ਸ਼ਹਿਰ ''ਚ ਰਹੇ ਨਵਜੋਤ ਸਿੱਧੂ, ਨਵੀਂ ਸੂਚੀ ਨੂੰ ਲੈ ਕੇ ਮਚਿਆ ਰਿਹਾ ਹੜਕੰਪ
Sunday, Jun 24, 2018 - 05:13 AM (IST)
ਜਲੰਧਰ, (ਖੁਰਾਣਾ)- 14 ਜੂਨ ਨੂੰ ਜਲੰਧਰ ਵਿਚ ਦਰਜਨਾਂ ਸਥਾਨਾਂ 'ਤੇ ਛਾਪੇਮਾਰੀ ਕਰਨ ਵਾਲੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਉਸ ਕਾਰਵਾਈ ਦੇ ਬਾਅਦ ਪਹਿਲੀ ਵਾਰ ਜਲੰਧਰ ਆਏ ਅਤੇ ਪਤਾ ਲੱਗਾ ਹੈ ਕਿ ਸ਼੍ਰੀ ਸਿੱਧੂ ਨੇ ਸ਼ਹਿਰ ਵਿਚ ਰਹਿ ਕੇ ਆਪਣੀ ਕਾਰਵਾਈ ਅਤੇ ਭਵਿੱਖ ਦੇ ਪਲਾਨ 'ਤੇ ਮੰਥਨ ਕੀਤਾ। ਪਿਛਲੇ ਦਿਨੀਂ ਸ਼੍ਰੀ ਸਿੱਧੂ ਨੇ ਨਾਜਾਇਜ਼ ਨਿਰਮਾਣਾਂ ਪ੍ਰਤੀ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਸ ਤੋਂ ਸਪੱਸ਼ਟ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੀਆਂ 93 ਬਿਲਡਿੰਗਾਂ 'ਤੇ ਕਾਰਵਾਈ ਸੰਭਾਵਿਤ ਹੈ। ਸ਼੍ਰੀ ਸਿੱਧੂ ਨੇ ਸ਼ਹਿਰ ਵਿਚ ਰਹਿ ਕੇ ਅੱਜ ਭਾਵੇਂ ਕਿਸੇ ਸਿਆਸੀ ਵਿਅਕਤੀ ਨਾਲ ਮੁਲਾਕਾਤ ਨਹੀਂ ਕੀਤੀ ਪਰ ਨਾਜਾਇਜ਼ ਨਿਰਮਾਣਾਂ ਪ੍ਰਤੀ ਜਾਣਕਾਰੀ ਜ਼ਰੂਰ ਲਈ।
ਨਾਜਾਇਜ਼ ਕਾਲੋਨੀ ਨੂੰ ਲੈ ਕੇ ਭਾਜਪਾ ਨੇਤਾਵਾਂ 'ਚ ਝਗੜਾ
ਇਸ ਦੌਰਾਨ ਬਸਤੀ ਬਾਵਾ ਖੇਲ ਵਿਚ ਨਿਊ ਗੌਤਮ ਨਗਰ ਦੇ ਨੇੜੇ ਨਾਜਾਇਜ਼ ਤੌਰ 'ਤੇ ਕੱਟੀ ਗਈ ਇਕ ਕਾਲੋਨੀ ਨੂੰ ਲੈ ਕੇ ਭਾਜਪਾ ਨੇਤਾਵਾਂ ਵਿਚ ਝਗੜਾ ਹੋਣ ਦੀ ਸੂਚਨਾ ਹੈ। ਸੂਤਰ ਦੱਸਦੇ ਹਨ ਕਿ ਇਹ ਨਾਜਾਇਜ਼ ਕਾਲੋਨੀ ਇਕ ਭਾਜਪਾ ਨੇਤਾ ਵੱਲੋਂ ਕੱਟੀ ਗਈ ਹੈ ਅਤੇ ਇਸ ਦੀ ਸ਼ਿਕਾਇਤ ਵੀ ਵੈਸਟ ਭਾਜਪਾ ਦਾ ਇਕ ਨੇਤਾ ਕਰਨ ਜਾ ਰਿਹਾ ਸੀ। ਝਗੜਾ ਇੰਨਾ ਵੱਡਾ ਸੀ ਕਿ ਸ਼ਿਕਾਇਤਕਰਤਾ ਭਾਜਪਾ ਨੇਤਾ, ਜੋ ਫੇਸਬੁੱਕ 'ਤੇ ਕਾਫੀ ਚਰਚਿਤ ਹੈ, ਨੂੰ ਭੱਜ ਕੇ ਜਾਨ ਬਚਾਉਣੀ ਪਈ। ਆਉਣ ਵਾਲੇ ਦਿਨਾਂ ਵਿਚ ਭਾਜਪਾ ਨੇਤਾਵਾਂ ਦਾ ਇਹ ਆਪਸੀ ਝਗੜੇ ਦਾ ਮਾਮਲਾ ਭਖ ਸਕਦਾ ਹੈ।