ਨਵਜੋਤ ਸਿੱਧੂ ਨੇ 274.33 ਕਰੋੜ ਦੇ ਐੱਲ. ਈ. ਡੀ. ਪ੍ਰਾਜੈਕਟ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ

Tuesday, Aug 07, 2018 - 06:26 AM (IST)

ਨਵਜੋਤ ਸਿੱਧੂ ਨੇ 274.33 ਕਰੋੜ ਦੇ ਐੱਲ. ਈ. ਡੀ. ਪ੍ਰਾਜੈਕਟ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ

ਜਲੰਧਰ, (ਖੁਰਾਣਾ)- ਪੰਜਾਬ ਵਿਚ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੇ  ਪਿਛਲੇ ਸਾਲ ਸੱਤਾ ਤੋਂ ਵਿਦਾ ਹੋਣ ਤੋਂ ਕੁਝ ਸਮਾਂ ਪਹਿਲਾਂ ਜਲੰਧਰ ਸ਼ਹਿਰ ਦੀਆਂ ਸਾਰੀਆਂ  65 ਹਜ਼ਾਰ ਸਟ੍ਰੀਟ ਲਾਈਟਾਂ ਨੂੰ ਉਤਾਰ ਕੇ ਉਨ੍ਹਾਂ ਦੀ ਥਾਂ ਨਵੀਆਂ ਐੱਲ. ਈ. ਡੀ. ਸਟ੍ਰੀਟ  ਲਾਈਟਾਂ ਲਾਉਣ ਲਈ ਜਿਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ,  ਉਹ ਪ੍ਰਾਜੈਕਟ ਹੁਣ ਰੁਕ ਗਿਆ  ਹੈ ਕਿਉਂਕਿ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ 274.33 ਕਰੋੜ ਦੇ  ਇਸ ਪ੍ਰਾਜੈਕਟ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਲੋਕਲ ਬਾਡੀਜ਼ ਦੇ ਚੀਫ  ਵਿਜੀਲੈਂਸ ਅਫਸਰ ਇਸ ਪ੍ਰਾਜੈਕਟ ਦੇ ਕਾਂਟ੍ਰੈਕਟ ਵਿਚ ਪਾਈਆਂ ਜਾਣ ਵਾਲੀਆਂ ਖਾਮੀਆਂ ਦੀ  ਜਾਂਚ ਕਰ ਕੇ ਮੰਤਰੀ ਨੂੰ ਰਿਪੋਰਟ ਸੌਂਪਣਗੇ। ਨਵਜੋਤ ਸਿੱਧੂ ਨੇ ਇਸ ਪ੍ਰਾਜੈਕਟ ਦਾ  ਫਾਈਨਾਂਸ਼ੀਅਲ ਆਡਿਟ ਕਰਵਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ। ਇਹ ਆਡਿਟ ਥਰਡ ਪਾਰਟੀ ਏਜੰਸੀ  ਵਲੋਂ ਕੀਤਾ ਜਾਵੇਗਾ ਅਤੇ ਇਸ ਆਡਿਟ ਦੌਰਾਨ ਵਿੱਤੀ ਗੜਬੜਾਂ ਸਾਹਮਣੇ ਆ ਜਾਣਗੀਆਂ। 
ਜ਼ਿਕਰਯੋਗ  ਹੈ ਕਿ ਮਾਡਲ ਟਾਊਨ ਖੇਤਰ ਤੋਂ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਨੇ ਇਸ ਪ੍ਰਾਜੈਕਟ ਵਿਚ  ਕਮੀਆਂ ਅਤੇ ਨਿਗਮ ਨੂੰ ਹੋ ਰਹੇ ਕਰੋੜਾਂ ਰੁਪਏ ਦੇ ਵਿੱਤੀ ਨੁਕਸਾਨ ਦੇ ਮੁੱਦੇ ਨੂੰ ਲੈ ਕੇ  ਇਨ੍ਹੀਂ ਦਿਨੀਂ ਮੁਹਿੰਮ ਛੇੜੀ ਹੋਈ ਹੈ। ਪਿਛਲੇ ਦਿਨੀਂ ਕੌਂਸਲਰ ਰੋਹਨ ਸਹਿਗਲ ਨੇ ਮੰਤਰੀ  ਨਵਜੋਤ ਸਿੱਧੂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਜਲੰਧਰ ਦੇ ਐੱਲ. ਈ. ਡੀ. ਪ੍ਰਾਜੈਕਟ  ਵਿਚ ਹੋਈ ਘਪਲੇਬਾਜ਼ੀ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਸ਼੍ਰੀ ਸਿੱਧੂ ਨੇ ਅੱਜ  ਸੋਮਵਾਰ ਨੂੰ ਚੰਡੀਗੜ੍ਹ ਵਿਚ ਇਸ ਮਾਮਲੇ ਸਬੰਧੀ ਬੈਠਕ ਬੁਲਾਈ, ਜਿਸ ਵਿਚ ਰੋਹਣ ਸਹਿਗਲ  ਤੋਂ ਇਲਾਵਾ ਜਲੰਧਰ ਦੇ ਮੇਅਰ ਜਗਦੀਸ਼ ਰਾਜਾ, ਨਿਗਮ ਕਮਿਸ਼ਨਰ ਦੀਪਰਵ ਲਾਕੜਾ, ਪ੍ਰਿੰਸੀ.  ਸੈਕਟਰੀ ਵੇਣੂ ਪ੍ਰਸਾਦ, ਸੀਨੀਅਰ ਆਈ. ਏ. ਐੱਸ. ਅਧਿਕਾਰੀ ਅਜਾਏ ਸ਼ਰਮਾ ਅਤੇ ਚੀਫ  ਇੰਜੀਨੀਅਰ ਆਦਿ ਮੌਜੂਦ ਸਨ।
