ਸਿੱਧੂ ''ਤੇ ਟਿਕੀਆਂ ਟਕਸਾਲੀਆਂ ਦੀਆਂ ਨਜ਼ਰਾਂ, ਦਿੱਤਾ ਵੱਡਾ ''ਆਫਰ''
Tuesday, Jan 21, 2020 - 06:53 PM (IST)
ਅੰਮ੍ਰਿਤਸਰ : ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਬਾਦਲਾਂ ਤੋਂ ਵੱਖ ਹੋਏ ਟਕਸਲੀਆਂ ਨੇ ਕਾਂਗਰਸ ਦੇ ਵਿਧਾਇਕ ਨਵਜੋਤ ਸਿੱਧੂ ਨੂੰ ਇਕ ਵਾਰ ਫਿਰ ਸੱਦਾ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਸ਼ਮੂਲੀਅਤ ਮਗਰੋਂ ਬਾਦਲ ਵਿਰੋਧੀ ਟਕਸਾਲੀਆਂ ਨੇ ਹੁਣ ਸਿੱਧੂ ਨੂੰ ਨਾਲ ਆਉਣ ਦੀ ਅਪੀਲ ਕੀਤੀ ਹੈ। ਇੰਨਾ ਹੀ ਨਹੀਂ ਟਕਸਾਲੀਆਂ ਵਲੋਂ ਜਲਦੀ ਹੀ ਇਸ ਸਬੰਧੀ ਸਿੱਧੂ ਨਾਲ ਸੰਪਰਕ ਕੀਤਾ ਜਾਵੇਗਾ। ਸਿੱਧੂ ਨਾਲ ਰਾਬਤਾ ਕਾਇਮ ਕਰਨ ਲਈ ਬਕਾਇਦਾ ਡਾ. ਰਤਨ ਸਿੰਘ ਅਜਨਾਲਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਅਕਾਲੀ ਦਲ ਬਾਦਲ ਵਿਚਲੇ ਨਿਰਾਸ਼ ਤੇ ਨਾਰਾਜ਼ ਅਕਾਲੀ ਆਗੂਆਂ ਨੂੰ ਇਕਜੁਟ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਹੁਣ ਤਕ ਦੋਵੇਂ ਢੀਂਡਸਾ (ਪਿਤਾ ਅਤੇ ਪੁੱਤਰ) ਸਮੇਤ ਰਵੀਇੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਤੇ ਹੋਰ ਇਕ ਮੰਚ 'ਤੇ ਇਕੱਠੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਅਕਾਲੀ ਦਲ ਟਕਸਾਲੀ ਵਿਚ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਰਵਿੰਦਰ ਸਿੰਘ ਬ੍ਰਹਮਪੁਰਾ, ਅਮਰਪਾਲ ਸਿੰਘ ਬੋਨੀ, ਮਨਮੋਹਨ ਸਿੰਘ ਸਠਿਆਲਾ, ਬੀਰ ਦਵਿੰਦਰ ਸਿੰਘ, ਜੋ ਸਾਰੇ ਹੀ ਅਕਾਲੀ ਦਲ ਬਾਦਲ ਨਾਲ ਸਬੰਧਤ ਰਹੇ ਹਨ, ਇਕ ਮੰਚ 'ਤੇ ਇਕੱਠੇ ਹੋ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਫੈੱਡਰੇਸ਼ਨ ਤੋਂ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਰ ਫੈਡਰੇਸ਼ਨ ਆਗੂ ਵੀ ਇਨ੍ਹਾਂ ਨਾਲ ਸ਼ਾਮਲ ਹਨ। ਹਾਲ ਹੀ ਵਿਚ ਦਿੱਲੀ 'ਚ ਸਮਾਗਮ 'ਸਫ਼ਰ-ਏ-ਅਕਾਲੀ ਲਹਿਰ' ਵਿਚ ਇਹ ਸਾਰੇ ਇਕ ਮੰਚ 'ਤੇ ਪੁੱਜੇ ਹਨ।
ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਤੇ ਬੁਲਾਰੇ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਲੋਕਾਂ ਕੋਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਹੁੰਗਾਰੇ ਤਹਿਤ ਹੀ ਦਿੱਲੀ 'ਚ ਇਕ ਦੂਜੇ ਖ਼ਿਲਾਫ਼ ਚੋਣਾਂ ਲੜਨ ਵਾਲੇ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ ਕੇ ਵੀ ਇਕੱਠੇ ਹੋ ਗਏ ਹਨ। ਉਨ੍ਹਾਂ ਆਖਿਆ ਕਿ ਪੰਥਕ ਆਗੂਆਂ ਤੋਂ ਇਲਾਵਾ ਹੁਣ ਹੋਰ ਪੰਜਾਬ ਹਿਤੈਸ਼ੀ ਆਗੂਆਂ ਨੂੰ ਵੀ ਨਾਲ ਰਲ ਕੇ ਚੱਲਣ ਲਈ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਦਿਤਾ ਗਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਉਹ ਸ਼ਮੂਲੀਅਤ ਲਈ ਆਉਂਦੇ ਹਨ ਤਾਂ ਪਾਰਟੀ ਆਗੂ 'ਨੰਗੇ ਪੈਰੀਂ' ਉਨ੍ਹਾਂ ਨੂੰ ਲੈਣ ਲਈ ਜਾਣਗੇ।
ਉਨ੍ਹਾਂ ਆਖਿਆ ਕਿ ਸਿੱਧੂ ਨੂੰ ਪਾਰਟੀ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸੱਦਾ ਦਿੱਤਾ ਗਿਆ ਹੈ। ਸਿੱਧੂ ਨਾਲ ਸੰਪਰਕ ਕਰਨ ਲਈ ਬਕਾਇਦਾ ਡਾ. ਰਤਨ ਸਿੰਘ ਅਜਨਾਲਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸੇਖਵਾਂ ਨੇ ਆਖਿਆ ਕਿ ਉਨ੍ਹਾਂ ਇਹ ਲੜਾਈ ਇਕ ਸਿਧਾਂਤ ਨੂੰ ਲੈ ਕੇ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਦਾ ਮੰਤਵ ਪੁਰਾਤਨ ਅਕਾਲੀ ਦਲ ਨੂੰ ਸੁਰਜੀਤ ਕਰਨਾ ਅਤੇ ਸਿਧਾਂਤਾਂ ਨੂੰ ਬਹਾਲ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਤੇ ਵੀ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਾਰੇ ਇਕ ਮੰਚ 'ਤੇ ਇਕਠੇ ਹੋਣ ਲਈ ਸਹਿਮਤ ਹੋ ਗਏ ਹਨ।