ਸਿੱਧੂ ਦੇ ਐਕਸ਼ਨ ਦਾ ਡਰ– ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੂੰ ਆਈ ਨਾਜਾਇਜ਼ ਨਿਰਮਾਣ ਦੀ ਚੈਕਿੰਗ ਦੀ ਯਾਦ

Saturday, Jun 16, 2018 - 05:26 AM (IST)

ਸਿੱਧੂ ਦੇ ਐਕਸ਼ਨ ਦਾ ਡਰ– ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੂੰ ਆਈ ਨਾਜਾਇਜ਼ ਨਿਰਮਾਣ ਦੀ ਚੈਕਿੰਗ ਦੀ ਯਾਦ

ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਵਲੋਂ ਨਾਜਾਇਜ਼ ਨਿਰਮਾਣਾਂ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਅੰਮ੍ਰਿਤਸਰ ਅਤੇ ਜਲੰਧਰ ਦੇ ਇਕ ਦਰਜਨ ਤੋਂ ਜ਼ਿਆਦਾ ਅਫਸਰ ਸਸਪੈਂਡ ਕਰਨ ਤੋਂ ਬਾਅਦ ਲੁਧਿਆਣਾ ਨੂੰ ਨਿਸ਼ਾਨੇ 'ਤੇ ਲੈਣ ਦਾ ਐਲਾਨ ਕਰਦੇ ਹੋਏ ਬਿਲਡਿੰਗ ਬ੍ਰਾਂਚ ਵਿਚ ਭੱਜ-ਦੌੜ ਮਚ ਗਈ ਹੈ, ਜਿਸ ਦੇ ਤਹਿਤ ਨਗਰ ਨਿਗਮ ਅਫਸਰਾਂ ਨੂੰ ਨਾਜਾਇਜ਼ ਨਿਰਮਾਣਾਂ ਦੀ ਚੈਕਿੰਗ ਕਰਨ ਦੀ ਯਾਦ ਆ ਗਈ। ਜੋ ਅਧਿਕਾਰੀ ਸ਼ੁੱਕਰਵਾਰ ਨੂੰ ਦਿਨ ਭਰ ਫੀਲਡ ਵਿਚ ਉਤਰ ਕੇ ਨਿਰਮਾਣ ਅਧੀਨ ਬਿਲਡਿੰਗਾਂ ਦਾ ਬਿਉੂਰਾ ਇਕੱਠਾ ਕਰਦੇ ਰਹੇ।
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਿੱਧੂ ਦੇ ਇਲਾਵਾ ਲੁਧਿਆਣਾ ਦੇ ਮੇਅਰ ਬਲਕਾਰ ਸੰਧੂ ਵਲੋਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੂੰ ਮੀਟਿੰਗ ਦੌਰਾਨ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੀ ਕਿ ਨਕਸ਼ਾ ਪਾਸ ਕਰਵਾਏੇ ਜਾਂ ਚਲਾਨ ਪਾਏ ਬਿਨਾਂ ਕਿਤੇ ਕੋਈ ਨਿਰਮਾਣ ਨਾ ਹੋਣ ਦਿੱਤਾ ਜਾਵੇ। ਜਿਨ੍ਹਾਂ ਦੋਵਾਂ ਨੇ ਖੁਦ ਫੀਲਡ 'ਚ ਉਤਰ ਕੇ ਚੈਕਿੰਗ ਦੌਰਾਨ ਕੋਈ ਬਿਲਡਿੰਗ ਬਿਨਾਂ ਕਾਰਵਾਈ ਦੇ ਮਿਲਣ 'ਤੇ ਇਲਾਕੇ ਦੇ ਅਫਸਰਾਂ 'ਤੇ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ ਪਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਫਸਰਾਂ 'ਤੇ ਮੰਤਰੀ ਅਤੇ ਮੇਅਰ ਦੀ ਘੁਰਕੀ ਦਾ ਕੋਈ ਅਸਰ ਨਹੀਂ ਹੋਇਆ ਅਤੇ ਧੜੱਲੇ ਨਾਲ ਨਾਜਾਇਜ਼ ਨਿਰਮਾਣ ਹੁੰਦੇ ਰਹੇ।  