ਸਿੱਧੂ ਵਲੋਂ ਕੱਢੇ ਅਧਿਕਾਰੀਆਂ ਨੂੰ ਵਾਪਸ ਲਿਆ ਰਹੇ ਬ੍ਰਹਮ ਮਹਿੰਦਰਾ

Monday, Jul 08, 2019 - 12:06 PM (IST)

ਲੁਧਿਆਣਾ (ਹਿਤੇਸ਼) : ਨਵੇਂ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਭਾਵੇਂ ਨਵਜੋਤ ਸਿੱਧੂ ਦਾ ਕੋਈ ਫੈਸਲਾ ਨਾ ਬਦਲਣ ਦੀ ਗੱਲ ਕਹਿ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਸਿੱਧੂ ਵਲੋਂ ਲਏ ਗਏ ਫੈਸਲਿਆਂ ਨੂੰ ਬਦਲਣ ਦੀ ਮੁਹਿੰਮ ਚੱਲ ਰਹੀ ਹੈ, ਜਿਸ ਦਾ ਤਾਜ਼ਾ ਸਬੂਤ ਇਹ ਹੈ ਕਿ ਸਿੱਧੂ ਵਲੋਂ ਕੱਢੇ ਗਏ ਅਧਿਕਾਰੀਆਂ ਦੀ ਲੋਕਲ ਬਾਡੀਜ਼ ਵਿਭਾਗ ਦੇ ਹੈੱਡ ਆਫਿਸ 'ਚਵਾਪਸੀ ਸ਼ੁਰੂ ਹੋ ਗਈ ਹੈ, ਜਿਸ ਦੇ ਤਹਿਤ ਪਿਛਲੇ ਇਕ ਹਫਤੇ ਦੇ ਅੰਦਰ ਪੰਜਾਬ ਦੇ ਵੱਖ-ਵੱਖ ਨਗਰ ਨਿਗਮਾਂ, ਮਿਊਂਸੀਪਲ ਕਮੇਟੀਆਂ ਜਾਂ ਇੰਪਰੂਵਮੈਂਟ ਟਰੱਸਟ ਵਿਚ ਪੋਸਟਿਡ ਅੱਧਾ ਦਰਜਨ ਅਧਿਕਾਰੀਆਂ ਨੂੰ ਵਾਪਸ ਹੈੱਡ ਆਫਿਸ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ।

PunjabKesari
ਇਹ ਅਧਿਕਾਰੀ ਲੰਮੇ ਸਮੇਂ ਤੱਕ ਲੋਕਲ ਬਾਡੀਜ਼ ਵਿਭਾਗ ਦੇ ਟਾਊਨ ਪਲਾਨਿੰਗ ਅਤੇ ਵਿਜੀਲੈਂਸ ਸੈੱਲ ਵਿਚ ਕਬਜ਼ਾ ਜਮਾ ਕੇ ਬੈਠੇ ਹੋਏ ਸਨ, ਜਿਨ੍ਹਾਂ ਨੂੰ ਸਿੱਧੂ ਵਲੋਂ ਕੁਰੱਪਸ਼ਨ ਅਤੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਦੋਸ਼ ਵਿਚ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਫੀਲਡ ਵਿਚ ਪੋਸਟਿੰਗ ਦਿੱਤੀ ਗਈ ਸੀ ਪਰ ਸਿੱਧੂ ਦੇ ਜਾਣ ਦੇ ਕੁਝ ਦਿਨਾਂ ਦੇ ਅੰਦਰ ਹੀ ਇਨ੍ਹਾਂ ਅਧਿਕਾਰੀਆਂ ਨੇ ਵਾਪਸ ਚੰਡੀਗੜ੍ਹ ਪੁੱਜਣ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਸਫਲਤਾ ਮਿਲ ਗਈ। ਇਥੋਂ ਤੱਕ ਕਿ ਸਿੱਧੂ ਵਲੋਂ ਹੈੱਡ ਆਫਿਸ ਵਿਚ ਲਾਏ ਗਏ ਕਈ ਅਧਿਕਾਰੀਆਂ ਨੂੰ ਵਾਪਸ ਫੀਲਡ ਵਿਚ ਭੇਜ ਦਿੱਤਾ ਗਿਆ ਹੈ।
ਥੋਕ ਦੇ ਭਾਅ ਕੀਤੇ ਜਾ ਰਹੇ ਹਨ ਤਬਾਦਲੇ
ਬ੍ਰਹਮ ਮਹਿੰਦਰਾ ਵਲੋਂ ਚਾਰਜ ਸੰਭਾਲਣ ਤੋਂ ਬਾਅਦ ਤੋਂ ਲੋਕਲ ਬਾਡੀਜ਼ ਵਿਭਾਗ ਵਿਚ ਥੋਕ ਦੇ ਭਾਅ ਤਬਾਦਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚ ਨਗਰ ਨਿਗਮਾਂ, ਮਿਊਂਸੀਪਲ ਕਮੇਟੀਆਂ ਜਾਂ ਇੰਪਰੂਵਮੈਂਟ ਟਰੱਸਟ ਵਿਚ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਮਰਚਾਰੀਆਂ ਦੇ ਨਾਂ ਸ਼ਾਮਲ ਹਨ। ਜਿਨ੍ਹਾਂ ਨੂੰ ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ 'ਤੇ ਭੇਜਿਆ ਜਾ ਰਿਹਾ ਹੈ। ਇਸ ਦੇ ਲਈ ਭਾਵੇਂ ਵਿਧਾਇਕਾਂ, ਹਲਕਾ ਇੰਚਾਰਜ ਅਤੇ ਕਾਂਗਰਸ ਨੇਤਾਵਾਂ ਦੀਆਂ ਸਿਫਾਰਿਸ਼ਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਇਨ੍ਹਾਂ ਵਿਚ ਵੀ ਜ਼ਿਆਦਾਤਰ ਮੁਲਾਜ਼ਮਾਂ ਨੂੰ ਸਿੱਧੂ ਵਲੋਂ ਲੋਕਾਂ ਦੇ ਰੁਟੀਨ ਕੰਮ ਨੂੰ ਬਿਨਾਂ ਵਜ੍ਹਾ ਰੋਕਣ ਦੇ ਦੋਸ਼ ਵਿਚ ਟਰਾਂਸਫਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਮੁਲਾਜ਼ਮਾਂ ਦੀ ਵਾਪਸੀ ਲਈ ਕਿਸੇ ਲੀਡਰ ਦੀ ਸਿਫਾਰਿਸ਼ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਜੋ ਮੁਲਾਜ਼ਮ ਹੁਣ ਸਿੱਧੂ ਦੇ ਜਾਂਦੇ ਹੀ ਵਾਪਸ ਸਿਆਸੀ ਸ਼ਰਨ ਵਿਚ ਪੁੱਜ ਗਏ ਹਨ, ਜਿਸ ਦਾ ਨਤੀਜਾ ਆਏ ਦਿਨ ਜਾਰੀ ਹੋ ਰਹੇ ਟਰਾਂਸਫਰ ਆਰਡਰ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।
 


Babita

Content Editor

Related News