ਨਵਜੋਤ ਸਿੱਧੂ ਦੇ ਬਿਆਨਾਂ ’ਤੇ ਕੈਪਟਨ ਵਲੋਂ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ, ਦਿੱਤੀ ਚੋਣ ਲੜਨ ਦੀ ਚੁਣੌਤੀ
Tuesday, Apr 27, 2021 - 06:36 PM (IST)
ਚੰਡੀਗੜ੍ਹ : ਬੇਅਦਬੀ ਗੋਲ਼ੀ ਕਾਂਡ ਮਾਮਲੇ ’ਤੇ ਨਵਜੋਤ ਸਿੱਧੂ ਵਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁੱਪੀ ਤੋੜਦੇ ਹੋਏ ਸਿੱਧੂ ਨੂੰ ਹੁਣ ਤਕ ਦਾ ਸਭ ਤੋਂ ਤਿੱਖਾ ਜਵਾਬ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਨਵਜੋਤ ਸਿੱਧੂ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਧਾਇਕ ਆਪਣੇ ਹੀ ਮੁੱਖ ਮੰਤਰੀ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ’ਚ ਹੈ।
ਇਹ ਵੀ ਪੜ੍ਹੋ : ਸੂਬਾ ਸਰਕਾਰ ਦੀਆਂ ਨਵੀਂਆਂ ਪਾਬੰਦੀਆਂ, ਪੰਜਾਬ ਦੇ ਨਿੱਜੀ ਦਫ਼ਤਰਾਂ ਨੂੰ ਸਿਰਫ਼ ਘਰੋਂ ਕੰਮ ਕਰਨ ਦੇ ਹੁਕਮ
ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜਨੀ ਚਾਹੁੰਦਾ ਹੈ ਤਾਂ ਸ਼ੌਂਕ ਨਾਲ ਲੜੇ ਪਰ ਪਿਛਲੀਆਂ ਚੋਣਾਂ ਵਿਚ ਜਿਹੜਾ ਹਾਲ ਜੇ. ਜੇ. ਸਿੰਘ ਦਾ ਹੋਇਆ ਸੀ ਉਹ ਨਾ ਭੁੱਲੇ। ਉਨ੍ਹਾਂ ਕਿਹਾ ਕਿ ਸਿੱਧੂ ਪਟਿਆਲਾ ਤੋਂ ਚੋਣ ਲੜ ਕੇ ਦੇਖ ਲਵੇ ਜੇ. ਜੇ. ਸਿੰਘ ਵਾਂਗ ਉਸ ਦੀ ਵੀ ਜ਼ਮਾਨਤ ਜ਼ਬਤ ਹੋ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਲਈ ਸਰਕਾਰ ਵਲੋਂ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ
ਕੈਪਟਨ ਨੇ ਕਿਹਾ ਕਿ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਿਸ ਪਾਰਟੀ ਵਿਚ ਹੈ, ਜੇਕਰ ਉਹ ਕਾਂਗਰਸ ਵਿਚ ਹੈ ਤਾਂ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰੇ। ਉਨ੍ਹਾਂ ਕਿਹਾ ਕਿ ਸਿੱਧੂ ਪਹਿਲਾਂ ਇਹ ਸਪੱਸ਼ਟ ਕਰੇ ਸਿੱਧੂ ਜਾਣਾ ਕਿਸ ਪਾਰਟੀ ’ਚ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਹ ਗਾਲ੍ਹਾਂ ਕੱਢ ਕੇ ਨਿਕਲਿਆ ਹੈ, ਭਾਜਪਾ ਨੇ ਇਸ ਨੂੰ ਲੈਣਾ ਨਹੀਂ ਜਦਕਿ ਅਕਾਲੀ ਦਲ ਸਿੱਧੂ ਤੋਂ ਉਂਝ ਹੀ ਔਖਾ ਹੈ, ਫਿਰ ਇਹ ਜਾਵੇਗਾ ਕਿਸ ਪਾਰਟੀ ’ਚ।
ਇਹ ਵੀ ਪੜ੍ਹੋ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਪ੍ਰਾਈਵੇਟ ਸਕੂਲ ਖ਼ਿਲਾਫ਼ ਸਰਕਾਰ ਦੀ ਵੱਡੀ ਕਾਰਵਾਈ, ਐੱਨ. ਓ. ਸੀ. ਰੱਦ