ਇਸ ਦੌਰਾਨ ਅੰਮ੍ਰਿਤਸਰ 'ਚ ਨਾਜਾਇਜ਼ ਨਿਰਮਾਣਾਂ 'ਤੇ ਕਾਰਵਾਈ ਕਰਨ ਦੇ ਆਦੇਸ਼ ਨੂੰ ਨਾ ਮੰਨਣ ਦੇ ਦੋਸ਼ ਵਿਚ 5 ਏ. ਟੀ. ਪੀ. ਸਸਪੈਂਡ ਕਰ ਦਿੱਤੇ ਗਏ। ਇਸ ਤੋਂ ਵੀ ਵਧ ਕੇ ਸਿੱਧੂ ਨੇ ਵੀਰਵਾਰ ਨੂੰ ਜਲੰਧਰ ਵਿਚ ਅਚਾਨਕ ਚੈਕਿੰਗ ਕਰ ਕੇ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਬਣਵਾਉਣ ਦੇ ਦੋਸ਼ ਵਿਚ 8 ਅਫਸਰ ਸਸਪੈਂਡ ਕਰ ਦਿੱਤੇ ਹਨ।  ਸਿੱਧੂ ਨੇ ਲੁਧਿਆਣਾ ਵਿਚ ਅਗਲੀ ਦਬਿਸ਼ ਦੇਣ ਦਾ ਐਲਾਨ ਕੀਤਾ ਹੀ ਹੈ, ਨਾਲ ਹੀ ਇਹ ਵੀ ਕਿਹਾ ਕਿ ਬਿਲਡਿੰਗ ਬ੍ਰਾਂਚ ਦੇ ਕਈ ਅਫਸਰ ਉਨ੍ਹਾਂ ਦੀ ਰਾਡਾਰ 'ਤੇ ਹਨ, ਜਿਨ੍ਹਾਂ ਨੂੰ ਨਾਜਾਇਜ਼ ਨਿਰਮਾਣਾਂ 'ਚ ਮਿਲੀਭੁਗਤ ਡਿਸਮਿਸ ਕਰ ਕੇ ਪੁਲਸ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਸਿੱਧੂ ਨੇ ਦਿੱਤੀ ਹੈ, ਜਿਸ ਨਾਲ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਦੀ ਨੀਂਦ ਉੱਡ ਗਈ ਹੈ ਅਤੇ ਉਹ ਸ਼ੁੱਕਰਵਾਰ ਸਵੇਰ ਤੋਂ ਹੀ ਫੀਲਡ ਵਿਚ ਉਤਰ ਕੇ ਚਾਰੇ ਜ਼ੋਨਾਂ 'ਚ ਹੋ ਰਹੇ ਨਾਜਾਇਜ਼ ਨਿਰਮਾਣ ਦੀ ਚੈਕਿੰਗ ਕਰਦੇ ਨਜ਼ਰ ਆਏ। 
ਰਿੰਕੂ ਤੋਂ ਬਾਅਦ ਆਸ਼ੂ ਨੇ ਵੀ ਪ੍ਰਗਟਾਇਆ ਸਿੱਧੂ ਦੇ ਐਕਸ਼ਨ 'ਤੇ ਇਤਰਾਜ਼ 
ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵੀਰਵਾਰ ਨੂੰ ਜਲੰਧਰ ਵਿਚ ਮਾਰੇ ਛਾਪੇ ਦੌਰਾਨ ਨਾਜਾਇਜ਼ ਨਿਰਮਾਣ ਕਰਵਾਉਣ ਦੇ ਦੋਸ਼ ਵਿਚ ਬਿਲਡਿੰਗ ਬ੍ਰਾਂਚ ਦੇ 8 ਅਧਿਕਾਰੀਆਂ ਨੂੰ ਸਸਪੈਂਡ ਕਰਨ ਦੀ ਜੋ ਕਾਰਵਾਈ ਕੀਤੀ ਹੈ, ਉਸ 'ਤੇ ਕਾਂਗਰਸੀ ਆਗੂ ਹੀ ਪ੍ਰਤੀਕਿਰਿਆ ਦੇ ਰਹੇ ਹਨ, ਜਿੱਥੇ ਨਿਗਮ ਦੇ ਅਫਸਰ ਇਸ ਕਾਰਵਾਈ 'ਤੇ ਇਤਰਾਜ਼ ਪ੍ਰਗਟ ਕਰ ਰਹੇ ਹਨ, ਉਥੇ ਜਲੰਧਰ ਵਿਚ ਨਾਜਾਇਜ਼ ਬਿਲਡਿੰਗਾਂ 'ਤੇ ਕਾਰਵਾਈ ਕਰਨ ਗਈ ਨਿਗਮ ਟੀਮ ਦਾ ਵਿਰੋਧ ਕਰ ਕੇ ਵਿਧਾਇਕ ਸੁਸ਼ੀਲ ਰਿੰਕੂ ਨੇ ਸਿੱਧਾ ਸਿੱਧੂ ਨੂੰ ਚੈਲੰਜ ਕਰ ਦਿੱਤਾ ਹੈ। ਭਾਵੇਂ ਸਿੱਧੂ ਨੇ ਰਿੰਕੂ ਨੂੰ ਛੋਟਾ ਭਰਾ ਦੱਸਦੇ ਹੋਏ ਕਾਰਵਾਈ ਜਾਰੀ ਰੱਖਣ ਦੀ ਤਾਲ ਠੋਕ ਦਿੱਤੀ ਹੈ ਪਰ ਰਿੰਕੂ ਨੂੰ ਇਸ ਮਾਮਲੇ ਵਿਚ ਕਾਂਗਰਸ ਸਰਕਾਰ ਦਾ ਵੀ ਸਮਰਥਨ ਮਿਲ ਰਿਹਾ ਹੈ। ਇਸ ਦੇ ਤਹਿਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਸਿੱਧੂ ਦੇ ਐਕਸ਼ਨ ਨੂੰ ਜਲਦਬਾਜ਼ੀ ਦੱਸਿਆ ਹੈ। ਆਸ਼ੂ ਨੇ ਕਿਹਾ ਕਿ ਸਰਕਾਰ ਦਾ ਕੰਮ ਲੋਕਾਂ ਦੀ ਭਲਾਈ ਕਰਨਾ ਹੈ। ਇਸ ਦੇ ਤਹਿਤ ਨਾਜਾਇਜ਼ ਬਿਲਡਿੰਗਾਂ ਨੂੰ ਰਾਹਤ ਦੇਣ ਲਈ ਖੁਦ ਸਿੱਧੂ ਨੇ ਵਨ ਟਾਈਮ ਸੈਟਲਮੈਂਟ ਪਾਲਿਸੀ ਦਾ ਖਾਕਾ ਤਿਆਰ ਕੀਤਾ ਹੈ। ਪਿਛਲੀ ਸਰਕਾਰ ਦੇ ਸਮੇਂ ਹੋਈ ਨਿਯਮਾਂ ਦੀ ਉਲੰਘਣਾ ਨੂੰ ਰੈਗੂਲਰ ਕਰਨ ਦੀ ਵਿਵਸਥਾ ਹੈ, ਜਿਸ ਪਾਲਿਸੀ ਨੂੰ ਹੋਰ ਜ਼ਿਆਦਾ ਸਰਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਪਾਲਿਸੀ ਤਹਿਤ ਆਵੇਦਨ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਉਸ ਸਮੇਂ ਤਕ ਉਡੀਕ ਕਰਨੀ ਚਾਹੀਦੀ ਸੀ।
ਅਫਸਰਾਂ ਨੇ ਹੱਥ ਖੜ੍ਹੇ ਕਰ ਕੇ ਹੇਠਲੇ ਸਟਾਲ ਦੇ ਪਾਲੇ 'ਚ ਸੁੱਟੀ ਗੇਂਦ 
ਨਾਜਾਇਜ਼ ਨਿਰਮਾਣਾਂ ਦੇ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਵਿਚ ਸਿੱਧੂ ਨੇ ਜਲੰਧਰ 'ਚ ਐੱਸ. ਟੀ. ਪੀ. ਤੱਕ ਦੇ ਅਫਸਰ ਵੀ ਸਸਪੈਂਡ ਕਰ ਦਿੱਤੇ ਹਨ। ਇਥੋਂ ਤੱਕ ਕਿ ਕਮਿਸ਼ਨਰ ਨੂੰ ਵੀ ਫਟਕਾਰ ਲਾਈ ਗਈ ਹੈ। ਜਿਸ ਦੇ ਮੱਦੇਨਜ਼ਰ ਨਗਰ ਨਿਗਮ ਦੇ ਅਫਸਰਾਂ ਨੇ ਨਾਜਾਇਜ਼ ਨਿਰਮਾਣਾਂ ਨੂੰ ਲੈ ਕੇ ਸਟਾਫ ਪਾਲੇ ਵਿਚ ਗੇਂਦ ਸੁੱਟ ਦਿੱਤੀ ਹੈ ਕਿ ਕੋਈ ਬਿਲਡਿੰਗ ਬਿਨਾਂ ਕਾਰਵਾਈ ਦੇ ਨਹੀਂ ਬਚਣੀ ਚਾਹੀਦੀ।
ਸਿਫਾਰਿਸ਼ ਅਤੇ ਸੈਟਿੰਗ ਵਾਲੇ ਨਾਜਾਇਜ਼ ਨਿਰਮਾਣਾਂ ਦੇ ਵੀ ਪਾਏ ਚਲਾਨ 
ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵਲੋਂ ਆਮ ਤੌਰ 'ਤੇ ਸਿਆਸੀ ਦਬਾਅ ਵਿਚ ਨਾਜਾਇਜ਼ ਨਿਰਮਾਣਾਂ ਦੇ ਖਿਲਾਫ ਕਾਰਵਾਈ ਨਾ ਕਰਨ ਦਾ ਬਹਾਨਾ ਬਣਾਇਆ ਜਾਂਦਾ ਹੈ ਪਰ ਅਸਲੀਅਤ ਵਿਚ ਬਿਨਾਂ ਮਨਜ਼ੂਰੀ ਦੀਆਂ ਬਿਲਡਿੰਗਾਂ ਬਣਵਾਉਣ 'ਚ ਅਫਸਰਾਂ ਦੀ ਹੀ ਮਿਲੀਭੁਗਤ ਹੁੰਦੀ ਹੈ। ਜਿਨ੍ਹਾਂ ਅਫਸਰਾਂ 'ਚ ਹੁਣ ਸਿੱਧੂ ਦਾ ਖੌਫ ਇਸ ਕਦਰ ਹਾਵੀ ਹੋ ਗਿਆ ਹੈ ਕਿ ਸਿਫਾਰਿਸ਼ ਅਤੇ ਸੈਟਿੰਗ ਵਾਲੇ ਨਾਜਾਇਜ਼ ਨਿਰਮਾਣਾਂ ਦੇ ਵੀ ਚਲਾਨ ਪਾ ਦਿੱਤੇ ਹਨ। 


Related News