ਰੰਧਾਵਾ ਨੇ ਖੋਲ੍ਹਿਆ ਨਵਜੋਤ ਸਿੱਧੂ ਖਿਲਾਫ ਮੋਰਚਾ, ਦਿੱਤੇ ਬਿਆਨ ਨੇ ਲਿਆਂਦਾ ਸਿਆਸੀ ਭੂਚਾਲ

05/19/2019 6:47:43 PM

ਗੁਰਦਾਸਪੁਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਕਾਂਗਰਸ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ, ਇਸ ਤੋਂ ਲੱਗਦਾ ਹੈ ਕਿ ਉਹ ਬਾਦਲਾਂ ਨੂੰ ਫਾਇਦਾ ਪਹੁੰਚਾ ਰਹੇ ਹਨ। ਨਵਜੋਤ ਸਿੱਧੂ ਵਲੋਂ ਦਿੱਤੇ ਗਏ 'ਫਰੈਂਡਲੀ ਮੈਚ' ਵਾਲੇ ਬਿਆਨ ਨੂੰ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਨ ਵਾਲਾ ਦੱਸਦੇ ਹੋਏ ਰੰਧਾਵਾ ਨੇ ਕਿਹਾ ਕਿ ਸਿੱਧੂ ਨੂੰ ਕਿਸੇ ਵੀ ਪਾਰਟੀ 'ਚ ਬਹੁਤੀ ਦੇਰ ਟਿਕਣ ਦੀ ਆਦਤ ਨਹੀਂ ਹੈ। 
ਰੰਧਾਵਾ ਨੇ ਕਿਹਾ ਕਿ ਜਿਸ ਸਮੇਂ ਬੇਅਦਬੀ ਹੋਈ ਉਸ ਸਮੇਂ ਸ਼ਾਇਦ ਸਿੱਧੂ ਪਾਰਲੀਮੈਂਟ ਵਿਚ ਸਨ ਅਤੇ ਸਿੱਧੂ ਦੀ ਪਤਨੀ ਵਿਧਾਇਕ ਸੀ ਪਰ ਨਵਜੋਤ ਕੌਰ ਸਿੱਧੂ ਨੇ ਕਦੇ ਵੀ ਵਿਧਾਨ ਸਭਾ ਵਿਚ ਬੇਅਦਬੀ ਦਾ ਮੁੱਦਾ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਬੇਅਦਬੀ ਦਾ ਵਿਰੋਧ ਕੀਤਾ ਅਤੇ ਬਰਗਾੜੀ ਵਿਚ ਧਰਨਾ ਲਗਾਇਆ ਪਰ ਸਿੱਧੂ ਨੇ ਕਦੇ ਵੀ ਪਾਰਟੀ ਦਾ ਸਾਥ ਨਹੀਂ ਦਿੱਤਾ। ਸਿੱਧੂ ਰਾਜ ਸਭਾ ਛੱਡਣ ਦੀ ਗੱਲ ਆਖ ਰਹੇ ਹਨ ਪਰ ਉਨ੍ਹਾਂ ਭਾਜਪਾ ਅਤੇ ਰਾਜ ਸਭਾ ਬੇਅਦਬੀ ਕਰਕੇ ਨਹੀਂ ਸਗੋਂ ਆਪਣੇ ਕਾਰਨਾਂ ਕਰਕੇ ਛੱਡੀ ਸੀ। ਰੰਧਾਵਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਕੋਈ ਸਿੱਧੂ ਦਾ ਸਟੈਂਡ ਨਹੀਂ ਲੈਂਦਾ। 
ਅੱਗੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੀ ਹੈ ਨਾ ਕਿ ਨਵਜੋਤ ਸਿੱਧੂ ਨੂੰ। ਉਨ੍ਹਾਂ ਕਿਹਾ ਕਿ ਸਿੱਧੂ ਜ਼ਰੂਰ ਭਾਜਪਾ 'ਚ ਰਹਿ ਕੇ ਅਕਾਲੀਆਂ ਦੇ ਨਾਲ ਰਹੇ ਹਨ ਅਤੇ ਅੱਜ ਵੀ ਉਹ ਉਨ੍ਹਾਂ ਦੇ ਬੈਸਟ ਫ੍ਰੈਂਡ ਹਨ ਪਰ ਉਨ੍ਹਾਂ ਦੇ ਇਸ ਬਿਆਨ 'ਤੇ ਬੇਹੱਦ ਅਫਸੋਸ ਹੋ ਰਿਹਾ ਹੈ। ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਅਤੇ ਨਵਜੋਤ ਸਿੱਧੂ ਵਲੋਂ ਕਾਂਗਰਸ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਸ ਲਈ ਪਾਰਟੀ ਹਾਈਕਮਾਨ ਨੂੰ ਇਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਹ ਜਲਦ ਹੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਨਵਜੋਤ ਸਿੱਧੂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਨਗੇ।


Gurminder Singh

Content Editor

Related News