ਬੈਠਕ ਵਿਚ ਰੋਹਣ ਸਹਿਗਲ ਨੇ ਸਪੱਸ਼ਟ ਦੋਸ਼ ਲਾਏ ਕਿ  ਕਾਂਟ੍ਰੈਕਟ ਕਰਦੇ ਸਮੇਂ ਪੀ. ਸੀ. ਪੀ. ਇੰਟਰਨੈਸ਼ਨਲ ਲਿਮਟਿਡ ਚੰਡੀਗੜ੍ਹ ਨੂੰ ਕਰੋੜਾਂ  ਰੁਪਏ ਦਾ ਫਾਇਦਾ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਕੰਪਨੀ ਦਾ ਟਾਈਅੱਪ ਐੱਚ. ਕਿਊ.  ਕੰਪਨੀ ਦੇ ਨਾਲ ਹੈ ਜਦੋਂਕਿ ਐੱਚ. ਕਿਉ. ਕੰਪਨੀ ਐਨਰਜੀ ਐਫੀਸ਼ਿਐਂਸੀ ਸਰਵਿਸਿਜ਼ ਵਲੋਂ ਬਲੈਕ  ਲਿਸਟ ਐਲਾਨ ਕੀਤੀ ਜਾ ਚੁੱਕੀ ਹੈ। 274 ਕਰੋੜ ਦਾ ਟੈਂਡਰ ਸਿੰਗਲ ਬਿਡ ਆਧਾਰ 'ਤੇ ਅਲਾਟ  ਕਰ ਦਿੱਤਾ ਗਿਆ ਅਤੇ ਟੈਂਡਰ ਅਲਾਟ ਕਰਦੇ ਸਮੇਂ ਕੰਪਨੀ ਦਾ ਪੱਖ ਲੈ ਕੇ ਕਈ ਸ਼ਰਤਾਂ ਨਰਮ ਕਰ  ਦਿੱਤੀਆਂ ਗਈਆਂ ਜਿਸ ਨਾਲ ਨਿਗਮ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਣ ਜਾ ਰਿਹਾ ਹੈ। ਦੂਜੇ  ਪਾਸੇ ਲੁਧਿਆਣਾ ਵਿਚ ਜੋ ਅਜਿਹਾ ਕਾਂਟ੍ਰੈਕਟ ਅਲਾਟ ਕੀਤਾ ਗਿਆ ਹੈ, ਉਹ ਜਲੰਧਰ ਨਾਲੋਂ  ਕਿਤੇ ਸਸਤਾ ਹੈ।
ਰੋਹਣ ਸਹਿਗਲ ਨੇ ਬੈਠਕ ਵਿਚ ਕੰਪਨੀ ਨੂੰ ਵਿੱਤੀ ਲਾਭ ਪਹੁੰਚਾਉਣ ਦੇ  ਕਈ ਹੋਰ ਦੋਸ਼ ਲਾਏ ਜਿਸ ਤੋਂ ਬਾਅਦ ਸ਼੍ਰੀ ਸਿੱਧੂ ਨੇ ਕੰਪਨੀ ਦੇ ਨੁਮਾਇੰਦੇ ਨੂੰ ਵੀ ਪੱਖ  ਰੱਖਣ ਦਾ ਮੌਕਾ ਦਿੱਤਾ। ਕੰਪਨੀ ਦੇ ਐੱਮ. ਡੀ. ਨੇ ਮੰਨਿਆ ਕਿ ਉਨ੍ਹਾਂ ਨੂੰ ਸਿੰਗਲ ਬਿਡ  ਆਧਾਰ 'ਤੇ ਟੈਂਡਰ ਮਿਲਿਆ। ਕੰਪਨੀ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਰੋਹਣ ਸਹਿਗਲ ਵਲੋਂ  ਕੰਪਨੀ ਦੇ ਕੰਮ ਵਿਚ ਅੜਿੱਕੇ ਪਾਏ ਜਾ ਰਹੇ ਹਨ। 
ਸ਼੍ਰੀ ਸਿੱਧੂ ਨੇ ਦੋਹਾਂ ਧਿਰਾਂ ਦੀ  ਗੱਲ ਸੁਣਨ ਤੋਂ ਬਾਅਦ ਪ੍ਰਾਜੈਕਟ ਵਿਚ ਘਪਲੇਬਾਜ਼ੀ ਦੇ ਸ਼ੱਕ ਨੂੰ ਦੇਖਦਿਆਂ ਇਸ ਨੂੰ ਸੀ.  ਵੀ. ਓ. ਨੂੰ ਜਾਂਚ ਲਈ ਸੌਂਪ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਦੌਰਾਨ ਵਿਰੋਧੀ  ਧਿਰ ਵਿਚ ਬੈਠੀ ਕਾਂਗਰਸ ਨੇ ਇਸ ਪ੍ਰਾਜੈਕਟ ਵਿਚ ਹੋਈ ਘਪਲੇਬਾਜ਼ੀ ਨੂੰ ਲੈ ਕੇ ਖੂਬ ਰੌਲਾ  ਪਾਇਆ ਸੀ। ਉਸ ਸਮੇਂ ਵਿਰੋਧੀ ਧਿਰ ਦੇ ਆਗੂ ਜਗਦੀਸ਼ ਰਾਜਾ (ਜੋ ਇਸ ਸਮੇਂ ਜਲੰਧਰ ਦੇ ਮੇਅਰ  ਹਨ) ਨੇ ਵੀ ਪ੍ਰਾਜੈਕਟ ਵਿਚ ਕਈ ਗੜਬੜਾਂ ਦੇ ਦੋਸ਼ ਲਾਏ ਸੀ।

