾਲਿਆਂ ਦੀ ਹੁਣ ਖੈਰ ਨਹੀਂ!
Tuesday, Mar 17, 2020 - 06:46 PM (IST)
ਅੰਮ੍ਰਿਤਸਰ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਨਾਂ 'ਤੇ ਯੂ-ਟਿਊਬ 'ਤੇ ਫਰਜ਼ੀਵਾੜਾ ਕਰਨ ਵਾਲਿਆਂ ਦੀ ਹੁਣ ਸ਼ਾਮਤ ਆ ਗਈ ਹੈ। ਸਿੱਧੂ ਵਲੋਂ ਪੰਜਾਬ ਵਾਸੀਆਂ ਨਾਲ ਸੰਪਰਕ ਰੱਖਣ ਲਈ ਸ਼ੁਰੂ ਕੀਤੇ ਚੈਨਲ 'ਜਿੱਤੇਗਾ ਪੰਜਾਬ' ਦੀ ਨਕਲ ਕਰਕੇ ਇਸੇ ਨਾਂ 'ਤੇ ਫਰਜ਼ੀ ਚੈਨਲ ਸ਼ੁਰੂ ਕਰਨ ਵਾਲਿਆਂ ਖ਼ਿਲਾਫ਼ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਤਹਿਤ ਨੋਟਿਸ ਭੇਜੇ ਗਏ ਹਨ। ਇਸ ਸਬੰਧ ਵਿਚ ਯੂ-ਟਿਊਬ ਦੇ ਪ੍ਰਬੰਧਕਾਂ ਨੂੰ ਵੀ ਗੁੰਮਰਾਹਕੁਨ ਗਤੀਵਿਧੀਆਂ ਰੋਕਣ ਦੀ ਅਪੀਲ ਕੀਤੀ ਗਈ ਹੈ। ਨਵਜੋਤ ਸਿੱਧੂ ਦੇ ਚੈਨਲ ਦੇ ਮੁੱਖ ਪ੍ਰਬੰਧਕ ਸੁਮਿਤ ਸਿੰਘ ਨੇ ਦੋਸ਼ ਲਾਇਆ ਕਿ ਕੁਝ ਪੰਜਾਬ ਦੋਖੀ ਤਾਕਤਾਂ ਵਲੋਂ ਲੋਕਾਂ ਨੂੰ ਭੰਬਲਭੂਸਾ ਪਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਤਾਕਤਾਂ ਸਿੱਧੂ ਦੀ ਇਸ ਕਾਰਵਾਈ ਤੋਂ ਘਬਰਾ ਗਈਆਂ ਹਨ ਅਤੇ ਉਨ੍ਹਾਂ ਨੇ ਅੜਿੱਕਾ ਪਾਉਣ ਦੇ ਮੰਤਵ ਨਾਲ 'ਜਿੱਤੇਗਾ ਪੰਜਾਬ' ਨਾਂ ਨਾਲ ਮਿਲਦੇ-ਜੁਲਦੇ ਯੂ-ਟਿਊਬ ਚੈਨਲ ਬਣਾ ਲਏ ਹਨ।
ਇਹ ਵੀ ਪੜ੍ਹੋ : ਲੰਬੇ ਅਰਸੇ ਬਾਅਦ ਨਵਜੋਤ ਸਿੱਧੂ 'ਤੇ ਕੈਪਟਨ ਨੇ ਤੋੜੀ ਚੁੱਪ, ਦਿੱਤਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਸਿੱਧੂ ਵਲੋਂ ਆਪਣਾ ਚੈਨਲ ਸ਼ੁਰੂ ਕਰਨ ਤੋਂ ਕੁਝ ਮਿੰਟਾਂ ਬਾਅਦ ਹੀ ਅਜਿਹੇ ਅਣਗਣਿਤ ਚੈਨਲ ਖੁੰਬਾਂ ਵਾਂਗ ਉੱਗੇ ਹਨ। ਨਵਜੋਤ ਸਿੰਘ ਸਿੱਧੂ ਵੱਲੋਂ ਇਸ ਚੈਨਲ ਦਾ ਨਾਂ ਗੁਰਮੁਖੀ ਵਿਚ ਲਿਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਚੈਨਲ 'ਤੇ ਸਿੱਧੂ ਦਾ ਕਾਪੀਰਾਈਟ ਹੈ। ਯੂ-ਟਿਊਬ ਵਲੋਂ ਸਿੱਧੂ ਦੇ ਚੈਨਲ ਤੋਂ ਵੀਡੀਓ ਚੋਰੀ ਕਰ ਕੇ ਅਪਲੋਡ ਕਰਨ ਅਤੇ ਨਕਲੀ ਚੈਨਲ ਬਣਾਉਣ ਵਾਲਿਆਂ ਨੂੰ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਤਹਿਤ ਨੋਟਿਸ ਭੇਜੇ ਗਏ ਹਨ।
