''ਮਿਸਟਰ ਇੰਡੀਆ'' ਬਣੇ ਨਵਜੋਤ ਸਿੱਧੂ ਨੇ ਖੋਲ੍ਹਿਆ ਗਾਇਬ ਹੋਣ ਦਾ ਰਾਜ਼

04/04/2019 11:32:36 AM

ਚੰਡੀਗੜ੍ਹ : 'ਮਿਸਟਰ ਇੰਡੀਆ ਬਣੇ ਪੰਜਾਬ ਦੇ ਫਾਇਰ ਬ੍ਰਾਂਡ ਨੇਤਾ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਾਹਮਣੇ ਆ ਗਏ ਹਨ। ਨਵਜੋਤ ਸਿੱਧੂ ਦੇ ਕਰੀਬ 10-15 ਦਿਨਾਂ ਤੱਕ ਦਿਖਾਈ ਨਾ ਦੇਣ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਸੀ। ਫਿਲਹਾਲ ਨਵਜੋਤ ਸਿੱਧੂ ਨੇ ਆਪਣੇ ਗਾਇਬ ਹੋਣ ਦਾ ਰਾਜ਼ ਖੋਲ੍ਹ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ 10 ਦਿਨ ਪਹਿਲਾਂ ਉਨ੍ਹਾਂ ਦੇ ਦੰਦਾਂ ਦਾ ਆਪਰੇਸ਼ਨ ਹੋਇਆ ਸੀ, ਇਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ ਸੀ ਅਤੇ ਬੋਲਣ ਤੋਂ ਪੂਰੀ ਤਰ੍ਹਾਂ ਮਨ੍ਹਾਂ ਕੀਤਾ ਸੀ, ਜਿਸ ਕਾਰਨ ਉਹ ਜਨਤਕ ਤੌਰ 
'ਤੇ ਦਿਖਾਈ ਨਹੀਂ ਦਿੱਤੇ। ਨਵਜੋਤ ਸਿੱਧੂ ਨੇ ਕਿਹਾ ਕਿ ਪਾਰਟੀ ਨਾਲ ਨਾਰਾਜ਼ ਹੋਣ ਵਾਲੀਆਂ ਚਰਚਾਵਾਂ ਫਜ਼ੂਲ ਹਨ, ਜਦੋਂ ਕਿ ਅਜਿਹਾ ਕੁਝ ਨਹੀਂ ਹੈ ਅਤੇ ਉਹ ਆਪਣਾ ਕੰਮਕਾਜ ਨਿਪਟਾ ਰਹੇ ਹਨ।
ਦੱਸਣਯੋਗ ਹੈ ਕਿ ਨਵਜੋਤ ਸਿੱਧੂ ਦੇ ਨਜ਼ਰ ਨਾ ਆਉਣ ਤੇ ਇਹ ਕਿਹਾ ਜਾਣ ਲੱਗਾ ਕਿ ਨਵਜੋਤ ਸਿੱਧੂ ਨੇ ਵਿਭਾਗ ਦਾ ਕੰਮਕਾਜ ਛੱਡ ਦਿੱਤਾ ਹੈ। ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਮੰਗੀ ਸੀ ਪਰ ਕਾਂਗਰਸ ਨੇ ਸੀਨੀਅਰ ਨੇਤਾ ਪਵਨ ਕੁਮਾਰ ਬਾਂਸਲ ਨੂੰ ਉਮੀਦਵਾਰ ਐਲਾਨ ਦਿੱਤਾ, ਜਿਸ ਕਾਰਨ ਸਿੱਧੂ ਨਾਰਾਜ਼ ਚੱਲ ਰਹੇ ਹਨ ਪਰ ਸਿੱਧੂ ਵਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਅਜਿਹਾ ਕੁਝ ਨਹੀਂ ਹੈ।
 


Babita

Content Editor

Related News