ਹਾਈਕਮਾਂਡ ਦੀ ਚੁੱਪੀ ’ਤੇ ਟੁੱਟਿਆ ਸਿੱਧੂ ਦੇ ਸਬਰ ਦਾ ਬੰਨ੍ਹ, ਫਿਰ ਖੋਲ੍ਹਿਆ ਕੈਪਟਨ ਖ਼ਿਲਾਫ਼ ਮੋਰਚਾ

06/21/2021 10:33:22 PM

ਪਟਿਆਲਾ (ਮਨਦੀਪ ਜੋਸਨ) : ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਨਿਬੇੜਨ ਲਈ ਹਾਈਕਮਾਂਡ ਵੱਲੋਂ ਬਣਾਈ 3 ਮੈਂਬਰੀ ਕਮੇਟੀ ਦੀ ਰਿਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਅੱਗੇ ਰੱਖਣ ਤੋਂ ਬਾਅਦ ਵੀ ਹਾਈਕਮਾਂਡ ਦੀ ਇਸ ਮਸਲੇ ’ਤੇ ਲਗਭਗ 20 ਦਿਨਾਂ ਤੋਂ ਚੱਲੀ ਆ ਰਹੀ ਚੁੱਪ ਕਾਰਨ ਦੁਖੀ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਸ਼ਹਿਰ ’ਚ ਮੁੜ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਕੇ ਤਾਬੜ-ਤੋੜ ਹਮਲੇ ਕਰਦਿਆਂ ਅਮਰਿੰਦਰ ਅਤੇ ਉਨ੍ਹਾਂ ਦੀ ਸਰਕਾਰ ਨੂੰ ਮੁੜ ਕਟਿਹਰੇ ’ਚ ਖੜ੍ਹਾ ਕਰ ਦਿੱਤਾ ਹੈ। ‘ਜਗ ਬਾਣੀ’ ਨਾਲ ਇਕ ਖਾਸ ਇੰਟਰਵਿਊ ’ਚ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਫਿਰ ਘੇਰਿਆ, ਜਿਸ ਤੋਂ ਲੱਗਦਾ ਹੈ ਕਿ ਪੰਜਾਬ ਕਾਂਗਰਸ ਦਾ ਕਲੇਸ਼ ਆਉਣ ਵਾਲੇ ਦਿਨਾਂ ’ਚ ਹੋਰ ਭਖ ਸਕਦਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਕਾਂਗਰਸ ਦੇ ਚੁੱਪੀ ਦੇ ਕਿਆਸ ਲਾਏ ਜਾ ਰਹੇ ਸਨ ਕਿ ਪਾਰਟੀ ਦਾ ਵਿਵਾਦ ਹੌਲੀ-ਹੌਲੀ ਖ਼ਤਮ ਹੋ ਜਾਵੇਗਾ ਪਰ ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਦੇ ਤਿੱਖੇ ਤੇਵਰਾਂ ਨੇ ਇਸ ਵਿਵਾਦ ਨੂੰ ਨਵਾਂ ਮੋੜ ਦੇ ਦਿੱਤਾ ਹੈ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਗੇ ਕੁੰਵਰ ਵਿਜੇ ਪ੍ਰਤਾਪ !

