ਸਿਆਸਤ ਸਿੱਧੂ ਦਾ ਲਾਫਟਰ ਸ਼ੋਅ ਨਹੀਂ : ਧਰਮਸੋਤ
Saturday, Dec 01, 2018 - 07:28 PM (IST)

ਚੰਡੀਗੜ੍ਹ/ਰਾਜਸਥਾਨ : ਨਵਜੋਤ ਸਿੱਧੂ ਵਲੋਂ ਬੀਤੇ ਦਿਨੀਂ ਮੁੱਖ ਮੰਤਰੀ ਨੂੰ ਕੈਪਟਨ ਨਾ ਮੰਨਣ ਸੰਬੰਧੀ ਦਿੱਤੇ ਬਿਆਨ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੁੱਖ ਪ੍ਰਗਟਾਇਆ ਹੈ। ਰਾਜਸਥਾਨ ਵਿਚ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਧਰਮਸੋਤ ਨੇ ਕਿਹਾ ਕਿ ਸਿਆਸਤ ਸਿੱਧੂ ਦਾ ਲਾਫਟਰ ਸ਼ੋਅ ਨਹੀਂ ਹੈ, ਇਸ ਲਈ ਸਿੱਧੂ ਨੂੰ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਧੂ ਨੂੰ ਬਗਾਵਤ ਵਾਲੀਆਂ ਗੱਲਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਬੀਤੀ ਦਿਨੀਂ ਕਾਂਗਰਸ ਦੇ ਚੋਣ ਪ੍ਰਚਾਰ ਲਈ ਤੇਲੰਗਾਨਾ ਦੌਰੇ 'ਤੇ ਗਏ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣੇ ਪਾਕਿਸਤਾਨੀ ਦੌਰੇ 'ਤੇ ਕੈਪਟਨ ਦੀ ਨਾਰਾਜ਼ਗੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਬੜੇ ਬੇਬਾਕ ਅੰਦਾਜ਼ ਨਾਲ ਕਿਹਾ ਸੀ ਕਿ 'ਕੌਣ ਕੈਪਟਨ... ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਵਲੋਂ ਲਗਾਤਾਰ 'ਤੇ ਉਨ੍ਹਾਂ 'ਤੇ ਹਮਲੇ ਬੋਲੇ ਜਾ ਰਹੇ ਹਨ।