ਪੰਜਾਬ ਦੇ ਪੋਸਟਰ ਬੁਆਇਜ਼ 'ਸਿੱਧੂ-ਚੰਨੀ' ਕਾਂਗਰਸ ਦੇ ਚਿੰਤਨ ਕੈਂਪ ਤੋਂ ਗਾਇਬ, ਹਾਈਕਮਾਨ ਨੇ ਬਣਾਈ ਦੂਰੀ
Saturday, May 14, 2022 - 01:46 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਜਿਨ੍ਹਾਂ 2 ਨੇਤਾਵਾਂ ਦੇ ਦਮ ’ਤੇ ਕਾਂਗਰਸ ਨੇ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਦੋਵਾਂ ਤੋਂ ਹੀ ਪਾਰਟੀ ਨੇ ਹੁਣ ਦੂਰੀ ਬਣਾ ਲਈ ਹੈ। ਉਦੈਪੁਰ ਵਿਚ 13 ਤੋਂ 15 ਮਈ ਤੱਕ ਹੋਣ ਵਾਲੇ ਕਾਂਗਰਸ ਦੇ ਚਿੰਤਨ ਕੈਂਪ ਵਿਚ ਇਨ੍ਹਾਂ ਦੋਵਾਂ ਹੀ ਆਗੂਆਂ ਨੂੰ ਸੱਦਾ ਨਹੀਂ ਦਿੱਤਾ ਗਿਆ। ਸਾਲ 2021 ਵਿਚ ਪੰਜਾਬ ਵਿਚ ਕੀਤੇ ਗਏ ਵੱਡੇ ਬਦਲਾਅ ਦੇ ਚੱਲਦਿਆਂ ਰਾਹੁਲ-ਪ੍ਰਿਯੰਕਾ ਦੇ ਖਾਸਮ-ਖ਼ਾਸ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਤੇ ਕੁੱਝ ਸਮੇਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਪਾਰਟੀ ਨੇ ਆਪਣੇ 2 ਪ੍ਰਮੁੱਖ ਆਗੂਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਨਾਰਾਜ਼ ਕਰਕੇ ਇਨ੍ਹਾਂ ਦੋਵਾਂ ਨੂੰ ਚੋਣਾਂ ਵਿਚ ਜ਼ਿੰਮੇਵਾਰੀ ਦੇਣ ਦਾ ਵੱਡਾ ਦਾਅ ਖੇਡਿਆ ਸੀ, ਜੋ ਬਿਲਕੁਲ ਉਲਟਾ ਪਿਆ।
ਇਹ ਵੀ ਪੜ੍ਹੋ : 'ਸੁਨੀਲ ਜਾਖੜ' ਅੱਜ ਕੱਢਣਗੇ ਮਨ ਦੀ ਭੜਾਸ, 12 ਵਜੇ ਫੇਸਬੁੱਕ 'ਤੇ ਹੋਣਗੇ ਲਾਈਵ
ਚੰਨੀ ਨੂੰ ਤਾਂ ਪਾਰਟੀ ਨੇ ਦੇਸ਼ ਭਰ ਵਿਚ ਵੱਡੇ ਦਲਿਤ ਚਿਹਰੇ ਦੇ ਤੌਰ ’ਤੇ ਉਭਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਆਪਣੀ ਚਮਕੌਰ ਸਾਹਿਬ ਸੀਟ ਦੇ ਨਾਲ ਹੀ ਭਦੌੜ ਤੋਂ ਵੀ ਬੁਰੀ ਤਰ੍ਹਾਂ ਚੋਣ ਹਾਰ ਗਏ। ਨਵਜੋਤ ਸਿੰਘ ਸਿੱਧੂ ਨੂੰ ਵੀ ਪਹਿਲੀ ਚੋਣ ਹਾਰ ਆਪਣੀ ਅੰਮ੍ਰਿਤਸਰ ਪੂਰਬੀ ਸੀਟ ਤੋਂ ਦੇਖਣ ਨੂੰ ਮਿਲੀ ਜਦੋਂ ਕਿ ਉਹ 2004 ਤੋਂ ਸਿਆਸੀ ਤੌਰ ’ਤੇ ਅੰਮ੍ਰਿਤਸਰ ਨਾਲ ਜੁੜੇ ਹਨ। ਹੁਣ ਇਨ੍ਹਾਂ ਦੋਵਾਂ ਨੇਤਾਵਾਂ ਤੋਂ ਦੂਰੀ ਬਣਾਉਣ ਪਿੱਛੇ ਵੱਡਾ ਕਾਰਣ ਇਹੀ ਹੈ ਕਿ ਪਾਰਟੀ ਕਰੀਬ 425 ਸੀਨੀਅਰ ਨੇਤਾਵਾਂ ਦੇ ਜਮਾਵੜੇ ਵਾਲੇ ਇਸ ਚਿੰਤਨ ਕੈਂਪ ਵਿਚ ਆਪਣੀ ਫਜ਼ੀਹਤ ਤੋਂ ਬਚਣਾ ਚਾਹੁੰਦੀ ਹੈ। ਪਹਿਲਾਂ ਤੋਂ ਪਾਰਟੀ ਵਿਚ ਜੀ-23 ਦੇ ਰੂਪ ਵਿਚ ਸੀਨੀਅਰ ਨੇਤਾਵਾਂ ਦੇ ਅਸੰਤੁਸ਼ਟ ਧੜੇ ਦਾ ਸਾਹਮਣਾ ਕਰਨ ਤੋਂ ਕਤਰਾ ਰਹੀ ਕਾਂਗਰਸ ਹਾਈਕਮਾਨ ਨਹੀਂ ਚਾਹੁੰਦੀ ਸੀ ਕਿ ਚੰਨੀ ਦੀ ਹਾਜ਼ਰੀ ਇਸ ਚਿੰਤਨ ਕੈਂਪ ਵਿਚ ਹੋਵੇ ਕਿਉਂਕਿ ਆਪਣੇ ਭਾਣਜੇ ਕਾਰਣ ਉਨ੍ਹਾਂ ’ਤੇ ਵੀ ਭ੍ਰਿਸ਼ਟਾਚਾਰ ਦਾ ਦੋਸ਼ ਵਿਰੋਧੀ ਨੇਤਾ ਲਗਾਉਂਦੇ ਰਹੇ ਹਨ।
ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਨੂੰ CM ਮਾਨ ਦੀ ਵੱਡੀ ਚਿਤਾਵਨੀ, ਪੁਲਸ ਨੂੰ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਜ਼ਿਕਰਯੋਗ ਹੈ ਕਿ ਚੰਨੀ ਦੇ ਭਾਣਜੇ ਤੋਂ ਕਰੋੜਾਂ ਰੁਪਏ ਦੀ ਬਰਾਮਦਗੀ ਈ. ਡੀ. ਨੇ ਕੀਤੀ ਸੀ ਅਤੇ ਉਸ ਨੂੰ ਹੁਣ ਤੱਕ ਜ਼ਮਾਨਤ ਤੱਕ ਨਹੀਂ ਮਿਲ ਸਕੀ ਹੈ। ਅਜਿਹੇ ਵਿਚ ਪਾਰਟੀ ਨੇਤਾਵਾਂ ਵੱਲੋਂ ਚੰਨੀ ਤੋਂ ਜਵਾਬ ਤਲਬੀ ਦੀ ਉਮੀਦ ਹਾਈਕਮਾਨ ਨੂੰ ਸੀ। ਅਜਿਹੀ ਕਿਸੇ ਰੁਸਵਾਈ ਤੋਂ ਬਚਣ ਲਈ ਆਪਣੇ ਸਾਬਕਾ ਮੁੱਖ ਮੰਤਰੀ ਨੂੰ ਚਿੰਤਨ ਕੈਂਪ ਵਿਚ ਨਾ ਬੁਲਾ ਕੇ ਹੀ ਉਸ ਨੇ ਭਲਾਈ ਸਮਝੀ। ਦੂਜੇ ਪਾਸੇ ਨਵਜੋਤ ਸਿੱਧੂ ਦੇ ਤੌਰ-ਤਰੀਕੇ ਵੀ ਪਾਰਟੀ ਹਾਈਕਮਾਨ ਨੂੰ ਰਾਸ ਨਹੀਂ ਆ ਰਹੇ। ਸਿੱਧੂ ਖ਼ਿਲਾਫ਼ ਪੰਜਾਬ ਵਿਚ ਸੰਗਠਨ ਦੇ ਸਮਾਂਤਰ ਆਪਣੇ ਵੱਖਰੇ ਪ੍ਰੋਗਰਾਮ ਰੱਖਣ ਦੀ ਸ਼ਿਕਾਇਤ ਵੀ ਹਾਈਕਮਾਨ ਤੱਕ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ : ਵਿਦਿਆਰਥਣਾਂ ਨਾਲ ਰਾਤ ਨੂੰ ਘਟੀਆ ਹਰਕਤ ਕਰਦਾ ਸੀ ਸਰਕਾਰੀ ਸਕੂਲ ਦਾ ਅਧਿਆਪਕ, ਹੋਈ ਵੱਡੀ ਕਾਰਵਾਈ
ਪਾਰਟੀ ਵਿਚ ਇਕ ਵੱਡਾ ਵਰਗ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਸਮੇਂ ਤੋਂ ਹੀ ਕਹਿੰਦਾ ਆਇਆ ਹੈ ਕਿ ਦੂਜੇ ਦਲਾਂ ਤੋਂ ਆਏ ਕਿਸੇ ਨੇਤਾ ਨੂੰ ਇੰਨੀ ਜਲਦੀ ਸੰਗਠਨ ਦਾ ਜ਼ਿੰਮਾ ਨਹੀਂ ਸੌਂਪਣਾ ਚਾਹੀਦਾ ਸੀ। ਖ਼ਾਸ ਗੱਲ ਇਹ ਹੈ ਕਿ 2018 ਦੇ ਕਾਂਗਰਸ ਇਕੱਠ ਵਿਚ ਨਵਜੋਤ ਸਿੱਧੂ ਨੂੰ ਮੰਚ ਤੋਂ ਬੋਲਣ ਦਾ ਸਮਾਂ ਵੀ ਮਿਲਿਆ ਸੀ ਅਤੇ ਉਨ੍ਹਾਂ ਨੇ ਮਨਮੋਹਨ ਸਿੰਘ, ਸੋਨੀਆ ਅਤੇ ਰਾਹੁਲ ਗਾਂਧੀ ਦੇ ਖੂਬ ਕਸੀਦੇ ਪੜ੍ਹਦਿਆਂ ਲੰਮਾ ਭਾਸ਼ਣ ਵੀ ਉਥੇ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ ’ਤੇ ਜਮ ਕੇ ਟ੍ਰੋਲ ਵੀ ਹੋਏ ਸਨ ਕਿਉਂਕਿ ਭਾਜਪਾ ਵਿਚ ਰਹਿੰਦਿਆਂ ਉਨ੍ਹਾਂ ਦੇ ਨਿਸ਼ਾਨੇ ’ਤੇ ਇਹੀ ਤਿੰਨੇ ਨੇਤਾ ਰਹਿੰਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