ਮੈਨੂੰ ਨਹੀਂ ਬੁਲਾਇਆ ਹਾਈਕਮਾਂਡ ਨੇ
ਸਾਬਕਾ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਆਪਣੀ ਰਿਹਾਇਸ਼ ’ਤੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਪੱਸ਼ਟ ਆਖਿਆ ਕਿ ਉਨ੍ਹਾਂ ਨੂੰ ਕਾਂਗਰਸ ਹਾਈਕਮਾਂਡ ਨੇ ਅਜੇ ਤੱਕ ਨਹੀਂ ਬੁਲਾਇਆ। ਉਨ੍ਹਾਂ ਨੂੰ ਦਿੱਲੀ ਬੁਲਾਉਣ ਦੀਆਂ ਖਬਰਾਂ ਬੇਬੁਨਿਆਦ ਹਨ। ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਦੇ ਭਲੇ ਅਤੇ ਲੋਕਾਂ ਦੇ ਹੱਕ ਲਈ ਪੰਜਾਬ ਮਾਡਲ ਬਣਾ ਕੇ ਕਾਂਗਰਸ ਹਾਈਕਮਾਂਡ ਵੱਲੋਂ ਬਣਾਈ 3 ਮੈਂਬਰੀ ਕਮੇਟੀ ਅੱਗੇ ਸਮੁੱਚਾ ਪੱਖ ਰੱਖਿਆ ਸੀ। ਮੈਨੂੰ ਇਸ ਦੇ ਪਾਜ਼ੇਟਿਵ ਨਤੀਜੇ ਮਿਲਣ ਦੀ ਆਸ ਹੈ ਪਰ ਮੈਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਨੀ ਹੈ। ਇਸ ਲਈ ਹਾਈਕਮਾਂਡ ਵੱਲੋਂ ਮੈਨੂੰ ਨਾ ਬੁਲਾਉਣ ਕਰਕੇ ਮੈਂ ਮੁੜ ਲੋਕਾਂ ਦੀ ਲੜਾਈ ਵਿੱਢੀ ਹੈ। ਇਹ ਲੜਾਈ ਅਸੂਲਾਂ ਦੀ ਹੈ, ਜੋ ਕਿ ਜਾਰੀ ਰਹੇਗੀ। ਸਿੱਧੂ ਨੇ ਇਹ ਵੀ ਆਖਿਆ ਕਿ ਹਾਈਕਮਾਂਡ ਦਾ ਉਹ ਬਹੁਤ ਸਤਿਕਾਰ ਕਰਦੇ ਹਨ। ਉਸ ਦਾ ਫ਼ੈਸਲਾ ਮੈਨੂੰ ਮਨਜ਼ੂਰ ਹੋਵੇਗਾ ਤੇ ਮੈਂ ਉਸ ਨੂੰ ਸਿਰ ਮੱਥੇ ਰੱਖਾਂਗਾ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਕੁੰਵਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ

ਅਮਰਿੰਦਰ ਪੰਜਾਬ ਦੇ ਮੁੱਦਿਆਂ ਤੋਂ ਭੱਜ ਰਹੇ
ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਸਿਸਟਮ ਸ਼ਬਦ ਆਖ ਕੇ ਉਨ੍ਹਾਂ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਆਖਿਆ ਕਿ ਉਹ ਪੰਜਾਬ ਦੇ ਮੁੱਦਿਆਂ ਤੋਂ ਭੱਜ ਰਹੇ ਹਨ। ਉਨ੍ਹਾਂ ਵੱਲੋਂ ਲੋਕਾਂ ਦੇ ਹਿੱਤ ਲਈ ਬਣਾਏ ਪੰਜਾਬ ਮਾਡਲ ਨੂੰ ਲਾਗੂ ਕਰਨ ਤੋਂ ਇਨਕਾਰੀ ਹੈ। ਇਹੀ ਲੜਾਈ ਉਨ੍ਹਾਂ ਦੀ ਪ੍ਰਮੁੱਖ ਹੈ। ਉਨ੍ਹਾਂ ਆਖਿਆ ਕਿ ਵਾਰ-ਵਾਰ ਉਹ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਲਈ ਬੋਲਦੇ ਰਹੇ ਅਤੇ ਹਾਈਕਮਾਂਡ ਦੀ ਚੁੱਪ ਕਾਰਨ ਅੱਜ ਉਨ੍ਹਾਂ ਨੂੰ ਫਿਰ ਲੋਕਾਂ ਦੀ ਕਚਿਹਰੀ ’ਚ ਆਉਣਾ ਪਿਆ ਹੈ।

ਇਹ ਵੀ ਪੜ੍ਹੋ : ਇਕ ਵਾਰ ਫਿਰ ਤਲਖ਼ ਹੋਏ ਨਵਜੋਤ ਸਿੱਧੂ ਦੇ ਤੇਵਰ, ਜਾਣੋ ਕੀ ਬੋਲੇ

ਪੰਜਾਬ ਲਈ ਕੋਈ ਸਮਝੌਤਾ ਨਹੀਂ
ਨਵਜੋਤ ਸਿੰਘ ਸਿੱਧੂ ਦੇ ਤੇਵਰ ਬੇਹੱਦ ਸਖ਼ਤ ਸਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਹਾਈਕਮਾਂਡ ’ਤੇ ਪੂਰਾ ਭਰੋਸਾ ਹੈ ਪਰ ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕਿਹਾ ਕਿ ਪੰਜਾਬ ਦੇ ਮੁੱਦਿਆਂ ਲਈ ਉਹ ਸੂਬੇ ਦੇ ਕਾਬਿਜ਼ ਸਿਸਟਮ ਨਾਲ ਕੋਈ ਵੀ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਮੌਜੂਦਾ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ।

ਇਹ ਵੀ ਪੜ੍ਹੋ : ਹੁਣ ਇਸ ਦਿਨ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣਗੇ ਪ੍ਰਕਾਸ਼ ਸਿੰਘ ਬਾਦਲ

ਕੋਈ ਪੋਸਟਰ ਨਹੀਂ ਮਿਟਾ ਸਕਦਾ ਸਿੱਧੂ ਦੀ ਪਰਸਨੈਲਿਟੀ
ਨਵਜੋਤ ਸਿੰਘ ਸਿੱਧੂ ਨੇ ਇਕ ਸਵਾਲ ਦੇ ਜਵਾਬ ’ਚ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਮੇਰੇ ਖ਼ਿਲਾਫ਼ ਕੂੜ ਪ੍ਰਚਾਰ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਮੈਂ ਲੋਕਾਂ ਨੂੰ ਨਹੀਂ ਮਿਲਦਾ, ਮੈਂ ਲੋਕਾਂ ਦਾ ਫੋਨ ਨਹੀਂ ਚੁੱਕਦਾ। ਜਦੋਂ ਕਿ ਮੈਂ ਹਮੇਸ਼ਾ ਲੋਕ ਮੁੱਦਿਆਂ ਦੀ ਗੱਲ ਕਰਦਾ ਹਾਂ। ਉਨ੍ਹਾਂ ਆਖਿਆ ਕਿ ਮੈਂ 6 ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ। ਸਿੱਧੂ ਦੀ ਪਰਸਨੈਲਟੀ ਨੂੰ ਕੋਈ ਪੋਸਟਰ ਨਹੀਂ ਮਿਟਾ ਸਕਦਾ। ਉਨ੍ਹਾਂ ਆਖਿਆ ਕਿ ਇਕ ਸਾਜ਼ਿਸ਼ ਤਹਿਤ ਮੌਜੂਦਾ ਸਿਸਟਮ ’ਤੇ ਕਾਬਿਜ਼ ਲੋਕ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ।

ਇਹ ਵੀ ਪੜ੍ਹੋ : 21 ਜੂਨ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਹੋਣਗੇ ਰਵਨੀਤ ਬਿੱਟੂ

ਪਟਿਆਲਾ ਕੈਪਟਨ ਦੀ ਜਗੀਰ ਨਹੀਂ
ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪਟਿਆਲਾ ਉਨ੍ਹਾਂ ਦਾ ਆਪਣਾ ਸ਼ਹਿਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਜ਼ਿਲ੍ਹੇ ਦਾ ਕੋਈ ਠੇਕਾ ਨਹੀਂ ਲਿਆ ਅਤੇ ਨਾ ਹੀ ਇਹ ਕੈਪਟਨ ਦੀ ਜਗੀਰ ਹੈ। ਸਿੱਧੂ ਨੇ ਆਖਿਆ ਕਿ ਉਨ੍ਹਾਂ ਨੇ 16 ਸਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਸੇਵਾ ਕੀਤੀ ਹੈ ਅਤੇ ਕਰਦੇ ਰਹਿਣਗੇ। ਜੇਕਰ ਮੈਂ ਬੀਮਾਰ ਹੋਣ ਕਾਰਨ 2 ਮਹੀਨੇ ਆਪਣੇ ਪਟਿਆਲਾ ਸ਼ਹਿਰ ਦੇ ਘਰ ਆ ਗਿਆ ਤਾਂ ਲੋਕਾਂ ਨੂੰ ਮਿਰਚਾਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਜ਼ਿਲ੍ਹਾ ਮੇਰਾ ਹੈ। ਪਟਿਆਲਵੀ ਵੀ ਮੇਰਾ ਪਰਿਵਾਰ ਹਨ। ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਸਾਰੇ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਤੇ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਪਟਿਆਲਾ ਤੋਂ ਚੋਣ ਨਹੀਂ ਲੜੇਗਾ ਪਰ ਮੇਰੇ ਪਟਿਆਲਾ ਆਉਣ ’ਤੇ ਹੀ ਇਨ੍ਹਾਂ ਨੂੰ ਪਤਾ ਨਹੀਂ ਕਿ ਡਰ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਗੜ੍ਹ ’ਚ ਨਵਜੋਤ ਸਿੱਧੂ ਦੀ ਦਹਾੜ, ਇਕ ਵਾਰ ਫਿਰ ਚੁੱਕੇ ਵੱਡੇ ਸਾਲ

