ਵਿਧਾਨ ਸਭਾ ''ਚ ਗੂੰਜਿਆ ਸਿੱਧੂ ਦਾ ਚਪੇੜ ਵਾਲਾ ਬਿਆਨ, ਮੰਤਰੀਆਂ ਤੇ ਵਿਧਾਇਕਾਂ ਨੇ ਥਾਪੜੇ ਮੇਜ

Tuesday, Oct 20, 2020 - 06:18 PM (IST)

ਚੰਡੀਗੜ੍ਹ : ਇਕ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬੋਲਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਅੱਜ ਵਿਧਾਨ ਸਭਾ 'ਚ ਮੁੱਖ ਮੰਤਰੀ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰਿਆ ਹੈ। ਵਿਧਾਨ ਸਭਾ 'ਚ ਬੋਲਦਿਆਂ ਨਵਜੋਤ ਸਿੱਧੂ ਨੇ ਆਖਿਆ ਕਿ ਸਦਨ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਮੁੱਖ ਮੰਤਰੀ ਦਾ ਫ਼ੈਸਲਾ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਮੂੰਹ 'ਤੇ ਚਪੇੜ ਹੈ ਅਤੇ ਇਸ ਚਪੇੜ ਦੀ ਗੂੰਜ ਸਾਰੇ ਹਿੰਦੁਸਤਾਨ ਵਿਚ ਸੁਣਾਈ ਦੇਵੇਗੀ। ਜਿਵੇਂ ਹੀ ਸਿੱਧੂ ਵਿਧਾਨ ਸਭਾ ਵਿਚ ਸੰਬੋਧਨ ਲਈ ਖੜ੍ਹੇ ਹੋਏ ਤਾਂ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਨਜ਼ਰਾਂ ਸਿੱਧੂ 'ਤੇ ਜਾ ਟਿਕੀਆਂ ਅਤੇ ਜਿਵੇਂ ਹੀ ਸਿੱਧੂ ਨੇ ਮੁੱਖ ਮੰਤਰੀ ਦੇ ਫ਼ੈਸਲੇ ਨੂੰ ਕੇਂਦਰੀ ਕਾਨੂੰਨਾਂ ਦੇ ਮੂੰਹ 'ਤੇ ਚਪੇੜ ਵਾਂਗ ਦੱਸਿਆ ਤਾਂ ਵਿਧਾਨ ਸਭਾ ਅੰਦਰ ਮੌਜੂਦ ਮੰਤਰੀਆਂ ਅਤੇ ਵਿਧਾਇਕਾਂ ਨੇ ਮੇਜ ਥਾਪੜ ਕੇ ਇਸ ਦੀ ਹਿਮਾਇਤ ਕੀਤੀ। ਸਿੱਧੂ ਨੇ ਆਖਿਆ ਕਿ ਵਿਧਾਨ ਸਭਾ ਸਦਨ ਦਾ ਫ਼ੈਸਲਾ ਦਰੁਸਤ ਹੈ।

ਇਹ ਵੀ ਪੜ੍ਹੋ :  ਆਖਿਰ ਵਿਧਾਨ ਸਭਾ ਦੀ ਕਾਰਵਾਈ 'ਚ ਸ਼ਾਮਲ ਹੋਏ ਨਵਜੋਤ ਸਿੱਧੂ, ਪਿਛਲੀ ਕਤਾਰ 'ਚ ਬੈਠੇ

ਦੱਸਣਯੋਗ ਹੈ ਕਿ ਮਹਿਜ਼ ਇਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ 'ਤੇ ਅਸਿੱਧੇ ਤੌਰ 'ਤੇ ਬੋਲਦਿਆਂ ਸਿੱਧੂ ਨੇ ਕਿਹਾ ਸੀ ਕਿ ਅੱਜ ਪੰਜਾਬ ਦੇ ਕਿਸਾਨ ਅਤੇ ਜਨਤਾ ਦੀਆਂ ਨਜ਼ਰਾਂ ਸਾਡੇ 'ਤੇ ਟਿਕੀਆਂ ਹੋਈਆਂ ਹਨ, ਲਿਹਾਜ਼ਾ ਸਰਕਾਰਾਂ ਨੂੰ ਕਿਸਾਨਾਂ ਨੂੰ ਭਟਕਾਉਣ ਦੀ ਬਜਾਏ ਸਗੋਂ ਮੁੱਦੇ 'ਤੇ ਆ ਕੇ ਹੱਲ ਦੇਣਾ ਚਾਹੀਦਾ ਹੈ। ਇਹੋ ਕਾਰਣ ਹੈ ਕਿ ਅੱਜ ਪੰਜਾਬ ਵਿਚ ਕਿਸਾਨਾਂ ਦਾ ਸੱਚਾ ਸੰਘਰਸ਼ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣਾ ਪੱਖ ਰੱਖਿਆ ਹੈ, ਹੁਣ ਲੋੜ ਹੈ ਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ।

ਇਹ ਵੀ ਪੜ੍ਹੋ :  ਖੇਤੀ ਕਾਨੂੰਨਾਂ ਖ਼ਿਲਾਫ਼ ਸਿੱਧੂ ਦੀਆਂ ਦਮਦਾਰ ਤਕਰੀਰਾਂ, ਕੈਪਟਨ ਦਾ ਵੀ ਕੀਤਾ ਵਿਰੋਧ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਸਿੱਧੂ ਨੇ ਕਿਹਾ ਕਿ ਇਹ ਝੰਡਿਆਂ ਅਤੇ ਡੰਡਿਆਂ ਦਾ ਸੰਘਰਸ਼ ਹੈ, ਇਸ ਨੂੰ ਇਹ ਕਹਿ ਦੇਣਾ ਕਿ ਇਸ ਨੂੰ ਬਾਹਰੀ ਤਾਕਤਾਂ ਚਲਾ ਰਹੀਆਂ ਹਨ ਜਾਂ ਇਸ ਨਾਲ ਪੰਜਾਬ ਦੇ ਹਾਲਾਤ ਵਿਗੜ ਜਾਣਗੇ, ਇਹ ਕਿਸਾਨਾਂ ਦੇ ਸੱਚੇ ਸੰਘਰਸ਼ ਦਾ ਨਰਾਦਰ ਵੀ ਹੈ ਅਤੇ ਅਪਮਾਨ ਵੀ। ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨ ਨੂੰ ਭਟਕਾਉਣ ਦੀ ਬਜਾਏ ਹੱਲ ਦੇਣ।

ਇਹ ਵੀ ਪੜ੍ਹੋ :  ਨਿਵੇਸ਼ ਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ


Gurminder Singh

Content Editor

Related News