ਪਾਕਿਸਤਾਨ ਦੇ ਵਕੀਲ ਬਣ ਕੇ ਸਾਹਮਣੇ ਆਏ ਨਵਜੋਤ ਸਿੱਧੂ : ਚੁੱਘ (ਵੀਡੀਓ)

Friday, Feb 15, 2019 - 06:57 PM (IST)

ਨਵੀਂ ਦਿੱਲੀ/ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਪੁਲਵਾਮਾ ਹਮਲੇ 'ਤੇ ਦਿੱਤੇ ਗਏ ਬਿਆਨ ਦੀ ਭਾਜਪਾ ਨੇ ਨਿੰਦਾ ਕੀਤੀ ਹੈ। ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਪਾਕਿਸਤਾਨ ਪ੍ਰੇਮ ਦੇਸ਼ ਦੇ ਸ਼ਹੀਦਾਂ ਦੇ ਜ਼ਖਮਾਂ 'ਤੇ ਨਮਕ ਛਿੜਕਣ ਵਾਲਾ ਹੈ। ਚੁੱਘ ਨੇ ਕਿਹਾ ਕਿ ਇਕ ਪਾਸੇ ਨਵਜੋਤ ਸਿੱਧੂ ਇਸ ਹਮਲੇ ਦੀ ਨਿੰਦਾ ਕਰ ਰਹੇ ਹਨ, ਦੂਜੇ ਪਾਸੇ ਪਾਕਿਸਤਾਨ ਦਾ ਨਾਂ ਵੀ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਨਵਜੋਤ ਸਿੱਧੂ ਪਾਕਿਸਤਾਨ ਦੇ ਵਕੀਲ ਬਣ ਕੇ ਸਾਹਮਣੇ ਆਏ ਹਨ। 
ਚੁੱਘ ਨੇ ਕਿਹਾ ਕਿ ਨਵਜੋਤ ਸਿੱਧੂ ਆਖ ਰਹੇ ਹਨ ਕਿ ਅੱਤਵਾਦੀਆਂ ਦਾ ਕੋਈ ਦੇਸ਼ ਤੇ ਧਰਮ ਨਹੀਂ ਹੁੰਦਾ ਪਰ ਉਹ ਦੱਸਣ ਕਿ ਅੱਤਵਾਦੀਆਂ ਕੋਲ ਇਹ ਹਥਿਆਰ ਕਿੱਥੋਂ ਆਏ ਹਨ। ਸਾਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਹੀ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੰਦਾ ਹੈ ਅਤੇ ਪਾਕਿਸਤਾਨੀ ਏਜੰਸੀ ਆਈ. ਐੱਸ. ਆਈ. ਅੱਤਵਾਦੀਆਂ ਦੀ ਮਦਦ ਕਰਦੀ ਹੈ। ਚੁੱਘ ਨੇ ਕਿਹਾ ਕਿ ਪਾਕਿਸਤਾਨ ਜਾ ਕੇ ਜਿਸ ਨਾਲ ਨਵਜੋਤ ਸਿੱਧੂ ਜੱਫੀਆਂ ਪਾਉਂਦੇ ਹਨ, ਸਿੱਧੂ ਦਾ ਉਹੀ ਯਾਰ ਜਨਰਲ ਬਾਜਵਾ ਹੀ ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਕੇ ਭਾਰਤ 'ਚ ਖੂਨ-ਖਰਾਬਾ ਕਰਨ ਲਈ ਭੇਜਦਾ ਹੈ। ਚੁੱਘ ਨੇ ਕਿਹਾ ਕਿ ਪਾਕਿਸਤਾਨ ਦੇ ਹੱਕ ਵਿਚ ਬੋਲਣ ਲਈ ਨਵਜੋਤ ਸਿੱਧੂ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਨਾਲ ਹੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੱਧੂ ਦੇ ਬਿਆਨ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।


author

Gurminder Singh

Content Editor

Related News