ਪਹਿਲਾਂ ਨਹੀਂ ਮੇਰੀ ਸੁਣੀ : ਹੁਣ ਮੈਂ ਇਨ੍ਹਾਂ ਦੀ ਨਹੀਂ ਸੁਣਨੀ
ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਸਾਢੇ 4 ਸਾਲ ਉਨ੍ਹਾਂ ਦੀ ਕਿਸੇ ਨਹੀਂ ਸੁਣੀ। ਦੋ ਸਾਲ ਦੇ ਕਰੀਬ ਉਨ੍ਹਾਂ ਨੇ ਪੰਜਾਬ ਸਰਕਾਰ ’ਚ ਰਹਿ ਕੇ ਲੋਕਾਂ ਦੇ ਮੁੱਦੇ ਚੁੱਕੇ ਕਿ ਸੂਬੇ ਨੂੰ ਕਿਵੇਂ ਅਮੀਰ ਬਣਾਇਆ ਜਾ ਸਕਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਤੋਂ ਬਾਹਰ ਰਹਿ ਕੇ ਪੰਜਾਬ ਮਾਡਲ ਤਿਆਰ ਕੀਤਾ, ਜਿਸ ਨੂੰ ਹਾਈਕਮਾਂਡ ਅੱਗੇ ਰੱਖਿਆ ਤੇ ਅੱਜ ਵੀ ਜੇਕਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਤਾਂ ਉਹ ਕਿਸੇ ਦੀ ਨਹੀਂ ਸੁਣਨਗੇ ਅਤੇ ਹੁਣ ਸਮੁੱਚੇ ਮੁੱਦੇ ਲੈ ਕੇ ਲੋਕਾਂ ’ਚ ਜਾਣਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਤਾਂ ਢਾਈ ਸਾਲ ਤੋਂ ਸਾਈਡ ਲਾਈਨ ਕੀਤਾ ਹੋਇਆ ਹੈ ਤਾਂ ਸਿੱਧੂ ਤੇਵਰ ਤਿੱਖੇ ਕਰ ਕੇ ਬੋਲੇ, ‘‘ਮੇਰਾ ਕੀ ਕਰ ਲਿਆ ਅਮਰਿੰਦਰ ਨੇ। ਮੈਂ ਲੋਕਾਂ ਲਈ ਜੰਮਿਆ ਸੀ, ਲੋਕਾਂ ਦੀ ਹੀ ਸੇਵਾ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ’ਚ ਰਹਿ ਕੇ ਵੀ ਮੁੱਦਿਆਂ ਦੀ ਲੜਾਈ ਲੜੀ ਹੈ ਅਤੇ ਸਰਕਾਰ ਤੋਂ ਬਾਹਰ ਰਹਿ ਕਿ ਵੀ ਅੱਜ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜ ਰਿਹਾ ਹਾਂ।’’