ਇਹ ਵੀ ਪੜ੍ਹੋ : ਲੰਬੀ ਚੁੱਪ ਤੋਂ ਬਾਅਦ 'ਨਵਜੋਤ ਸਿੱਧੂ' ਸਰਗਰਮ, ਯੂ-ਟਿਊਬ 'ਤੇ ਪਾਉਣਗੇ ਧਮਾਲ (ਵੀਡੀਓ)
ਯੂ-ਟਿਊਬ ਰਾਹੀਂ ਸਿੱਧੀ ਦੀ ਸਿਆਸਤ 'ਚ ਰੀ-ਐਂਟਰੀ
ਨਵਜੋਤ ਸਿੰਘ ਸਿੱਧੂ ਨੇ ਪਿਛਲੇ ਲੰਬੇ ਸਮੇਂ ਤੋਂ ਚੁੱਪੀ ਧਾਰੀ ਹੋਈ ਸੀ ਪਰ ਹੁਣ ਉਨ੍ਹਾਂ ਨੇ ਸਰਗਰਮ ਹੋਣਾ ਸ਼ੁਰੂ ਕਰ ਦਿੱਤਾ ਹੈ। ਸਿੱਧੂ ਨੇ ਪੰਜਾਬੀਆਂ ਨਾਲ ਸਿੱਧੇ ਰੂਪ 'ਚ, ਸਾਦੀ ਅਤੇ ਸਰਲ ਭਾਸ਼ਾ 'ਚ ਆਪਣੇ ਵਿਚਾਰ ਸਾਂਝੇ ਕਰਨ ਲਈ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ। 'ਜਿੱਤੇਗਾ ਪੰਜਾਬ' ਨਾਂ ਦਾ ਯੂ-ਟਿਊਬ ਚੈਨਲ ਦੀ ਸ਼ੁਰੂਆਤ ਕਰਦਿਆਂ ਸਿੱਧੂ ਨੇ ਕਿਹਾ ਕਿ ਲੋਕ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਜੁੜ ਸਕਦੇ ਹਨ। ਸਿੱਧੂ ਮੁਤਾਬਕ ਇਸ ਚੈਨਲ 'ਤੇ ਲੋਕ ਸੂਬੇ ਦੀ ਤਰੱਕੀ ਨਾਲ ਜੁੜੇ ਮੁੱਦਿਆਂ, ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਉਨ੍ਹਾਂ ਨਾਲ ਅਦਾਨ-ਪ੍ਰਦਾਨ ਕਰ ਸਕਣਗੇ। ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਤੇ ਪੁਨਰ ਜਾਗ੍ਰਿਤੀ ਵੱਲ ਲਿਜਾਣ ਦੇ ਯਤਨ ਦਾ ਇਕ ਪਲੇਟਫਾਰਮ ਹੋਵੇਗਾ।
ਇਹ ਵੀ ਪੜ੍ਹੋ : ਜਾਖੜ ਨੇ ਸਿਆਸੀ ਅੰਦਾਜ਼ ’ਚ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ
ਇਸ ਰਾਹੀਂ ਪੰਜਾਬ ਦੀ ਮੁੜ ਉਸਾਰੀ ਲਈ ਇਕ ਕਲਿਆਣਕਾਰੀ ਸੂਬੇ ਵਜੋਂ ਕਰਨ ਲਈ ਰੋਡ ਮੈਪ ਤਿਆਰ ਕੀਤਾ ਜਾਵੇਗਾ। ਇਹ ਚੈਨਲ ਸ੍ਰੀ ਗੁਰੂ ਨਾਨਕ ਜੇਵ ਦੀ ਵਲੋਂ ਦਰਸਾਏ ਵਿਸ਼ਵ ਭਰਾਤਰੀ, ਪਿਆਰ ਤੇ ਸ਼ਾਂਤੀ ਦੇ ਮਾਰਗ ਤੋਂ ਪ੍ਰੇਰਣਾ ਲੈ ਕੇ ਆਪਣੀ ਗੱਲ ਰੱਖੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਇਹ ਚੈਨਲ 14 ਮਾਰਚ ਨੂੰ ਸ਼ੁਰੂ ਕੀਤਾ ਸੀ ਅਤੇ ਇਸ ਵਿਚ ਪਲੇਠੀ ਵੀਡੀਓ ਸ਼ਾਮਲ ਕੀਤੀ ਸੀ। ਸਿੱਧੂ ਦੇ ਚੈਨਲ ਦੇ ਐਲਾਨ ਤੋਂ ਮਹਿਜ਼ ਕੁਝ ਘੰਟਿਆਂ ਬਾਅਦ ਹੀ ਇਸੇ ਨਾਂ ਦਰਜਨਾਂ ਚੈਨਲ ਹੋਰ ਬਣ ਗਏ ਸਨ।
ਇਹ ਵੀ ਪੜ੍ਹੋ : ਕੈਪਟਨ ਵਲੋਂ 3 ਸਾਲਾਂ ਦਾ ਰਿਪੋਰਟ ਕਾਰਡ ਪੇਸ਼, ਗੈਂਗਸਟਰਾਂ ਤੇ ਮਾਫੀਆ ਨੂੰ ਦਿੱਤੀ ਵੱਡੀ ਚਿਤਾਵਨੀ