ਸਿੱਧੂ ਵਲੋਂ ਲਗਾਤਾਰ ਕੀਤੇ ਜਾ ਰਹੇ ਹਨ ਕੈਪਟਨ ’ਤੇ ਹਮਲੇ
ਬੇਅਦਬੀ ਗੋਲ਼ੀ ਕਾਂਡ ’ਤੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਕੈਪਟਨ ਅਮਰਿੰਦਰ ਸਿੰਘ ’ਤੇ ਲਗਾਤਾਰ ਹਮਲੇ ਬੋਲੇ ਜਾ ਰਹੇ ਹਨ। ਇਥੇ ਹੀ ਬਸ ਨਹੀਂ ਨਵਜੋਤ ਸਿੱਧੂ ਨੇ ਪਟਿਆਲੇ ਵਿਚ ਪ੍ਰੈੱਸ ਕਾਨਫਰੰਸ ਕਰਕੇ ਨਾ ਸਿਰਫ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਸਗੋਂ ਬੇਅਦਬੀ ਮੁਲਜ਼ਮਾਂ ਨਾਲ ਮਿਲੀ ਭੁਗਤ ਦੋਸ਼ ਵੀ ਲਗਾਏ। ਇਕ ਟਵੀਟ ਵਿਚ ਸਿੱਧੂ ਨੇ ਇਥੋਂ ਤਕ ਆਖ ਦਿੱਤਾ ਕਿ ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ ? ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜ੍ਹਣੀ ਅਤੇ ਸਿਰਫ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਨਾਉਣ ਦਾ ਮਤਲਬ ਹੈ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ ’ਚ ਨਹੀਂ ਹੈ। ਫਿਰ ਐਡਵੋਕੇਟ ਜਨਰਲ ਦੀ ਲਗਾਮ ਕਿਸ ਦੇ ਹੱਥ ਹੈ ? ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ਼ ਪਿਆਦੇ ਹਨ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਤੇ ਨਵਜੋਤ ਸਿੱਧੂ ਦਾ ‘12ਵਾਂ’ ਟਵੀਟ, ਫਿਰ ਕੀਤਾ ਵੱਡਾ ਧਮਾਕਾ
ਇਕ ਹੋਰ ਟਵੀਟ ਵਿਚ ਸਿੱਧੂ ਨੇ ਕਿਹਾ ਸੀ ਕਿ ਜੇ ਚਾਰਜਸ਼ੀਟ ਵਿਚ ਪ੍ਰਕਾਸ਼ ਸਿੰਘ ਤੇ ਸੁਖਬੀਰ ਬਾਦਲ ਦੇ ਨਾਮ ਆਉਣ ਤੋਂ ਦੋ ਸਾਲ ਬਾਅਦ ਵੀ ਉਨ੍ਹਾਂ ਖ਼ਿਲਾਫ਼ ਚਲਾਨ ਪੇਸ਼ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਨਾਮ ਐੱਫ. ਆਈ. ਆਰ ’ਚ ਪਾਇਆ ਗਿਆ ਤਾਂ ਸਾਨੂੰ ਇਨਸਾਫ਼ ਕਿਵੇਂ ਮਿਲੇਗਾ ? ਇਨ੍ਹਾਂ ਦੋਹਾਂ ਵਿਰੁੱਧ ਸਬੂਤ ਅਦਾਲਤ ਸਾਹਮਣੇ ਕਿਉਂ ਪੇਸ਼ ਨਹੀਂ ਕੀਤੇ ਗਏ ? ਪੰਜਾਬ ਦੇ ਸਭ ਤੋਂ ਅਹਿਮ ਇਸ ਕੇਸ ਨੂੰ ਠੰਢੇ ਬਸਤੇ ’ਚ ਪਾਉਣ ਅਤੇ ਲੀਹੋਂ ਲਾਹੁਣ ਲਈ ਕੌਣ ਜ਼ਿੰਮੇਵਾਰ ਹੈ ?
ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ’ਚ ‘ਖਾਲਸਾ ਏਡ’ ਵਾਲੇ ਰਵੀ ਸਿੰਘ ਦੀ ਪੰਜਾਬ ਸਰਕਾਰ ਨੂੰ ਵੱਡੀ ਪੇਸ਼ਕਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?