ਇਹ ਵੀ ਪੜ੍ਹੋ : ਚੋਣਾਂ ਵਾਲੇ ਸਾਲ ’ਚ ਪ੍ਰਧਾਨ ਬਦਲਿਆ ਤਾਂ ਕਾਂਗਰਸ ਦੀ ਵੱਧ ਸਕਦੀ ਹੈ ਮੁਸ਼ਕਲ

ਬੇਅਦਬੀ, ਮਾੲਨਿੰਗ, ਬੇਰੋਜ਼ਗਾਰੀ ’ਤੇ ਮੁੜ ਘੇਰੀ ਆਪਣੀ ਸਰਕਾਰ
ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਸੂਬੇ ਦੇ ਪੁਰਾਣੇ ਅਹਿਮ ਚੱਲੇ ਆ ਰਹੇ ਮੁੱਦਿਆਂ ’ਤੇ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ। ਉਨ੍ਹਾਂ ਆਖਿਆ ਕਿ ਬੇਅਦਬੀ ਅੱਜ ਸਭ ਤੋਂ ਵੱਡਾ ਮੁੱਦਾ ਹੈ ਪਰ ਸਰਕਾਰ ਦੇ ਸਿਸਟਮ ’ਚ ਰਹਿੰਦੇ ਲੋਕਾਂ ਨੇ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਬਚਾਇਆ ਅਤੇ ਬਚਾਉਣ ਲੱਗੇ ਹੋਏ ਹਨ। ਉਨ੍ਹਾਂ ਆਖਿਆ ਕਿ ਬੇਅਦਬੀ ਦੇ ਦੋਸ਼ੀ ਕੌਣ ਹਨ ਇਹ ਬਿਲਕੁੱਲ ਸਾਫ ਹੈ। ਇਸ ਦੇ ਬਾਵਜੂਦ ਵੀ ਜਿਨ੍ਹਾਂ ਨੇ 10 ਸਾਲ ਪੰਜਾਬ ਨੂੰ ਉਜਾੜਿਆ, ਉਨ੍ਹਾਂ ਨਾਲ ਮਿੱਤਰਤਾ ਪਾ ਕੇ ਬੇਅਦਬੀ ਦੇ ਮੁੱਦੇ ਨੂੰ ਅਤੇ ਸਬੂਤਾਂ ਨੂੰ ਅਲੋਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧੂ ਨੇ ਆਖਿਆ ਕਿ ਮਾਈਨਿੰਗ ਦਾ ਮੁੱਦਾ ਅਜੇ ਉੱਥੇ ਹੀ ਖੜਾ ਹੈ, ਨਸ਼ਿਆਂ ਦੇ ਮੁੱਦੇ ਉੱਥੇ ਹੀ ਖੜੇ ਹਨ, ਬੇਰੋਜ਼ਗਾਰੀ ਹੋਰ ਵਧ ਗਈ ਹੈ, ਕੇਬਲ ਮਾਫੀਆ ਲੋਕਾਂ ਨੂੰ ਲੁੱਟ ਰਿਹਾ ਹੈ। ਆਖਿਰ ਮੌਜੂਦਾ ਸਰਕਾਰ ’ਤੇ ਕਾਬਿਜ਼ ਲੋਕ ਕਿਹੜੇ ਮੂੰਹ ਨਾਲ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਸਾਰੇ ਮੁੱਦੇ ਹੱਲ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਮੈਂ 16 ਸਾਲਾਂ ਤੋਂ ਸੂਬੇ ’ਤੇ ਕਾਬਿਜ਼ ਦੋ ਪਰਿਵਾਰਾਂ ਦੇ ਸਿਸਟਮ ਖਿਲਾਫ ਲੜ ਰਿਹਾ ਹਾਂ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਅਹੁਦਾ ਦੇਣ ਬਾਰੇ ਪ੍ਰਤਾਪ ਬਾਜਵਾ ਨੇ ਦਿੱਤਾ ਜਵਾਬ, ਆਖੀ ਵੱਡੀ ਗੱਲ

ਵਿਧਾਇਕਾਂ ਦੇ ਮੁੰਡਿਆਂ ਨੂੰ ਅਫਸਰ ਬਣਾਉਣ ’ਤੇ ਭੜਕੇ ਸਿੱਧੂ
ਵਿਧਾਇਕਾਂ ਦੇ ਮੁੰਡਿਆਂ ਨੂੰ ਅਫਸਰ ਲਗਾਉਣ ’ਤੇ ਵੀ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਨੂੰ ਘੇਰ ਲਿਆ। ਉਨ੍ਹਾਂ ਆਖਿਆ ਕਿ ਸਾਰੇ ਵਿਧਾਇਕ ਮੇਰੇ ਭਰਾ ਹਨ ਪਰ ਇਹ ਬਿਲਕੁੱਲ ਗਲਤ ਹੈ ਕਿ ਜਿਹੜੇ ਲੋਕ ਕਰੋੜਾਂ ’ਚ ਖੇਡਦੇ ਹੋਣ, ਉਨ੍ਹਾਂ ਦੇ ਮੁੰਡਿਆਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਅੱਜ ਪਟਿਆਲਾ ਸ਼ਹਿਰ ’ਚ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਸਾਡੇ ਨੌਜਵਾਨ ਧਰਨੇ ਲਗਾ ਰਹੇ ਹਨ। ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਪਰ ਵਿਧਾਇਕਾਂ ਦੇ ਮੁੰਡਿਆਂ ਨੂੰ ਅਫਸਰ ਲਗਾ ਕੇ ਸਰਕਾਰ ਕੀ ਦੱਸਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਕੈਪਟਨ ਨਾਲ ਗੁਪਤ ਮੀਟਿੰਗ ਦੀਆਂ ਚਰਚਾਵਾਂ ’ਤੇ ਬੋਲੇ ਪ੍ਰਤਾਪ ਬਾਜਵਾ, ਦਿੱਤਾ ਵੱਡਾ ਬਿਆਨ