ਲੋਕਲ ਬਾਡੀਜ਼ ਨਾਲ ਜੁੜੇ ਦੋ ਅਧਿਕਾਰੀਆਂ ’ਤੇ ਕੰਪਨੀ ਦਾ ਪੱਖ ਲੈਣ ਦਾ ਦੋਸ਼
ਕੌਂਸਲਰ  ਰੋਹਣ ਸਹਿਗਲ ਨੇ ਬੈਠਕ ਵਿਚ ਸਪੱਸ਼ਟ ਦੋਸ਼ ਲਾਇਆ ਕਿ ਲੋਕਲ ਬਾਡੀਜ਼ ਵਿਭਾਗ ਨੇ ਜੁੜੇ ਦੋ ਉਚ  ਅਧਿਕਾਰੀਆਂ ਨੇ ਪੀ. ਸੀ. ਪੀ. ਕੰਪਨੀ ਦਾ ਖੁੱਲ੍ਹ ਕੇ ਪੱਖ ਲਿਆ। 
ਇਸ ਬਾਰੇ ਜਦੋਂ  ਉਨ੍ਹਾਂ ਸਬੂਤ ਪੇਸ਼ ਕੀਤੇ ਤਾਂ ਮੰਤਰੀ ਨਵਜੋਤ ਸਿੱਧੂ ਨੇ ਕੰਪਨੀ ਦੇ ਐੱਮ.  ਡੀ. ਕੋਲੋਂ  ਸਪੱਸ਼ਟ ਪੁੱਛਿਆ ਕਿ ਕੀ ਤੁਹਾਡਾ ਕੋਈ ਰਿਸ਼ਤੇਦਾਰ ਵਿਭਾਗ ਵਿਚ ਲੱਗਾ ਹੈ? ਜਦੋਂ ਐੱਮ. ਡੀ.  ਨੇ ਆਪਣੀ ਪਤਨੀ ਦੇ ਫੁੱਫੜ ਦਾ ਨਾਂ ਲਿਆ ਜੋ ਲੋਕਲ ਬਾਡੀਜ਼ ਵਿਚ ਉਚ ਅਹੁਦੇ 'ਤੇ ਹੈ ਅਤੇ  ਕਾਂਟ੍ਰੈਕਟ 'ਤੇ ਉਨ੍ਹਾਂ ਦੇ ਵੀ ਹਸਤਾਖਰ ਹਨ ਤਾਂ ਨਵਜੋਤ ਸਿੱਧੂ ਕਾਫੀ ਹੈਰਾਨ ਹੋਏ ਅਤੇ  ਉਨ੍ਹਾਂ ਨੂੰ ਸਾਰਾ ਮਾਮਲਾ ਸਮਝਣ ਵਿਚ ਦੇਰ ਨਹੀਂ ਲੱਗੀ। ਸ਼੍ਰੀ ਸਿੱਧੂ ਨੇ ਸਾਫ ਸ਼ਬਦਾਂ  ਵਿਚ ਕਿਹਾ ਕਿ ਉਹ ਸਰਕਾਰੀ ਪੈਸਿਆਂ ਦੀ ਲੁੱਟ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਤੇ ਦੋਸ਼ੀਆਂ  ਨੂੰ ਬਖਸ਼ਿਆ ਨਹੀਂ ਜਾਵੇਗਾ।
 


Related News