ਕੈਪਟਨ ਨੇ ਨਵਜੋਤ ਸਿੱਧੂ ਦਾ ਵਿਭਾਗ ਬਦਲਣ ਦੇ ਦਿੱਤੇ ਸੰਕੇਤ

Thursday, May 23, 2019 - 11:34 PM (IST)

ਕੈਪਟਨ ਨੇ ਨਵਜੋਤ ਸਿੱਧੂ ਦਾ ਵਿਭਾਗ ਬਦਲਣ ਦੇ ਦਿੱਤੇ ਸੰਕੇਤ

ਜਲੰਧਰ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਲ ਬਾਡੀਜ਼ ਮੰਤਰੀ ਨਵੋਜਤ ਸਿੱਧੂ ਦਾ ਵਿਭਾਗ ਬਦਲਣ ਦੇ ਸੰਕੇਤ ਦੇ ਦਿੱਤੇ ਹਨ। ਮੁੱਖ ਮੰਤਰੀ ਨੇ ਕੁਝ ਨਿਊਜ਼ ਚੈਨਲਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਸ਼ਹਿਰੀ ਵੋਟ ਬੈਂਕ ਕਾਂਗਰਸ ਦੀ ਰੀੜ੍ਹ ਦੀ ਹੱਡੀ ਹੈ ਪਰ ਸਿੱਧੂ ਵਲੋਂ ਸ਼ਹਿਰੀ ਇਲਾਕਿਆਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਪਾਰਟੀ ਨੂੰ ਸ਼ਹਿਰੀ ਇਲਾਕਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਖੇਤਰਾਂ 'ਚ ਕਾਂਗਰਸ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ। ਜਦੋਂ ਉਨ੍ਹਾਂ ਕੋਲ ਪੁੱਛਿਆ ਗਿਆ ਕਿ ਕੀ ਪਾਰਟੀ ਹਾਈਕਮਾਨ ਸਿੱਧੂ ਦੇ ਵਿਭਾਗ ਨੂੰ ਬਦਲਣ ਲਈ ਤਿਆਰ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੁਝ ਮਹੀਨੇ ਪਹਿਲਾਂ ਇਹ ਮਾਮਲਾ ਹਾਈਕਮਾਨ ਸਾਹਮਣੇ ਉਠਾਇਆ ਸੀ ਪਰ ਹਾਈਕਮਾਨ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇਸ ਸਬੰਧ ਵਿਚ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਨਾ ਸਿਰਫ ਰਾਹੁਲ ਗਾਂਧੀ ਸਗੋਂ ਪ੍ਰਿਯੰਕਾ ਗਾਂਧੀ ਵੀ ਪੰਜਾਬ ਦੇ ਹਿੱਤ ਨੂੰ ਦੇਖਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਿੱਧੂ ਦਾ ਵਿਭਾਗ ਬਦਲਣ ਲਈ ਤਿਆਰ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹਿਰੀ ਵਿਭਾਗ ਸਿੱਧੂ ਕੋਲ ਹੈ ਅਤੇ ਸ਼ਹਿਰੀ ਖੇਤਰਾਂ 'ਚ ਕਾਂਗਰਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਸਿੱਧੂ ਸਿਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਵਿਭਾਗ ਨੂੰ ਸਹੀ ਢੰਗ ਨਾਲ ਨਹੀਂ ਸੰਭਾਲ ਰਹੇ, ਇਸ ਲਈ ਉਨ੍ਹਾਂ ਦੇ ਵਿਭਾਗ ਨੂੰ ਬਦਲਿਆ ਜਾ ਸਕਦਾ ਹੈ।


Related News