ਮੇਰੇ ਕਾਰਨ ਕਾਂਗਰਸ ਸੱਤਾ ’ਚ ਆਈ
ਸਿੱਧੂ ਨੇ ਆਖਿਆ ਕਿ 2017 ’ਚ ਉਨ੍ਹਾਂ ਵੱਲੋਂ ਸਮੁੱਚੇ ਪੰਜਾਬ ’ਚ ਕਾਂਗਰਸ ਲਈ ਕੀਤੇ ਪ੍ਰਚਾਰ ਕਾਰਨ ਹੀ ਕਾਂਗਰਸ ਸਰਕਾਰ ਪੰਜਾਬ ਵਿਚ ਬਣੀ ਸੀ। ਉਨ੍ਹਾਂ ਆਖਿਆ ਕਿ ਦਿਨ-ਰਾਤ ਉਨ੍ਹਾਂ ਨੇ ਲੋਕਾਂ ਦੀ ਸਰਕਾਰ ਬਣਾਉਣ ਲਈ ਇਕ ਕੀਤਾ। 56 ਰੈਲੀਆਂ ਕੀਤੀਆਂ, ਜਿਨ੍ਹਾਂ ’ਚ 54 ਸੀਟਾਂ ਕਾਂਗਰਸ ਜਿੱਤੀ ਤੇ ਮਾਝੇ ’ਚ 25 ਰੈਲੀਆਂ ਕੀਤੀਆਂ ਅਤੇ 24 ਸੀਟਾਂ ’ਤੇ ਕਾਂਗਰਸ ਜਿੱਤੀ। ਇਸ ਤੋਂ ਪਹਿਲਾਂ ਮੈਨੂੰ ਕਾਂਗਰਸ ’ਚ ਲਿਆਉਣ ਲਈ 50 ਵਾਰ ਪ੍ਰਸ਼ਾਂਤ ਕਿਸ਼ੋਰ ਮੇਰੇ ਕੋਲ ਆਏ ਅਤੇ ਮੈਂ ਪੰਜਾਬ ਸਰਕਾਰ ’ਚ ਕਾਬਿਜ਼ ਹੋਣ ਵਾਲਿਆਂ ਰਾਹੀਂ ਕਾਂਗਰਸ ’ਚ ਨਹੀਂ ਆਇਆ ਸੀ। ਉਨ੍ਹਾਂ ਆਖਿਆ ਕਿ ਪੰਜਾਬ ਕੇ ਸਿਸਟਮ ’ਤੇ ਕਾਬਿਜ਼ ਲੋਕ ਇਹ ਨਾ ਭੁੱਲਣ ਕਿ ਕਾਂਗਰਸ ਸਰਕਾਰ ਨੂੰ ਬਣਾਉਣ ’ਚ ਨਵਜੋਤ ਸਿੱਧੂ ਦਾ ਅਹਿਮ ਰੋਲ ਹੈ। ਸਿੱਧੂ ਨੂੰ ਜਦੋਂ ਪੁੱਛਿਆ ਗਿਆ ਕਿ ਹਰੀਸ਼ ਰਾਵਤ ਨੇ ਇਹ ਆਖਿਆ ਸੀ ਕਿ ਆਉਣ ਵਾਲੀਆਂ ਪੰਜਾਬ ਦੀਆਂ ਚੋਣਾਂ ’ਚ ਕੈ. ਅਮਰਿੰਦਰ ਸਿੰਘ ਹੀ ਸੀ. ਐੱਮ. ਦਾ ਚਿਹਰਾ ਹੋਣਗੇ। ਇਸ ਤੋਂ ਬਾਅਦ ਬਕਾਇਦਾ ਕੈਪਟਨ ਇਕ ਹੀ ਹੁੰਦਾ ਹੈ, ਦੀ ਵਾਰ ਵੀ ਚੱਲੀ ਤਾਂ ਉਨ੍ਹਾਂ ਆਖਿਆ ਕਿ ਇਹ ਗੱਲ ਠੀਕ ਨਹੀਂ ਹੈ। ਸੀ. ਐੱਮ. ਦਾ ਚਿਹਰਾ ਕੌਣ ਹੋਵੇਗਾ, ਇਸ ’ਤੇ ਫੈਸਲਾ ਅਜੇ ਹਾਈਕਮਾਂਡ ਨੇ ਨਹੀਂ ਕੀਤਾ। ਇਹ ਹਾਈਕਮਾਂਡ ਹੀ ਦੱਸੇਗੀ ਕਿ ਸੀ. ਐੱਮ. ਦਾ ਚਿਹਰਾ ਕੌਣ ਹੋਵੇਗਾ।

