ਬਾਦਲ ਪਰਿਵਾਰ ਨੇ ਪੰਜਾਬ ਤੇ ਪੰਥ ਦਾ ਕੀਤਾ ਬਹੁਤ ਵੱਡਾ ਨੁਕਸਾਨ: ਢੀਂਡਸਾ

Saturday, Jul 11, 2020 - 06:04 PM (IST)

ਨਾਭਾ (ਸੁਸ਼ੀਲ ਜੈਨ): ਸਾਬਕਾ ਕੇਂਦਰੀ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਢੀਂਡਸਾ) ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ (ਮੈਂਬਰ ਰਾਜ ਸਭਾ) ਨੇ ਅੱਜ ਥਾਣਾ ਸਦਰ ਦੇ ਪਿੰਡ ਰੋਹਟਾ ਵਿਖੇ ਦੋਸ਼ ਲਾਇਆ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਤੇ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਬਰਗਾੜੀ ਕਾਂਡ, ਕੋਟਕਪੁਰਾ ਕਾਂਡ, ਬਹਿਬਲਕਲਾਂ ਕਾਂਡ ਤੇ ਡੇਰੇ ਵਾਲੇ ਸਾਧ ਦੇ ਕਾਰਨਾਮਿਆਂ ਸਮੇਂ ਬਾਦਲ ਪਰਿਵਾਰ ਨੇ ਪੰਥ ਦਾ ਨੁਕਸਾਨ ਕੀਤਾ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਨਹੀਂ ਦਵਾਇਆ। ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਪੰਜਾਬੀਆਂ ਤੇ ਪੰਥ ਨਾਲ ਹਮੇਸ਼ਾ ਧੋਖਾ ਕੀਤਾ, ਜਿਸ ਕਰਕੇ ਪਾਰਟੀ ਦੇ ਟਕਸਾਲੀ ਆਗੂ ਹੁਣ ਵੱਖ ਹੋ ਰਹੇ ਹਨ।

ਇਹ ਵੀ ਪੜ੍ਹੋ:  ਪੜ੍ਹਾਈ 'ਚ ਮਾਰੀਆਂ ਖੂਬ ਮੱਲਾਂ ਪਰ ਫਿਰ ਵੀ ਨਾ ਮਿਲੀ ਨੌਕਰੀ, ਇੰਝ ਚਲਾ ਰਿਹੈ ਘਰ (ਵੀਡੀਓ)

ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਬਾਦਲ ਪਰਿਵਾਰ ਹੁਣ ਤਰਲੋਮੱਛੀ ਹੋ ਰਿਹਾ ਹੈ ਪਰ ਉਸ ਦੀ ਕੁਰਸੀ ਹੁਣ ਖਤਰੇ ਵਿਚ ਹੈ। ਭਾਜਪਾ ਤੇ ਆਰ. ਐੱਸ.ਐੱਸ.ਵਾਲਿਆਂ ਨੂੰ ਪਤਾ ਲੱਗਾ ਚੁੱਕਾ ਹੈ ਕਿ ਬਾਦਲਾਂ ਦੇ ਪੱਲੇ ਹੁਣ ਕੁੱਝ ਨਹੀਂ ਰਹਿਣ ਵਾਲਾ। ਇਸ ਰਿਜ਼ਰਵ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦੇਣ ਤੋਂ ਬਾਅਦ ਗੱਲਬਾਤ ਕਰਦਿਆਂ ਢੀਂਡਸਾ ਨੇ ਦਾਅਵਾ ਕੀਤਾ ਕਿ ਸਾਬਕਾ ਕੈਬਨਿਟ ਮੰਤਰੀ ਤੇ ਐੱਮ.ਪੀ.ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਲੋਕਲਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਅਨੇਕ ਵੱਡੇ ਸਿਆਸੀ ਆਗੂ ਮੇਰੇ ਸੰਪਰਕ ਵਿਚ ਹਨ। ਅਸੀਂ ਪਾਰਟੀ ਨੂੰ ਮਜਬੂਤ ਕਰ ਰਹੇ ਹਾਂ ਤਾਂ ਜੋ 2022 ਚੋਣਾਂ 'ਚ ਪੰਜਾਬੀਆਂ ਤੋਂ ਫਤਵਾ ਪ੍ਰਾਪਤ ਕਰਕੇ ਸਰਕਾਰ ਦਾ ਗਠਨ ਕਰੀਏ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ਹੋਣ ਵਾਲਾ ਹੈ। ਅਸੀਂ ਸਿਧਾਂਤਾਂ ਦੀ ਲੜਾਈ ਲੜ ਰਹੇ ਹਾਂ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਬੇਟੇ ਦੇ ਮੋਹ ਅਤੇ ਸੁਖਬੀਰ ਬਾਦਲ ਆਪਣੀ ਪਤਨੀ ਦੀ ਕੁਰਸੀ ਦੇ ਮੋਹ ਵਿਚ ਫਸ ਗਿਆ ਹੈ। ਬਾਦਲ ਪਰਿਵਾਰ ਨੇ ਹਮੇਸ਼ਾ ਹੀ ਸਾਰੇ ਟਕਸਾਲੀ ਆਗੂਆਂ ਨਾਲ ਧੋਖਾ ਕੀਤਾ ਜਦੋਂ ਕਿ ਅਸੀਂ ਇਕਜੁੱਟ ਹੋ ਕੇ ਸਾਰੇ ਫੈਸਲੇ ਲਵਾਂਗੇ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ ਐੱਸ.ਐੱਸ.ਬੋਰਡ, ਗੁਰਸੇਵਕ ਸਿੰਘ ਹਰਪਾਲਪੁਰ, ਰਣਧੀਰ ਸਿੰਘ ਰੱਖੜਾ ਵੀ ਹਾਜ਼ਰ ਸਨ। ਸਰਕਲ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਬੇਅੰਤ ਸਿੰਘ ਤੇ ਜਸਵੀਰ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਹੇਠ 50 ਤੋਂ ਵੱਧ ਅਕਾਲੀ ਵਰਕਰਾਂ ਨੇ ਢੀਂਡਸਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ:  ਪਟਿਆਲਾ 'ਚ ਭਿਆਨਕ ਰੂਪ ਧਾਰ ਰਿਹੈ ਕੋਰੋਨਾ 32 ਹੋਰ ਨਵੇਂ ਕੇਸ ਆਏ ਸਾਹਮਣੇ


Shyna

Content Editor

Related News