ਸਥਾਨਕ ਚੋਣਾਂ 'ਚ ਕਾਂਗਰਸ ਦੀ ਜਿੱਤ ਮਗਰੋਂ ਨਵਜੋਤ ਸਿੱਧੂ ਦੀ ਚੁੱਪੀ ਨੇ ਉਠਾਏ ਕਈ ਸਵਾਲ
Monday, Feb 22, 2021 - 06:41 PM (IST)
ਜਲੰਧਰ (ਵੈੱਬ ਡੈਸਕ): ਸਰਗਰਮ ਰਾਜਨੀਤੀ ਤੋਂ ਦੂਰ ਚੱਲ ਰਹੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਸਥਾਨਕ ਚੋਣਾਂ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਮਗਰੋਂ ਕੋਈ ਪ੍ਰਤੀਕਿਰਿਆ ਜ਼ਾਹਰ ਨਾ ਕਰਨਾ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਮ ਤੌਰ ’ਤੇ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਸਿੱਧੂ ਨੇ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਹੈਂਡਲ ’ਤੇ ਨਗਰ ਨਿਗਮ ਚੋਣਾਂ ਦੀ ਜਿੱਤ ’ਤੇ ਪ੍ਰਤੀਕਿਰਿਆ ਤੱਕ ਨਹੀਂ ਦਿੱਤੀ ਹੈ। ਹਾਲਾਂਕਿ ਕਿਸਾਨ ਅੰਦੋਲਨ ਦੇ ਸਮਰਥਨ 'ਚ ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਸਰਗਰਮੀ ਲਗਾਤਾਰ ਬਰਕਰਾਰ ਹੈ।
ਗੌਰਤਲਬ ਹੈ ਕਿ ਨਵਜੋਤ ਸਿੱਧੂ ਪਿਛਲੇ ਦਿਨੀਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਹਨ।ਉਦੋਂ ਤੋਂ ਹੀ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਵਿੱਚ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ। ਬਹਿਰਹਾਲ ਸਿੱਧੂ ਦੀ ਇਸ ਚੁੱਪ ਨੂੰ ਸਿਆਸੀ ਮਾਹਿਰ ਕਈ ਮਾਇਨਿਆਂ ਤੋਂ ਦੇਖ ਰਹੇ ਹਨ। ਸਿੱਧੂ ਲਗਾਤਾਰ ਹਾਈਕਮਾਨ ਦੇ ਸਾਹਮਣੇ ਪੰਜਾਬ 'ਚ ਆਪਣੀ ਭੂਮਿਕਾ ਨੂੰ ਲੈ ਕੇ ਸਵਾਲ ਉਠਾਉਂਦੇ ਰਹੇ ਪਰ ਕਈ ਟਿੱਪਣੀਕਾਰਾਂ ਦਾ ਮੰਨਣਾ ਹੈ ਕਿ ਚੋਣ ਨਤੀਜਿਆਂ ਨੇ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਦੀ ਭੂਮਿਕਾ ਨੂੰ ਤੈਅ ਕਰ ਦਿੱਤਾ ਹੈ।ਚੋਣ ਨਤੀਜਿਆਂ ਨੇ ਸਿੱਧੂ ਨੂੰ ਮਿਲਣ ਵਾਲੇ ਸੰਭਾਵਿਤ ਅਹੁਦੇ 'ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ :ਅੰਦੋਲਨ ਦੇ ਹੱਲ ਵਾਲੇ ਬਿਆਨ 'ਤੇ ਬੋਲੇ ਕੈਪਟਨ, ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ
ਕਾਬਲੇਗੌਰ ਹੈ ਕਿ ਸਥਾਨਕ ਸਰਕਾਰਾਂ ਚੋਣਾਂ ਵਿੱਚ ਮਿਲੀ ਜਿੱਤ ’ਤੇ ਰਾਸ਼ਟਰੀ ਪੱਧਰ ਤੱਕ ਦੇ ਆਗੂਆਂ ਅਤੇ ਸਮਰਥਕਾਂ ਨੇ ਵਧਾਈ ਦੇਣ 'ਚ ਕੋਈ ਕਸਰ ਨਹੀਂ ਛੱਡੀ ਹੈ। ਪੰਜਾਬ ਸਥਾਨਕ ਸਰਕਾਰਾਂ ਚੋਣਾਂ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਟਵਿੱਟਰ ’ਤੇ ਟਾਪ ਟ੍ਰੈਂਡ 'ਚ ਰਹੀ। ਕਈ ਫ਼ਿਲਮੀ ਜਗਤ ਦੇ ਸਿਤਾਰਿਆਂ ਤੱਕ ਨੇ ਕਾਂਗਰਸ ਦੀ ਜਿੱਤ ’ਤੇ ਟਵੀਟ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਤੱਕ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਅਗਲੀ ਰਣਨੀਤੀ ਲਈ ਸ਼ੁੱਭ ਇੱਛਾਵਾਂ ਵੀ ਦਿੱਤੀਆਂ।ਅਜਿਹੇ ਮੌਕੇ ਸਿੱਧੂ ਦੀ ਚੁੱਪੀ ਪੰਜਾਬ ਕਾਂਗਰਸ ਨੂੰ ਵੀ ਰੜਕਦੀ ਹੈ।
ਇਕ ਚਰਚਾ ਇਹ ਵੀ ਹੈ ਕਿ ਸਿੱਧੂ, ਕੈਪਟਨ ਅਮਰਿੰਦਰ ਸਿੰਘ ਰਾਹੀਂ ਨਹੀਂ, ਸਗੋਂ ਕਾਂਗਰਸ ਹਾਈਕਮਾਨ ਰਾਹੀਂ ਪੰਜਾਬ 'ਚ ਕੋਈ ਅਹਿਮ ਜ਼ਿੰਮੇਵਾਰੀ ਸੰਭਾਲਣ ਦੀ ਕੋਸ਼ਿਸ਼ 'ਚ ਹਨ। ਕਿਹਾ ਜਾ ਰਿਹਾ ਹੈ ਕਿ ਹਾਈਕਮਾਨ ਵੀ ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਿਹਾ ਸੀ। ਹੁਣ ਜਦੋਂ ਕਿ ਚੋਣ ਨਤੀਜੇ ਕਾਂਗਰਸ ਦੇ ਪੱਖ 'ਚ ਆਏ ਹਨ ਤਾਂ ਕੈਪਟਨ ਇਕ ਵਾਰ ਫਿਰ ਖ਼ੁਦ ਨੂੰ ਸਾਬਿਤ ਕਰਨ 'ਚ ਸਫ਼ਲ ਹੋ ਗਏ ਹਨ। ਅਜਿਹੇ 'ਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ’ਤੇ ਇਕ ਵਾਰ ਫਿਰ ਸ਼ੰਕਾ ਦੇ ਬੱਦਲ ਮੰਡਰਾਉਣ ਲੱਗੇ ਹਨ। ਇਹੀ ਵਜ੍ਹਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਜਿੱਤ ’ਤੇ ਵਧਾਈ ਤੱਕ ਦੇਣ ਤੋਂ ਕਤਰਾ ਰਹੇ ਹਨ।
ਦੂਜੇ ਪਾਸੇ ਕੁੱਝ ਸਿਆਸੀ ਮਾਹਿਰ ਮੰਨਦੇ ਹਨ ਕਿ ਸਥਾਨਕ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਦੀ ਕੋਈ ਭੂਮਿਕਾ ਨਹੀਂ ਹੈ ਸ਼ਾਇਦ ਇਸ ਲਈ ਉਹ ਕਾਂਗਰਸ ਦੀ ਸ਼ਾਨਦਾਰ ਜਿੱਤ 'ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ ਹਨ। ਫਿਲਹਾਲ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਕੁਝ ਸਮਾਂ ਹੋਰ ਕਾਂਗਰਸ ਵਿੱਚ ਉਨ੍ਹਾਂ ਦੀ ਸਪੱਸ਼ਟ ਭੂਮਿਕਾ ਬਾਰੇ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਨੋਟ: ਕਾਂਗਰਸ ਦੀ ਜਿੱਤ 'ਤੇ ਸਿੱਧੂ ਦੀ ਚੁੱਪੀ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