2 ਪਰਿਵਾਰਾਂ ਦੀਆਂ ਯਾਰੀਆਂ ਨੇ ਹੀ ਕੀਤਾ ਪੰਜਾਬ ਦਾ ਬੇੜਾ ਗਰਕ
ਨਵਜੋਤ ਸਿੰਘ ਸਿੱਧੂ ਨੇ ਡਰੱਗਜ਼ ਦੇ ਮੁੱਦੇ ’ਤੇ ਆਖਿਆ ਕਿ ਸੂਬੇ ਦੇ 2 ਵੱਡੇ ਪਰਿਵਾਰਾਂ ਦੀਆਂ ਯਾਰੀਆਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਉਨ੍ਹਾਂ ਆਖਿਆ ਕਿ ਡਰੱਗਜ਼ ਦੇ ਸਕੈਂਡਲ ’ਚ ਭੋਲੇ ਦੇ ਬਿਆਨ ਨੇ ਸਪੱਸ਼ਟ ਤੌਰ ’ਤੇ ਜਿਨ੍ਹਾਂ ਅਕਾਲੀ ਨੇਤਾਵਾਂ ਦਾ ਨਾਂ ਲਿਆ, ਉਨ੍ਹਾਂ ਨਾਲ ਲੁਕ ਕੇ ਜੱਫੀਆਂ ਪਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਪੰਜਾਬ ਦਾ ਭਲਾ ਕਿਸ ਤਰ੍ਹਾਂ ਹੋਵੇਗਾ। ਉਨ੍ਹਾਂ ਬਾਦਲ ਅਤੇ ਮਜੀਠੀਆ ਖਿਲਾਫ ਕਾਰਵਾਈ ਨਾ ਕਰਨ ’ਤੇ ਕੈ. ਅਮਰਿੰਦਰ ਸਿੰਘ ਨੂੰ ਮਚਲਾ ਵੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ, ਡਰੱਗਜ਼ ਮਾਫੀਆ ਦੇ ਦੋਸ਼ੀਆਂ ਖਿਲਾਫ ਕਾਰਵਾਈ ਹੋ ਜਾਵੇ ਤਾਂ ਅੱਜ ਵੀ ਪੰਜਾਬ ਦਾ ਭਲਾ ਹੋ ਸਕਦਾ ਹੈ। ਸਿੱਧੂ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਢੇ 4 ਸਾਲ ’ਚ ਸਰਕਾਰ ਖ਼ਿਲਾਫ਼ ਬੋਲਣ ਅਤੇ ਨਵਜੋਤ ਸਿੰਘ ਸਿੱਧੂ ਨੂੰ ਨਸੀਹਤਾਂ ਦੇਣ ਦੇ ਮਾਮਲੇ ’ਚ ਕਿਹਾ ਕਿ ਪ੍ਰਤਾਪ ਬਾਜਵਾ ਉਨ੍ਹਾਂ ਦੇ ਭਰਾ ਹਨ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਬਾਜਵਾ ਸਾਢੇ 4 ਸਾਲ ਬਾਅਦ ਮੌਜੂਦਾ ਸਰਕਾਰ ਲਈ ਪਾਜ਼ੇਟਿਵ ਬੋਲ ਰਹੇ ਹਨ ਤਾਂ ਉਨ੍ਹਾਂ ਫਿਰ ਕਿਹਾ ਕਿ ਬਾਜਵਾ ਮੇਰੇ ਭਰਾ ਹਨ। ਸਿੱਧੂ ਨੇ ਕੈਪਟਨ ਤੇ ਬਾਜਵਾ ਦੀ ਨੇੜਤਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਆਪਣੇ ਜਾਣੇ-ਪਛਾਣੇ ਅੰਦਾਜ਼ ’ਚ ਗੱਲ ਨੂੰ ਘੁਮਾ ਦਿੱਤਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News